ਸਿੰਘੂ ਬਾਰਡਰ ਘਟਨਾ ਦੀ ਡੂੰਘੀ ਜਾਂਚ ਕਰਕੇ ਸੱਚ ਸਾਹਮਣੇ ਲਿਆਉਣ ਦੀ ਮੰਗ
ਲੋਕਾਂ ਨੂੰ ਸੰਘਰਸ਼ ਮੁੱਦਿਆਂ ਅਤੇ ਐਕਸ਼ਨਾਂ ‘ਤੇ ਧਿਆਨ ਕੇਂਦਰਿਤ ਰੱਖਣ ਦਾ ਸੱਦਾ..*
ਪ੍ਰਦੀਪ ਕਸਬਾ , ਬਰਨਾਲਾ, 19 ਅਕਤੂਬਰ 2021
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਕਿਹਾ ਹੈ ਕਿ ਸਿੰਘੂ ਬਾਰਡਰ ਉੱਤੇ ਇੱਕ ਨੌਜਵਾਨ ਨੂੰ ਕੋਹ ਕੋਹ ਕੇ ਕਤਲ ਕਰਨ ਦੀ ਵਾਪਰੀ ਘਟਨਾ ਬੇਹੱਦ ਨਿੰਦਣਯੋਗ ਤੇ ਅਫ਼ਸੋਸਨਾਕ ਹੈ। ਜਿਸ ਵਹਿਸ਼ੀਆਨਾ ਤਰੀਕੇ ਨਾਲ ਇਹ ਕਤਲ ਕੀਤਾ ਗਿਆ ਹੈ , ਉਸ ਨੇ ਹਰ ਇਨਸਾਫ਼ਪਸੰਦ ਵਿਅਕਤੀ ਦਾ ਹਿਰਦਾ ਵਲੂੰਧਰਿਆ ਹੈ। ਬਿਨਾਂ ਸ਼ੱਕ ਕਿਸੇ ਵੀ ਧਰਮ ਗ੍ਰੰਥ ਦੀ ਬੇਅਦਬੀ ਇਕ ਨਿੰਦਣਯੋਗ ਮਾਮਲਾ ਬਣਦਾ ਹੈ ਪਰ ਇਹ ਆਪਣੇ ਆਪ ‘ਚ ਹੀ ਕਿਸੇ ਨੂੰ ਵੀ ਇਉਂ ਖ਼ੁਦ ਹੀ ਜੱਜ ਬਣ ਕੇ ਸਜ਼ਾ ਦੇਣ ਦਾ ਅਖ਼ਤਿਆਰ ਨਹੀਂ ਦੇ ਦਿੰਦਾ। ਹਾਲਾਂਕਿ ਇਹ ਵੀ ਸਪੱਸ਼ਟ ਨਹੀਂ ਹੈ ਕਿ ਉਸ ਵਿਅਕਤੀ ਵੱਲੋਂ ਕਿਸ ਤਰ੍ਹਾਂ ਬੇਅਦਬੀ ਦੀ ਕਾਰਵਾਈ ਕੀਤੀ ਗਈ ਸੀ ਜਾਂ ਕੀਤੀ ਜਾਣੀ ਸੀ ਜਾਂ ਇਹ ਸ਼ੱਕ ਦਾ ਮਸਲਾ ਹੀ ਸੀ।
ਉਸ ਤੋਂ ਵੀ ਅੱਗੇ ਇਹ ਕਿਸ ਗ੍ਰੰਥ ਦੀ ਬੇਅਦਬੀ ਬਾਰੇ ਕਿਹਾ ਜਾ ਰਿਹਾ ਹੈ। ਪਹਿਲਾਂ ਕਹੇ ਗਏ ਗ੍ਰੰਥ ਬਾਰੇ ਤਾਂ ਸਿੱਖ ਧਰਮ ਨਾਲ ਸਬੰਧਤ ਲੋਕਾਂ ਦਾ ਬਹੁਤ ਵੱਡਾ ਹਿੱਸਾ ਜਾਣੂੰ ਹੀ ਨਹੀਂ ਹੈ। ਇਨ੍ਹਾਂ ਸਭਨਾਂ ਪੱਖਾਂ ਬਾਰੇ ਨਿਹੰਗਾਂ ਦੇ ਬਿਆਨ ਵੀ ਵੱਖਰੋ ਵੱਖਰੇ ਹਨ। ਅਜਿਹੇ ਹਾਲਾਤਾਂ ‘ਚ ਇਕ ਵਿਅਕਤੀ ਦਾ ਕਤਲ ਹੋਰ ਵੀ ਜ਼ਿਆਦਾ ਨਿਹੱਕਾ ਤੇ ਨਾਲ ਹੀ ਸ਼ੱਕੀ ਮਾਮਲਾ ਬਣ ਜਾਂਦਾ ਹੈ।
ਜਥੇਬੰਦੀ ਨੇ ਕਿਹਾ ਕਿ ਪੰਜਾਬੀ ਟ੍ਰਿਬਿਊਨ ਵੱਲੋਂ ਅੱਜ ਪ੍ਰਕਾਸ਼ਿਤ ਖ਼ਬਰ ਤੇ ਜਾਰੀ ਤਸਵੀਰ ਅਨੁਸਾਰ ਕਤਲ ਨੂੰ ਉਚਿਆਉਣ ਵਾਲਾ ਨਿਹੰਗ ਅਮਨ ਸਿੰਘ ਕੇਂਦਰੀ ਹਕੂਮਤੀ ਹਲਕਿਆਂ ‘ਚ ਵਿਚਰਦਾ ਆ ਰਿਹਾ ਹੈ ਤੇ ਉਸ ਵੱਲੋਂ ਕੇਂਦਰੀ ਮੰਤਰੀਆਂ ਤੇ ਆਗੂਆਂ ਨਾਲ ਕੀਤੀਆਂ ਮੁਲਾਕਾਤਾਂ ਸਬੂਤਾਂ ਸਮੇਤ ਸਾਹਮਣੇ ਆ ਗਈਆਂ ਹਨ। ਪੁਲੀਸ ਕੈਟ ਵਜੋਂ ਬਦਨਾਮ ਪਿੰਕੀ ਦੀ ਮੌਜੂਦਗੀ ਵੀ ਇਨ੍ਹਾਂ ਮੁਲਾਕਾਤਾਂ ਦੇ ਸਾਜ਼ਿਸ਼ੀ ਮਕਸਦਾਂ ਵੱਲ ਇਸ਼ਾਰਾ ਕਰਦੀ ਹੈ। ਪੰਜਾਬੀ ਟ੍ਰਿਬਿਊਨ ਵੱਲੋਂ ਕੀਤੇ ਗਏ ਇਹ ਤਾਜ਼ਾ ਇੰਕਸ਼ਾਫ ਇਸ ਸਮੁੱਚੇ ਘਟਨਾਕ੍ਰਮ ਨੂੰ ਹੋਰ ਵੀ ਜ਼ਿਆਦਾ ਸ਼ੱਕੀ ਬਣਾ ਦਿੰਦੇ ਹਨ।
ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਇਹ ਘਟਨਾ ਇਕ ਵਿਅਕਤੀ ਨੂੰ ਇਉਂ ਕੋਹ ਕੋਹ ਕੇ ਕਤਲ ਕਰ ਦਿੱਤੇ ਜਾਣ ਕਾਰਨ ਬੇਹੱਦ ਅਫਸੋਸਨਾਕ ਹੈ। ਨਾਲ ਹੀ ਇਹ ਕਿਸਾਨ ਸੰਘਰਸ਼ ਨੂੰ ਸਮੁੱਚੇ ਮੁਲਕ ਤੇ ਸੰਸਾਰ ਅੰਦਰ ਬਦਨਾਮ ਕੀਤੇ ਜਾਣ ਲਈ ਸਰਕਾਰ ਹੱਥ ਦਿੱਤਾ ਗਿਆ ਸਾਧਨ ਵੀ ਹੈ। ਇਸਦੀ ਆੜ ‘ਚ ਮੋਦੀ ਹਕੂਮਤ ਦੀ ਪ੍ਰਚਾਰ ਮਸ਼ੀਨਰੀ ਨੇ ਦੇਸ਼ ਭਰ ਅੰਦਰ ਸੰਘਰਸ਼ ਖ਼ਿਲਾਫ਼ ਮਾਹੌਲ ਬਣਾਉਣ ਦਾ ਯਤਨ ਕੀਤਾ ਹੈ ਤੇ ਦਿੱਲੀ ਦੇ ਬਾਰਡਰਾਂ ਉਪਰ ਧਰਨਿਆਂ ‘ਤੇ ਬੈਠੇ ਸਮੁੱਚੇ ਸੰਘਰਸ਼ਸ਼ੀਲ ਕਿਸਾਨਾਂ ਨੂੰ ਜ਼ਾਲਮਾਨਾ ਬਿਰਤੀ ਵਾਲਿਆਂ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਇਕ ਹੱਥ ਮੋਦੀ ਹਕੂਮਤ ਵੱਖ ਵੱਖ ਢੰਗਾਂ ਨਾਲ ਦਿੱਲੀ ਮੋਰਚਿਆਂ ਨੂੰ ਉਖਾੜ ਦੇਣ ਤੇ ਸੰਘਰਸ਼ ਨੂੰ ਕੁਚਲਣ ਲਈ ਰੱਸੇ ਪੈੜੇ ਵਟਣ ਲੱਗੀ ਹੋਈ ਹੈ। ਉਸ ਵੱਲੋਂ ਸੁਪਰੀਮ ਕੋਰਟ ਦਾ ਆਸਰਾ ਲੈਣ ਦਾ ਯਤਨ ਕੀਤਾ ਜਾ ਰਿਹਾ ਹੈ।
ਦੂਜੇ ਪਾਸੇ ਲਖੀਮਪੁਰ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਐਕਸ਼ਨ ਚੱਲ ਰਹੇ ਹਨ ਅਤੇ ਦੁਨੀਆਂ ਭਰ ਅੰਦਰ ਮੋਦੀ ਸਰਕਾਰ ਦੀ ਇਸ ਜ਼ਾਲਮਾਨਾ ਕਾਰਵਾਈ ਦੀ ਨਿੰਦਾ ਹੋ ਰਹੀ ਹੈ। ਅਜਿਹੇ ਸਮੇਂ ਇਹ ਘਟਨਾ ਲੋਕਾਂ ਦਾ ਧਿਆਨ ਭਟਕਾਉਣ ਦਾ ਜ਼ਰੀਆ ਵੀ ਬਣੀ ਹੈ।
ਇਸ ਸਮੁੱਚੇ ਘਟਨਾਕ੍ਰਮ ਨੇ ਫਿਰ ਦਿਖਾਇਆ ਹੈ ਕਿ ਕਿਸੇ ਧਾਰਮਿਕ ਜਥੇਬੰਦੀ ਦੀ ਇਉਂ ਮੋਰਚੇ ਕੋਲ ਮੌਜੂਦਗੀ ਪੂਰੀ ਤਰ੍ਹਾਂ ਗੈਰ-ਵਾਜਬ ਹੈ। ਅਜਿਹੀ ਮੌਜੂਦਗੀ ਨਾ ਸਿਰਫ਼ ਸੰਘਰਸ਼ ਦੀ ਦਿੱਖ ਵਿਸ਼ੇਸ਼ ਧਾਰਮਕ ਫ਼ਿਰਕੇ ਦੇ ਸੰਘਰਸ਼ ਦੀ ਬਣਾਉਂਦੀ ਹੈ ਤੇ ਸਮੁੱਚੀ ਕਿਸਾਨੀ ਦੇ ਸੰਘਰਸ਼ ਦੀ ਅਸਲੀਅਤ ਨੂੰ ਫਿੱਕੀ ਪਾਉਂਦੀ ਹੈ। ਇਹ ਮੌਜੂਦਗੀ ਧਾਰਮਿਕ ਮਸਲਿਆਂ ਨੂੰ ਸੰਘਰਸ਼ ਦੇ ਮੰਚ ‘ਤੇ ਲਿਆਉਣ ਦਾ ਜ਼ਰੀਆ ਬਣਦੀ ਹੈ। ਹਕੂਮਤ ਨੂੰ ਧਰਮ ਦੀ ਆੜ ‘ਚ ਸਾਜ਼ਿਸ਼ਾਂ ਰਚਣ ਲਈ ਗੁੰਜਾਇਸ਼ਾਂ ਦਿੰਦੀ ਹੈ। ਜਥੇਬੰਦੀ ਪਹਿਲਾਂ ਵੀ ਇਹ ਜ਼ੋਰ ਦਿੰਦੀ ਆ ਰਹੀ ਹੈ ਕਿ ਜਿਸ ਫ਼ਿਰਕੂ ਫਾਸ਼ੀ ਮੋਦੀ ਸਰਕਾਰ ਨਾਲ ਕਿਸਾਨਾਂ ਦਾ ਮੱਥਾ ਲੱਗਿਆ ਹੋਇਆ ਹੈ , ਉਹ ਧਰਮ ਦੀ ਆੜ ‘ਚ ਲੋਕ ਦੋਖੀ ਸਿਆਸਤ ਕਰਨ ਦੀ ਖਿਡਾਰੀ ਹੈ ਤੇ ਉਸ ਨੂੰ ਸੰਘਰਸ਼ ਦੀ ਧਾਰਮਿਕ ਦਿੱਖ ਰਾਸ ਬੈਠਦੀ ਹੈ ਤਾਂ ਕਿ ਸੰਘਰਸ਼ ਨੂੰ ਸੰਸਾਰ ਸਾਹਮਣੇ ਮਨਚਾਹੇ ਢੰਗ ਨਾਲ ਪੇਸ਼ ਕਰ ਸਕੇ, ਜੂਝਦੇ ਕਿਸਾਨਾਂ ਚ ਫੁੱਟ ਪਾ ਸਕੇ ਤੇ ਇਸ ਨੂੰ ਖਿੰਡਾ ਸਕੇ। 26 ਜਨਵਰੀ ਨੂੰ ਲਾਲ ਕਿਲ੍ਹੇ ਦੀਆਂ ਘਟਨਾਵਾਂ ਨੂੰ ਵੀ ਇਉਂ ਹੀ ਵਰਤਣ ਦੀ ਕੋਸ਼ਿਸ਼ ਕੀਤੀ ਗਈ ਸੀ।
ਇਸ ਘਟਨਾ ਨੇ ਫਿਰ ਦਿਖਾਇਆ ਹੈ ਕਿ ਕਿਸਾਨ ਸੰਘਰਸ਼ ਦੇ ਧਰਮ ਨਿਰਲੇਪ ਸੰਘਰਸ਼ ਰਹਿਣ ਦੀ ਕਿੰਨੀ ਜ਼ਿਆਦਾ ਜ਼ਰੂਰਤ ਹੈ। ਧਾਰਮਕ ਮੁੱਦਿਆਂ ਨੂੰ ਕਿਸਾਨ ਸੰਘਰਸ਼ ਤੋਂ ਪਾਸੇ ਰੱਖਣਾ ਕਿਉਂ ਜ਼ਰੂਰੀ ਹੈ।
ਜਥੇਬੰਦੀ ਦੇ ਦੋਹਾਂ ਪ੍ਰਮੁੱਖ ਆਗੂਆਂ ਨੇ ਕਿਹਾ ਨਿਹੰਗ ਜਥੇਬੰਦੀਆਂ ਕਦੇ ਵੀ ਸੰਘਰਸ਼ਸ਼ੀਲ ਕਿਸਾਨ ਪਲੇਟਫਾਰਮ ਦਾ ਹਿੱਸਾ ਨਹੀਂ ਸਨ ਤੇ ਨਾ ਹੀ ਹੁਣ ਹਨ। ਉਹ ਆਪਣੇ ਤੌਰ ‘ਤੇ ਇੱਥੇ ਬੈਠੇ ਹੋਏ ਹਨ। ਉਨ੍ਹਾਂ ਕਿਹਾ ਕਿ ਕਤਲ ਕੀਤੇ ਗਏ ਵਿਅਕਤੀ ਬਾਰੇ ਵੱਖ ਵੱਖ ਤਰ੍ਹਾਂ ਦੇ ਖੁਲਾਸੇ ਪੁਲੀਸ ਵੱਲੋਂ ਮਾਮਲੇ ਦੀ ਡੂੰਘੀ ਪੜਤਾਲ ਤੱਕ ਜਾਣ ਦੀ ਮੰਗ ਕਰਦੇ ਹਨ ਤੇ ਇਸ ਸਮੁੱਚੇ ਘਟਨਾਕ੍ਰਮ ਦੀ ਸਮੁੱਚੀ ਤਸਵੀਰ ਲੋਕਾਂ ਸਾਹਮਣੇ ਰੱਖਣ ਦੀ ਮੰਗ ਕਰਦੇ ਹਨ। ਸਰਕਾਰ ਨੂੰ ਪਹਿਲਾਂ ਕਹੀ ਜਾ ਰਹੀ ਬੇਅਦਬੀ ਹੋਣ ਜਾਂ ਨਾ ਹੋਈ ਹੋਣ ਬਾਰੇ ਵੀ ਅਤੇ ਕਤਲ ਕੀਤੇ ਗਏ ਵਿਅਕਤੀ ਬਾਰੇ ਵੀ ਅਸਲ ਤੱਥ ਲੋਕਾਂ ਸਾਹਮਣੇ ਲਿਆਉਣੇ ਚਾਹੀਦੇ ਹਨ। ਅਮਨ ਸਿੰਘ ਦੀ ਹਕੂਮਤੀ ਹਲਕਿਆਂ ਤੱਕ ਪਹੁੰਚ ਵੀ ਹੁਣ ਕੇਂਦਰੀ ਹਕੂਮਤ ਨੂੰ ਕਟਹਿਰੇ ਚ ਖੜ੍ਹੀ ਕਰ ਰਹੀ ਹੈ। ਇਨ੍ਹਾਂ ਸਭ ਸਾਜ਼ਿਸ਼ਾਂ ਤੋਂ ਪਰਦਾ ਨਿਰਪੱਖ ਜਾਂਚ ਪੜਤਾਲ ਰਾਹੀਂ ਹੀ ਚੁੱਕਿਆ ਜਾ ਸਕਦਾ ਹੈ।
ਕਿਸਾਨ ਸੰਘਰਸ਼ ਨੂੰ ਆਪਣੇ ਫ਼ਿਰਕੂ ਮਕਸਦਾਂ ਦਾ ਹੱਥਾ ਬਣਾਉਣਾ ਚਾਹੁੰਦੀਆਂ ਸੰਘਰਸ਼ ਵਿਰੋਧੀ ਤਾਕਤਾਂ ਦੀ ਅਸਲੀਅਤ ਪਹਿਲਾਂ ਹੀ ਲੋਕਾਂ ਸਾਹਮਣੇ ਆ ਚੁੱਕੀ ਹੈ ਤੇ ਉਹ ਲੋਕਾਂ ‘ਚੋਂ ਬੁਰੀ ਤਰ੍ਹਾਂ ਨਿੱਖੜ ਚੁੱਕੀਆਂ ਹਨ। ਲਾਲ ਕਿਲ੍ਹੇ ‘ਤੇ ਧਾਰਮਕ ਝੰਡਾ ਝੁਲਾਉਣ ਦੀ ਫ਼ਿਰਕੂ ਕਾਰਵਾਈ ਰਾਹੀਂ ਉਨ੍ਹਾਂ ਨੇ ਇੱਕ ਫ਼ਿਰਕੂ ਬਿਰਤਾਂਤ ਖੜ੍ਹਾ ਕਰਨ ਦਾ ਯਤਨ ਕੀਤਾ ਸੀ ਹੁਣ ਇਸ ਘਟਨਾ ਦੀ ਆੜ੍ਹ ਵਿੱਚ ਉਹ ਫਿਰ ਆਪਣੇ ਫਿਰਕੂ ਬਿਰਤਾਂਤ ਨੂੰ ਜਿਉਂਦਾ ਕਰਨ ਦੇ ਨਾਪਾਕ ਮਨਸੂਬੇ ਜ਼ਾਹਿਰ ਕਰ ਰਹੀਆਂ ਹਨ ਤੇ ਮੁੜ ਕਿਸਾਨ ਲੀਡਰਸ਼ਿਪ ਖ਼ਿਲਾਫ਼ ਜ਼ਹਿਰੀ ਪ੍ਰਚਾਰ ਦੀ ਮੁਹਿੰਮ ਚਲਾ ਰਹੀਆਂ ਹਨ। ਫਿਰ ਤੋਂ ਕਾਮਰੇਡਾਂ ਤੇ ਸਿੱਖਾਂ ਦੇ ਟਕਰਾਅ ਦਾ ਨਿਰ-ਆਧਾਰ ਬਿਰਤਾਂਤ ਖੜ੍ਹਾ ਕਰਨ ਦਾ ਯਤਨ ਕਰ ਰਹੀਆਂ ਹਨ। ਉਨ੍ਹਾਂ ਨੇ ਸੱਦਾ ਦਿੱਤਾ ਕਿ ਸੰਘਰਸ਼ਸ਼ੀਲ ਕਿਸਾਨਾਂ ਤੇ ਸਭਨਾਂ ਸੰਘਰਸ਼ ਹਿਤੈਸ਼ੀਆਂ ਨੂੰ ਅਜਿਹੀਆਂ ਪਾਟਕ-ਪਾਊ ਤੇ ਭਰਮਾਊ ਪ੍ਰਚਾਰ ਮੁਹਿੰਮਾਂ ਦਾ ਸਖ਼ਤ ਨੋਟਿਸ ਲੈਣਾ ਚਾਹੀਦਾ ਹੈ ਤੇ ਅਜਿਹੇ ਅਨਸਰਾਂ ਨੂੰ ਸਖਤੀ ਨਾਲ ਵਰਜਣਾ ਚਾਹੀਦਾ ਹੈ।
ਆਪਣਾ ਸਾਰਾ ਧਿਆਨ ਸੰਘਰਸ਼ ਸੱਦਿਆਂ ਨੂੰ ਸਫ਼ਲਤਾ ਨਾਲ ਲਾਗੂ ਕਰਨ ‘ਤੇ ਕੇਂਦਰਿਤ ਕਰਨਾ ਚਾਹੀਦਾ ਹੈ। ਲਖੀਮਪੁਰ ਖੀਰੀ ਦੇ ਸ਼ਹੀਦ ਹੋਏ ਇਨਸਾਨਾਂ ਲਈ ਇਨਸਾਫ਼ ਦਾ ਹੱਕ ਲੈਣ ਦੇ ਫੌਰੀ ਸਰੋਕਾਰਾਂ ਅਤੇ ਸੰਘਰਸ਼ ਮੁੱਦਿਆਂ ਨੂੰ ਧਿਆਨ ਦੇ ਕੇਂਦਰ ‘ਚ ਰੱਖਣਾ ਚਾਹੀਦਾ ਹੈ। ਮੋਰਚੇ ਅੰਦਰ ਪਾਟਕ ਪਾਉਣ ਦੇ ਹਰ ਤਰ੍ਹਾਂ ਦੇ ਮਨਸੂਬੇ ਇਕਜੁੱਟ ਰਹਿ ਕੇ ਪਛਾੜਨੇ ਚਾਹੀਦੇ ਹਨ।