ਬੇਮਿਸਾਲ ਹੁੰਗਾਰੇ ਵਾਲਾ ਰੇਲ ਰੋਕੋ ਪ੍ਰੋਗਰਾਮ ਪੂਰੀ ਤਰ੍ਹਾਂ ਸ਼ਾਂਤਮਈ ਵੀ ਰਿਹਾ; ਅੰਦੋਲਨ ਦੀ ਪੁਖਤਗੀ ‘ਤੇ ਇਕ ਹੋਰ ਮੋਹਰ: ਕਿਸਾਨ ਆਗੂ

Advertisement
Spread information

ਬੇਮਿਸਾਲ ਹੁੰਗਾਰੇ ਵਾਲਾ ਰੇਲ ਰੋਕੋ ਪ੍ਰੋਗਰਾਮ ਪੂਰੀ ਤਰ੍ਹਾਂ ਸ਼ਾਂਤਮਈ ਵੀ ਰਿਹਾ; ਅੰਦੋਲਨ ਦੀ ਪੁਖਤਗੀ ‘ਤੇ ਇਕ ਹੋਰ ਮੋਹਰ: ਕਿਸਾਨ ਆਗੂ

* ਦੀਪ ਸਿੱਧੂ ਵੱਲੋਂ ਡਾਕਟਰ ਸਵਰਾਜਬੀਰ ਵਿਰੁੱਧ ਕੀਤੇ ਸ਼ਬਦੀ ਹਮਲੇ ਦੀ ਸਖਤ ਨਿਖੇਧੀ ਕੀਤੀ; ਦੋਵੇਂ ਹੱਥ ਖੜ੍ਹੇ ਕਰਕੇ ਸਿੱਧੂ ਵਿਰੁੱਧ ਮਤਾ ਪਾਸ ਕੀਤਾ।

* ਨਿਹੰਗ ਜਥੇਬੰਦੀਆਂ ਦੇ ਬੀਜੇਪੀ ਨਾਲ ਕਰੀਬੀ ਰਿਸ਼ਤੇ ਜੱਗ-ਜਾਹਰ ਹੋਏ; 26 ਜਨਵਰੀ ਦੀ ਘਟਨਾ ਦੇ ਝਲਕਾਰੇ ਪਏ: ਕਿਸਾਨ ਆਗੂ


 

ਪਰਦੀਪ ਕਸਬਾ  , ਬਰਨਾਲਾ:  19 ਅਕਤੂਬਰ, 2021

   ਬੱਤੀ ਜਥੇਬੰਦੀਆਂ ‘ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 384 ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਬੁਲਾਰਿਆਂ ਨੇ ਕਿਹਾ ਸੰਯੁਕਤ ਕਿਸਾਨ ਮੋਰਚੇ ਦੇ ਰੇਲ ਰੋਕੋ ਪ੍ਰੋਗਰਾਮ ਨੂੰ ਸਿਰਫ ਬੇਮਿਸਾਲ ਹੁੰਗਾਰਾ ਹੀ ਮਿਲਿਆ ਸਗੋਂ ਇਹ ਪੂਰੀ ਤਰ੍ਹਾਂ ਸ਼ਾਤਮਈ ਵੀ ਰਿਹਾ। ਜਿਥੇ ਇਕ ਪਾਸੇ ਇਸ ਹੁੰਗਾਰੇ ਕਾਰਨ ਅੰਦੋਲਨਕਾਰੀਆਂ ਦੇ ਹੌਂਸਲੇ ਹੋਰ ਬੁਲੰਦ ਹੋਏ ਉਥੇ ਦੂਸਰੀ ਤਰਫ ਸਾਡੇ ਅੰਦੋਲਨ ਦੀ ਪੁਖਤਗੀ ਉਪਰ ਇੱਕ ਵਾਰ ਫਿਰ ਮੋਹਰ ਲੱਗੀ ਹੈ।

Advertisement

  ਬੁਲਾਰਿਆਂ ਨੇ  ਅੱਜ ਦੀਪ ਸਿੱਧੂ ਵੱਲੋਂ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਡਾਕਟਰ ਸਵਰਾਜਬੀਰ ਵਿਰੁੱਧ ਕੀਤੇ ਸ਼ਬਦੀ ਹਮਲਿਆਂ ਦੀ ਸਖਤ ਨਿਖੇਧੀ ਕੀਤੀ। ਆਗੂਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਦੇ ਸ਼ੁਰੂ ਤੋਂ ਦੀਪ ਸਿੱਧੂ ਦਾ ਕਿਰਦਾਰ ਸ਼ੱਕੀ ਰਿਹਾ ਹੈ। 26 ਜਨਵਰੀ ਦੀ ਲਾਲ ਕਿਲ੍ਹਾ ਘਟਨਾ ਨੇ ਕਿਸਾਨ ਅੰਦੋਲਨ ਨੂੰ ਬਹੁਤ ਵੱਡੀ ਢਾਹ ਲਾਈ ਸੀ ਅਤੇ ਦੀਪ ਸਿੱਧੂ ਦੀ ਇਸ ਘਟਨਾ ਵਿੱਚ ਪ੍ਰਮੁੱਖ ਭੂਮਿਕਾ ਰਹੀ ਸੀ। ਧਰਨਾਕਾਰੀਆਂ ਨੇ ਸਿੱਧੂ ਦੀ ਇਸ ਕਾਰਵਾਈ ਵਿਰੁੱਧ ਮਤਾ ਕਰਦੇ ਹੋਏ ਉਸ ਨੂੰ  ਡਾਕਟਰ ਸਵਰਾਜਬੀਰ ਵਿਰੁੱਧ ਬੋਲਣ ਅਤੇ ਅੰਦੋਲਨ ਵਿਰੋਧੀ ਕਾਰਵਾਈਆਂ ਤੋਂ ਬਾਝ ਆਉਣ ਦੀ ਚਿਤਾਵਨੀ ਦਿੱਤੀ।

  ਬੁਲਾਰਿਆਂ ਨੇ ਅੱਜ ਦੀ ਅਖਬਾਰਾਂ ਰਾਹੀਂ ਇੱਕ ਨਿਹੰਗ ਆਗੂ ਦੇ ਬੀਜੇਪੀ ਨੇਤਾਵਾਂ ਨਾਲ ਜੱਗ-ਜਾਹਰ ਹੋਏ ਕਰੀਬੀ ਰਿਸ਼ਤਿਆਂ ਬਾਰੇ ਵੀ ਗੱਲ ਕੀਤੀ। ਆਗੂਆਂ ਨੇ ਕਿਹਾ ਕਿ ਨਿਹੰਗ ਜਥੇਬੰਦੀਆਂ ਨਾਲ ਸਾਡਾ ਕੋਈ ਸਬੰਧ ਨਹੀਂ ਅਤੇ ਉਨ੍ਹਾਂ ਵੱਲੋਂ ਕੀਤੀ ਕਾਲੀ ਕਰਤੂਤ ਨੂੰ ਲੈ ਕੇ ਸਾਡੇ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਨਿਹੰਗ ਆਗੂ ਬੀਜੇਪੀ ਨੇਤਾਵਾਂ ਦੇ ਹੱਥਾਂ ਵਿੱਚ ਨਾ ਖੇਡਣ ਅਤੇ ਮੋਰਚੇ ਦੀ ਲੀਡਰਸ਼ਿਪ ਵਿਰੁੱਧ ਅਨਾਪ-ਸ਼ਨਾਪ ਬੋਲਣਾ ਬੰਦ ਕਰਨ।

  ਅੱਜ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਨਛੱਤਰ ਸਿੰਘ ਸਹੌਰ, ਨਰੈਣ ਦੱਤ,ਉਜਾਗਰ ਸਿੰਘ ਬੀਹਲਾ, ਬਲਜੀਤ ਸਿੰਘ ਚੌਹਾਨਕੇ, ਮੇਲਾ ਸਿੰਘ ਕੱਟੂ, ਪ੍ਰੇਮਪਾਲ ਕੌਰ, ਬਾਬੂ ਸਿੰਘ ਖੁੱਡੀ, ਬਲਵੰਤ ਸਿੰਘ ਠੀਕਰੀਵਾਲਾ, ਬਲਜੀਤ ਕੌਰ ਫਰਵਾਹੀ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਡੀਜ਼ਲ ਦੇ ਨਿੱਤ ਵਧਦੇ ਰੇਟਾਂ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਇਸ ਮਹਿੰਗਾਈ ਨੂੰ ਖੇਤੀ  ਲਈ ਬਹੁਤ ਘਾਤਕ ਦੱਸਿਆ। ਆਗੂਆਂ ਨੇ ਕਿਹਾ ਕਿ ਖਾਦ, ਬੀਜਾਂ,ਮਸ਼ੀਨਰੀ, ਕੀੜੇਮਾਰ ਦਵਾਈਆਂ ਤੇ ਡੀਜ਼ਲ ਦੀ ਮਹਿੰਗਾਈ ਨੇ ਖੇਤੀ ਦੇ ਕਿੱਤੇ ਨੂੰ ਬਹੁਤ ਖਰਚੀਲਾ ਬਣਾ ਦਿੱਤਾ ਹੈ।ਟ੍ਰੈਕਟਰ ਤੇ ਖੇਤੀ ਮਸ਼ੀਨਰੀ ਵਰਤਣਾ ਮੁਹਾਲ ਹੋ ਗਿਆ ਹੈ। ਆਗੂਆਂ ਨੇ ਮੰਗ ਕੀਤੀ ਕਿ ਸਰਕਾਰ  ਕਿਸਾਨਾਂ ਨੂੰ ਡੀਜ਼ਲ ‘ਤੇ ਵਿਸ਼ੇਸ਼ ਸਬਸਿਡੀ ਦੇਵੇ ਅਤੇ ਟੈਕਸ ਘੱਟ ਕਰਕੇ ਸਾਰੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਘੱਟ ਕਰੇ।

   ਉਧਰ ਰਿਲਾਇੰਸ ਮਾਲ ਬਰਨਾਲਾ ਮੂਹਰੇ ਲੱਗਿਆ ਹੋਇਆ ਧਰਨਾ ਵੀ ਪੂਰੇ ਜੋਸ਼ੋ- ਖਰੋਸ਼ ਨਾਲ ਜਾਰੀ ਰਿਹਾ। ਧਰਨੇ ਨੂੰ ਮੇਜਰ ਸਿੰਘ, ਮੱਘਰ ਸਿੰਘ, ਦਲੀਪ ਸਿੰਘ, ਬਲਵਿੰਦਰ ਸਿੰਘ, ਨਾਜਰ ਸਿੰਘ ਤੇ ਮਿੱਠੂ ਸਿੰਘ ਨੇ ਸੰਬੋਧਨ ਕੀਤਾ।

  ਅੱਜ ਗੁਰਦੁਆਰਾ ਸਾਹਿਬ ਕਾਲਾ ਮਹਿਰ ਦੀ ਪ੍ਰਬੰਧਕੀ ਕਮੇਟੀ ਨੇ ਲੰਗਰ ਦੀ ਸੇਵਾ ਨਿਭਾਈ । ਅੱਜ ਰਾਜਵਿੰਦਰ ਸਿੰਘ ਮੱਲੀ ਦੇ ਕਵੀਸ਼ਰੀ ਜਥੇ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਪ੍ਰਸੰਗ ਗਾ ਕੇ ਸੰਗਤਾਂ ਨੂੰ ਪੰਜਾਬ ਦੇ ਇਨਕਲਾਬੀ  ਵਿਰਸੇ ਨਾਲ ਜੋੜ੍ਹਿਆ।

Advertisement
Advertisement
Advertisement
Advertisement
Advertisement
error: Content is protected !!