ਪੁਲਿਸ ਅਧਿਕਾਰੀਆਂ ਦੀਆਂ ਬਦਲੀਆਂ ਦੀ ਸਰਕਾਰ ਨੇ ਲਾਈ ਹਾਫ ਸੈਂਚਰੀ , 14 ਜਿਲ੍ਹਿਆਂ ਦੇ S S P ਬਦਲੇ
ਆਈ. ਜੀ. ਪਟਿਆਲਾ ਰੇਂਜ ਤੂਰ ਦੀ ਥਾਂ ਮੁਖਵਿੰਦਰ ਸਿੰਘ ਛੀਨਾ ਨੇ ਸੰਭਾਲੀ
ਏ.ਐਸ. ਅਰਸ਼ੀ , ਚੰਡੀਗੜ੍ਹ 14 ਅਕਤੂਬਰ 2021
ਪੰਜਾਬ ਸਰਕਾਰ ਦੀ ਕਮਾਨ ਮੁੱਖ ਮੰਤਰੀ ਵਜੋਂ ਚਰਨਜੀਤ ਸਿੰਘ ਚੰਨੀ ਦੇ ਹੱਥ ਆਉਣ ਤੋਂ ਬਾਅਦ ਪਹਿਲੀ ਵਾਰ ਸਰਕਾਰ ਨੇ ਪੁਲਿਸ ਵਿਭਾਗ ਵਿੱਚ ਵੱਡਾ ਫੇਰਬਦਲ ਕਰਦਿਆਂ ਅਧਿਕਾਰੀਆਂ ਦੀਆਂ ਬਦਲੀਆਂ ਦੀ ਹਾਫ ਸੈਂਚਰੀ ਲਗਾ ਦਿੱਤੀ ਹੈ। ਲੰਘੀ ਦੇਰ ਰਾਤ ਜ਼ਾਰੀ ਹੁਕਮਾਂ ਅਨੁਸਾਰ ਪੰਜਾਬ ਦੇ 14 ਜਿਲ੍ਹਿਆਂ ਦੇ ਐਸ.ਐਸ.ਪੀ. ਬਦਲ ਦਿੱਤੇ ਗਏ ਹਨ। ਕਈ ਰੇਂਜਾਂ ਦੇ ਆਈ.ਜੀ ਵੀ ਇੱਧਰੋਂ-ਉੱਧਰ ਭੇਜੇ ਗਏ ਹਨ। ਨਿਯੁਕਤੀ ਦੀ ਉਡੀਕ ਵਿੱਚ ਬੈਠੇ ਕਈ ਅਧਿਕਾਰੀਆਂ ਦੀ ਚੰਗੀ ਪੋਸਟਿੰਗ ਹੋਣ ਨਾਲ ਲਾਟਰੀ ਖੁੱਲ੍ਹ ਗਈ ਹੈ, ਜਦੋਂ ਕਿ ਚੰਗੀਆਂ ਥਾਂਵਾ ਤੇ ਨਿਯੁਕਤ ਕਈ ਅਧਿਕਾਰੀਆਂ ਨੂੰ ਨੁੱਕਰੇ ਵੀ ਲਗਾ ਦਿੱਤਾ ਗਿਆ ਹੈ। ਬਰਨਾਲਾ ਜਿਲ੍ਹੇ ਦੇ ਐਸ.ਐਸ.ਪੀ. ਭਾਗੀਰਥ ਸਿੰਘ ਮੀਨਾ ਦੀ ਥਾਂ ਤੇ ਆਪਣੇ ਕੰਮ ਢੰਗ ਅਤੇ ਸਖਤ ਮਿਹਨਤ ਸਦਕਾ ਸੁਰਖੀਆਂ ਵਿੱਚ ਰਹਿਣ ਵਾਲੀ ਕੁਸ਼ਲ ਪ੍ਰਸ਼ਾਸ਼ਨਿਕ ਅਧਿਕਾਰੀ ਆਈ.ਪੀ.ਐਸ. ਅਲਕਾ ਮੀਨਾ ਨੂੰ ਐਸ.ਐਸ.ਪੀ. ਲਗਾਇਆ ਗਿਆ ਹੈ। ਆਈ.ਪੀ.ਐਸ. ਅਲਕਾ ਮੀਨਾ ਦੇ ਪਤੀ ਕੁਮਾਰ ਅਮਿਤ ਵੀ ਬਹੁਤ ਹੀ ਚੰਗੀ ਛਬੀ ਦੇ ਆਈ.ਏ.ਐਸ. ਅਧਿਕਾਰੀ ਹਨ, ਜਿੰਨ੍ਹਾਂ ਦੇ ਨਾਮ ਪਟਿਆਲਾ ਜਿਲ੍ਹੇ ਦੇ ਸਭ ਤੋਂ ਲੰਬਾ ਸਮਾਂ ਡਿਪਟੀ ਕਮਿਸ਼ਨਰ ਰਹਿਣ ਦਾ ਰਿਕਾਰਡ ਬਣਿਆ ਹੈ।
ਪੰਜਾਬ ਪੁਲਿਸ ਦੇ ਸਾਬਕਾ ਡੀ.ਜੀ.ਪੀ ਮਹਿਲ ਸਿੰਘ ਭੁੱਲਰ ਦੇ ਬੇਟੇ ਅਤੇ ਧੜ੍ਹਲੇਦਾਰ ਪੁਲਿਸ ਅਫਸਰ ਦੇ ਤੌਰ ਤੇ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਵਿੱਚ ਵਿਲੱਖਣ ਢੰਗ ਨਾਲ ਕੰਮ ਕਰਕੇ, ਆਪਣੀ ਨਿਵੇਕਲੀ ਪਹਿਚਾਣ ਬਣਾ ਕੇ ਰੱਖਣ ਵਾਲੇ ਆਈ.ਪੀ.ਐਸ ਹਰਚਰਨ ਸਿੰਘ ਭੁੱਲਰ ਨੂੰ ਪਟਿਆਲਾ ਜਿਲ੍ਹੇ ਦਾ ਪੁਲਿਸ ਮੁਖੀ ਨਿਯੁਕਤ ਕੀਤਾ ਗਿਆ ਹੈ। ਹਰਚਰਨ ਸਿੰਘ ਭੁੱਲਰ , ਪਹਿਲੀ ਵਾਰ ਬਰਨਾਲਾ ਜਿਲ੍ਹੇ ਵਿੱਚ ਬਤੌਰ ਪੁਲਿਸ ਮੁਖੀ ਤਾਇਨਾਤ ਹੋਏ, ਫਿਰ ਸੰਗਰੂਰ, ਖੰਨਾ, ਫਤਹਿਗੜ੍ਹ ਸਾਹਿਬ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ,ਮੋਹਾਲੀ ਆਦਿ ਜਿਲ੍ਹਿਆਂ ਦੇ ਪੁਲਿਸ ਕਪਤਾਨ ਵਜੋਂ ਕਾਫੀ ਨਾਮਣਾ ਖੱਟ ਚੁੱਕੇ ਹਨ। ਹੁਣ ਕੁੱਝ ਸਮੇਂ ਤੋਂ ਭੁੱਲਰ ਵਿਜੀਲੈਂਸ ਬਿਊਰੋ ਪੰਜਾਬ ਦੇ ਜੁਆਇੰਟ ਡਾਇਰੈਕਟਰ ਐਡਮਿਨ ਦੇ ਤੌਰ ਤੇ ਤਾਇਨਾਤ ਰਹੇ ਹਨ। ਹਰਚਰਨ ਸਿੰਘ ਭੁੱਲਰ, ਆਲ ਇੰਡੀਆ ਗੱਤਕਾ ਐਸੋਸੀਏਸ਼ਨ ਦੇ ਸੰਸਥਾਪਕ ਪ੍ਰਧਾਨ ਵੀ ਹਨ।
ਇਸੇ ਤਰਾਂ ਪਟਿਆਲਾ ਦੇ ਐਸ.ਐਸ.ਪੀ ਸੰਦੀਪ ਗਰਗ ਨੂੰ ਮਾਨਸਾ , ਐਸ.ਪੀ. ਰੂਲਰ SAS ਨਗਰ ਰਵਜੋਤ ਗਰੇਵਾਲ ਨੂੰ ਦਾ ਐਸਐਸਪੀ ਮਲੇਰਕੋਟਲਾ ,ਮਲੇਰਕੋਟਲਾ ਦੀ ਐਸ.ਐਸ.ਪੀ ਕੰਵਰਦੀਪ ਕੌਰ ਨੂੰ ਐਸ.ਬੀ.ਐਸ ਨਗਰ ਦੀ ਐਸਐਸਪੀ, ਐਸ.ਪੀ. ਸਿਟੀ ਪਟਿਆਲਾ ਵਰੁਣ ਸ਼ਰਮਾ ਨੂੰ ਐਸਐਸਪੀ ਫਰੀਦਕੋਟ , ਰਾਕੇਸ਼ ਕੌਸ਼ਲ ਨੂੰ ਐਸਐਸਪੀ ਅਮ੍ਰਿਤਸਰ ਦਿਹਾਤੀ,ਮੁਖਵਿੰਦਰ ਸਿੰਘ ਭੁੱਲਰ ਨੂੰ ਐਸ.ਐਸ.ਪੀ ਬਟਾਲਾ ਸੁਰਿੰਦਰਜੀਤ ਸਿੰਘ ਮੰਡ ਨੂੰ ਐਸ.ਐਸ.ਪੀ ਮੋਗਾ , ਸਰਬਜੀਤ ਸਿੰਘ ਨੂੰ ਐਸਐਸਪੀ ਸ੍ਰੀ ਮੁਕਤਸਰ ਸਾਹਿਬ, ਹਰਵਿੰਦਰ ਸਿੰਘ ਵਿਰਕ ਨੂੰ ਐਸਐਸਪੀ ਤਰਨਤਾਰਨ ,ਰਾਜਬਚਨ ਸਿੰਘ ਸੰਧੂ ਨੂੰ ਐਸਐਸਪੀ ਦਿਹਾਤੀ ਲੁਧਿਆਣਾ, ਕੁਲਵੰਤ ਸਿੰਘ ਹੀਰ ਨੂੰ ਐਸਐਸਪੀ ਹੁਸ਼ਿਆਰਪੁਰ , ਤਾਇਨਾਤ ਕੀਤਾ ਹੈ।
ਅਧਿਕਾਰੀਆਂ ਦੀਆਂ ਨਿਯੁਕਤੀਆਂ/ ਤਾਇਨਾਤੀਆਂ ਦੀ ਸੂਚੀ ਪੜ੍ਹੋ