ਪਲਾਟ ਵੰਡਣ ਸਬੰਧੀ ਜਾਰੀ ਹਦਾਇਤਾਂ ਦੀ ਪੰਚਾਇਤਾਂ ਵੱਲੋਂ ਉਲੰਘਣਾ, ਵਿਤਕਰੇਬਾਜ਼ੀ ਅਤੇ ਧੱਕੇਸ਼ਾਹੀ ਕਰਨ ਖ਼ਿਲਾਫ਼ ਮਜ਼ਦੂਰਾਂ ਨੇ ਕੀਤਾ ਰੋਸ ਮਾਰਚ
ਹਰਪ੍ਰੀਤ ਕੌਰ ਬਬਲੀ, ਸੰਗਰੂਰ , 8 ਅਕਤੂਬਰ 2021
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਵੱਲੋਂ ਅੱਜ ਜ਼ਿਲ੍ਹਾ ਸੰਗਰੂਰ ਵਿਖੇ ਪੰਜ ਪੰਜ ਮਰਲੇ ਪਲਾਟ ਵੰਡਣ ਸਬੰਧੀ ਜਾਰੀ ਹੋਈ ਹਦਾਇਤਾਂ ਦੀ ਪੰਚਾਇਤਾਂ ਵੱਲੋਂ ਉਲੰਘਣਾ, ਵਿਤਕਰੇਬਾਜ਼ੀ ਅਤੇ ਧੱਕੇਸ਼ਾਹੀ ਕਰਨ ਖ਼ਿਲਾਫ਼ ਬਨਾਸਰ ਬਾਗ ਵਿਖੇ ਠਾਠਾਂ ਮਾਰਦੇ ਇਕੱਠ ਉਪਰੰਤ ਸ਼ਹਿਰ ਵਿੱਚ ਰੋਸ ਮਾਰਚ ਕਰਕੇ ਡੀ ਸੀ ਦਫਤਰ ਸੰਗਰੂਰ ਮੂਹਰੇ ਧਰਨਾ ਲਗਾਇਆ ਗਿਆ।
ਅੱਜ ਦੇ ਰੋਸ ਮਾਰਚ ਅਤੇ ਧਰਨੇ ਨੂੰ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ, ਸੂਬਾ ਆਗੂ ਧਰਮਪਾਲ ਸਿੰਘ, ਸੂਬਾ ਆਗੂ ਬਲਵਿੰਦਰ ਜਲੂਰ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੋ ਪੇਂਡੂ ਤੇ ਪੰਚਾਇਤੀ ਵਿਭਾਗ ਦੇ ਡਾਇਰੈਕਟਰ ਮਨਪ੍ਰੀਤ ਛਤਵਾਲ ਵੱਲੋਂ ਜੋ ਲੋੜਵੰਦਾਂ/ ਬੇਜ਼ਮੀਨਿਆਂ ਨੂੰ ਪਿੰਡਾਂ ਵਿੱਚ ਗ੍ਰਾਮ ਸਭਾ ਦਾ ਅਜਲਾਸ ਬੁਲਾ ਕੇ ਪੰਜ – ਪੰਜ ਮਰਲੇ ਪਲਾਟ ਵੰਡਣ ਸਬੰਧੀ ਹਦਾਇਤਾਂ ਜਾਰੀ ਹੋਈਆਂ ਹਨ ਕਿ
ਜਿਹੜਾ ਲੜਕਾ/ਲੜਕੇ ਪਰਿਵਾਰ ਵਿੱਚੋਂ ਵਿਆਹਿਆ/ਵਿਆਹੇ ਜਾਂਦਾ/ਜਾਂਦੇ ਹਨ ਜਾਂ ਉਹ ਪਰਿਵਾਰਕ ਤੌਰ ਤੇ ਅਲੱਗ ਯੂਨਿਟ ਬਣਦਾ/ਬਣਦੇ ਹਨ । ਉਹ ਪੰਜ ਮਰਲੇ ਪਲਾਟ ਦੇ ਹੱਕਦਾਰ ਬਣਦੇ ਹਨ ।ਪਰ ਪਿੰਡਾਂ ਵਿੱਚ ਕਿਤੇ ਵੀ ਅਜਿਹਾ ਨਹੀਂ ਕੀਤਾ ਜਾ ਰਿਹਾ ਹੈ, ਹਦਾਇਤਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ , ਨਿਯਮਾਂ ਮੁਤਾਬਕ ਗਰਾਮ ਸਭਾ ਦੇ ਇਜਲਾਸ ਨਹੀਂ ਸੱਦੇ ਜਾ ਰਹੇ ਹਨ,ਮਹਿਜ਼ ਖਾਨਾ ਪੂਰਤੀ ਕੀਤੀ ਜਾ ਰਹੀ ਹੈ, ਇਹ ਪੰਜ ਪੰਜ ਮਰਲੇ ਪਲਾਟਾਂ ਦੇ ਹੱਕਦਾਰਾਂ ਦੇ ਹੱਕਾਂ ਤੇ ਪੈ ਰਹੇ ਡਾਕੇ ਲਈ ਜੋ ਵੀ ਜਿੰਮੇਵਾਰ ਹਨ, ਉਨ੍ਹਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਨਵੇਂ ਸਿਰੇ ਤੋਂ ਗ੍ਰਾਮ ਸਭਾ ਦੇ ਅਜਲਾਸ ਨਿਯਮਾਂ ਮੁਤਾਬਕ ਮੁਨਿਆਦੀ ਕਰਵਾ ਕੇ ਕਰਵਾਏ ਜਾਣਾ ਯਕੀਨੀ ਬਣਾਇਆ ਜਾਵੇ।
ਜੋ ਗਰਾਮ ਸਭਾ ਦੇ ਅਜਲਾਸ 2 ਅਕਤੂਬਰ ਤੋਂ 5 ਅਕਤੂਬਰ ਤੱਕ ਸੱਦਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ ਉਹ ਅਣਉਚਿਤ ਹੈ , ਇਸ ਲਈ ਗਰਾਮ ਸਭਾ ਦੇ ਪੰਜ ਪੰਜ ਮਰਲੇ ਦੇ ਪਲਾਟਾਂ ਦੇ ਅਜਲਾਸ ਸੰਬੰਧੀ ਤਾਰੀਖ ਦਸੰਬਰ ਦੇ ਅਖੀਰ ਤੱਕ ਵਧਾਈ ਜਾਵੇ । ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਜ਼ਿਲ੍ਹਾ ਆਗੂ ਜਗਦੀਪ ਸਿੰਘ ਕਾਲਾ,ਰਾਜ ਖੋਖਰ , ਇਲਾਕਾ ਆਗੂ ਅਮਰਜੀਤ ਸਿੰਘ ਬੇਨੜਾ, ਬੂਟਾ ਸਿੰਘ ਗੁੱਜਰਾਂ , ਕਰਮਜੀਤ ਕੌਰ ਉੱਪਲੀ , ਬਲਵਿੰਦਰ ਈਸੀ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਮੇਜਰ ਸਿੰਘ ਉੱਪਲੀ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਰਸ਼ਪਿੰਦਰ ਜਿੰਮੀ, ਪੱਲੇਦਾਰ ਜਿਨ੍ਹਾਂ ਆਜ਼ਾਦ ਦੇ ਆਗੂ ਰਾਮਪਾਲ ਮੂਨਕ ਆਦਿ ਨੇ ਸੰਬੋਧਨ ਕੀਤਾ ।
ਸਟੇਜ ਸਕੱਤਰ ਦੀ ਜ਼ਿੰਮੇਵਾਰੀ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਸਕੱਤਰ ਬਿਮਲ ਕੌਰ ਨੇ ਬਾਖੂਬੀ ਨਿਭਾਈ । ਇਨਕਲਾਬੀ ਗੀਤ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੀ ਸੰਗੀਤ ਮੰਡਲੀ , ਬਿੱਲੂ ਸਿੰਘ ਨਮੋਲ’ ਮੇਜਰ ਸਿੰਘ ਉੱਪਲੀ, ਗੁਰਪ੍ਰੀਤ ਸਿੰਘ ਉੱਪਲੀ ,ਹਮੀਰ ਸਿੰਘ ਅੜਕਵਾਸ ਆਦਿ ਨੇ ਪੇਸ਼ ਕੀਤੇ ।
ਜਥੇਬੰਦੀ ਇਹ ਮੰਗ ਕਰਦੀ ਹੈ ਕਿ ਲੋੜਵੰਦਾਂ /ਬੇਜ਼ਮੀਨਿਆਂ ਜੋ ਕਿ ਪੰਜ ਪੰਜ ਮਰਲੇ ਪਲਾਟ ਦੇ ਹੱਕਦਾਰ ਬਣਦੇ ਹਨ ਉਨ੍ਹਾਂ ਨੂੰ ਉਸ ਦੀ ਉਸਾਰੀ ਲਈ ਪੰਜ ਪੰਜ ਲੱਖ ਰੁਪਏ ਗਰਾਂਟ ਜਾਰੀ ਕੀਤੀ ਜਾਵੇ। ਪੇਂਡੂ ਅਤੇ ਪੰਚਾਇਤੀ ਵਿਭਾਗ ਦੇ ਡਾਇਰੈਕਟਰ ਵੱਲੋਂ ਜੋ ਪੰਜ ਪੰਜ ਮਰਲੇ ਪਲਾਟ ਵੰਡਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਜੋ ਪਰਿਵਾਰ ਵਿਚੋਂ ਵਿਆਹਿਆ ਜਾਂਦਾ ਹੈ ਉਹ ਹੀ ਪੰਜ ਮਰਲੇ ਪਲਾਟਾਂ ਦਾ ਹੱਕਦਾਰ ਬਣਦਾ ਹੈ ।
ਜਥੇਬੰਦੀ ਮੰਗ ਕਰਦੀ ਹੈ ਕਿ ਜਿਸ ਪਰਿਵਾਰ ਵਿੱਚ ਜਿਸ ਲੜਕੇ ਦੀ ਉਮਰ ਅਠਾਰਾਂ ਸਾਲ ਦੀ ਜਾਂ ਇਸ ਤੋਂ ਉੱਪਰ ਹੋ ਜਾਂਦੀ ਹੈ,ਉਹ ਬਾਲਗ ਹੋ ਜਾਂਦਾ ਹੈ ਇਸ ਲਈ ਉਹ ਵੀ ਪੰਜ ਮਰਲੇ ਪਲਾਟ ਦਾ ਹੱਕਦਾਰ ਬਣਦਾ ਹੈ ,ਉਸ ਨੂੰ ਵੀ ਪੰਜ ਮਰਲੇ ਦੇ ਪਲਾਟ ਦਿੱਤੇ ਜਾਣ। ਪੰਜ ਪੰਜ ਮਰਲੇ ਦੇ ਪਲਾਟ ਲੋੜਵੰਦਾਂ ਤੱਕ ਹਰ ਹਾਲਤ ਵਿੱਚ ਪਹੁੰਚਣ ਇਸ ਸੰਬੰਧੀ ਮੰਗ ਪੱਤਰ ਸੌਂਪਦਿਆਂ ਜ਼ੋਰਦਾਰ ਮੰਗ ਉਠਾਈ ਕਿ ਡੀਸੀ, ਏਡੀਸੀ (ਡੀ), ਡੀਡੀਪੀਓ ,ਅਤੇ ਵੱਖ ਵੱਖ ਬਲਾਕਾਂ ਦੇ ਬੀਡੀਪੀਓਜ਼ ਨਾਲ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂਆਂ ਨਾਲ ਮੀਟਿੰਗ ਦੀ ਤਰੀਕ ਤੈਅ ਕੀਤੀ ਜਾਵੇ। ਡੀਸੀ ਦਫ਼ਤਰ ਮੂਹਰੇ ਲੱਗੇ ਰੋਸ ਧਰਨੇ ਦੀ ਸਮਾਪਤੀ ਜ਼ੋਰਦਾਰ ਆਕਾਸ਼ ਗੁੰਜਾਊ ਨਾਅਰਿਆਂ ਨਾਲ ਕੀਤੀ ਗਈ।