ਕਾਉਂਕੇ ਵਿਖੇ ਟਰਾਲੀ ਪਲਟਣ ਕਾਰਨ ਹੋਇਆ ਸੀ ਹਾਦਸਾ
ਗੁਰਸੇਵਕ ਸਿੰਘ ਸਹੋਤਾ/ ਪਾਲੀ ਵਜੀਦਕੇ, ਮਹਿਲ ਕਲਾਂ 07 ਅਕਤੂਬਰ 2021
ਕਸਬਾ ਮਹਿਲ ਕਲਾਂ ਤੋਂ ਦੋ ਦਰਜਨ ਦੇ ਕਰੀਬ ਸ਼ਰਧਾਲੂ ਸੰਤ ਬਾਬਾ ਈਸ਼ਰ ਸਿੰਘ ਜੀ ਦੇ ਨਾਨਕਸਰ ਕਲੇਰਾਂ ਵਿਖੇ ਆਯੋਜਤ ਬਰਸੀ ਸਮਾਗਮ ਵਿੱਚ ਸ਼ਮੂਲੀਅਤ ਉਪਰੰਤ ਵਾਪਸੀ ਤੇ ਪਿੰਡ ਕਾਉਂਕੇ ਕਲਾਂ ਵਿਖੇ ਟਰਾਲੀ ਪਲਟਣ ਕਾਰਨ ਹੋਏ ਹਾਦਸੇ ਵਿਚ 19 ਸ਼ਰਧਾਲੂ ਜ਼ਖ਼ਮੀ ਹੋ ਗਏ ਸਨ । ਜਿਨ੍ਹਾਂ ਵਿਚੋਂ ਦੋ ਸ਼ਰਧਾਲੂ ਬਲਵਿੰਦਰ ਕੌਰ ਤੇ ਦਰਸਨ ਸਿੰਘ ਦੀ ਮੌਤ ਹੋ ਚੁੱਕੀ ਹੈ। ਜਦਕਿ ਬਾਕੀ ਜਗਰਾਉਂ, ਲੁਧਿਆਣਾ ਤੇ ਬਰਨਾਲਾ ਦੇ ਹਸਪਤਾਲਾਂ ‘ਚ ਜੇਰੇ ਇਲਾਜ ਹਨ।
ਅੱਜ ਜਗਰਾਉਂ ਪੁੱਜ ਕੇ ਇਲਾਕਾ ਮਹਿਲ ਕਲਾਂ ਵਿੱਚ ਲੋਕ ਹਿਤਾਂ ਲਈ ਯਤਨਸ਼ੀਲ ਸੰਸਥਾ “ਹੋਪ ਫਾਰ ਮਹਿਲ ਕਲਾਂ” ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਤੇ ਸਮਾਜਸੇਵੀ ਸਰਬਜੀਤ ਸਿੰਘ ਸੰਭੂ ਮਹਿਲ ਕਲਾਂ ਨੇ ਇਸ ਹਾਦਸੇ ਦੌਰਾਨ ਜਖ਼ਮੀ ਹੋਈਆਂ ਤੇ ਕਲਿਆਣੀ ਹਸਪਤਾਲ ਵਿਖੇ ਇਲਾਜ ਅਧੀਨ ਵੀਰਪਾਲ ਕੌਰ, ਸੁਖਵਿੰਦਰ ਕੌਰ, ਕੁਲਦੀਪ ਕੌਰ ਤੇ ਲਖਵੀਰ ਕੌਰ ਦੀ ਸਿਹਤ ਬਾਰੇ ਜਾਣਕਾਰੀ ਲਈ ਅਤੇ ਡਾਕਟਰਾਂ ਨਾਲ ਤਾਲਮੇਲ ਕਰਕੇ ਬਿਹਤਰ ਇਲਾਜ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਵੀਰਪਾਲ ਕੌਰ ਅਤੇ ਸੁਖਵਿੰਦਰ ਕੌਰ ਨੂੰ ਇਲਾਜ ਉਪਰੰਤ ਬਰਨਾਲਾ ਦੇ ਹਸਪਤਾਲ ਲਈ ਰੈਫਰ ਕੀਤਾ ਗਿਆ ਹੈ ।
ਜਦਕਿ ਲਖਵੀਰ ਕੌਰ ਨੂੰ ਲੁਧਿਆਣਾ ਵਿਖੇ ਇਲਾਜ ਲਈ ਭੇਜਿਆ ਗਿਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਟਰਾਲੀ ਪਲਟਣ ਨਾਲ ਦੋ ਸ਼ਰਧਾਲੂਆਂ ਦੀ ਮੌਤ ਕਾਰਨ ਇਲਾਕਾ ਮਹਿਲ ਕਲਾਂ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਪ੍ਰਮਾਤਮਾ ਅੱਗੇ ਜਖ਼ਮੀਆਂ ਦੇ ਤੰਦਰੁਸਤ ਹੋਣ ਦੀ ਕਾਮਨਾ ਕਰਦੇ ਹਾਂ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਅਮਰਜੀਤ ਸਿੰਘ ਵੀ ਹਾਜ਼ਰ ਸਨ।