2 ਔਰਤਾਂ ਸਣੇ 5 ਦੋਸ਼ੀ ਚੜ੍ਹੇ ਪੁਲਿਸ ਦੇ ਹੱਥੇ, ਤਫਤੀਸ਼ ਜ਼ਾਰੀ
ਹਰਿੰਦਰ ਨਿੱਕਾ , ਬਰਨਾਲਾ 3 ਅਕਤੂਬਰ 2021
ਜਿਲ੍ਹਾ ਮਾਨਸਾ ਦੇ ਪਿੰਡ ਫਤਿਹਗੜ੍ਹ ਛੰਨਾ ਦਾ ਰਹਿਣ ਵਾਲਾ ਇੱਕ ਫੌਜੀ ਜਵਾਨ ਖੁਦ ਹੀ ਹਨੀਟ੍ਰੈਪ ਵਿੱਚ ਫਸ ਗਿਆ। ਫੌਜੀ ਨੂੰ ਉਸ ਦੀ ਦੋਸਤ ਬਣੀ ਹਰਪ੍ਰੀਤ ਕੌਰ ਨੇ ਬਰਨਾਲਾ ਵਿਖੇ ਕਿਸੇ ਅੰਟੀ ਦੇ ਘਰ ਬੁਲਾ ਕੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਫੌਜੀ ਦੀ ਅਰਧਨਗਨ ਹਾਲਤ ਵਿੱਚ ਵੀਡਿਉ ਬਣਾ ਲਈ ਅਤੇ ਵੀਡੀਉ ਵਾਇਰਲ ਕਰ ਦੇਣ ਦਾ ਭੈਅ ਦਿਖਾ ਕੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਨਾਮਜ਼ਦ ਦੋਸ਼ੀ 2 ਔਰਤਾਂ ਅਤੇ 3 ਪੁਰਸ਼ ਵੀਡੀਉ ਡਿਲੀਟ ਕਰਨ ਦੇ ਨਾਂ ਤੇ 5 ਲੱਖ ਰੁਪਏ ਦੀ ਮੰਗ ਕਰਨ ਲੱਗੇ। ਫੌਜੀ ਨੇ ਪੂਰੀ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਨੇ ਸਾਰੇ ਨਾਮਜ਼ਦ ਦੋਸ਼ੀਆਂ ਖਿਲਾਫ ਕੇਸ ਦਰਜ਼ ਕਰਕੇ,ਉਨਾਂ ਨੂੰ ਗਿਰਫਤਾਰ ਕਰ ਲਿਆ।
ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦਿਲਬਾਗ ਸਿੰਘ ਪੁੱਤਰ ਜੱਗਰ ਸਿੰਘ ਵਾਸੀ ਨੇੜੇ ਬੱਸ ਸਟੈਂਡ ਫਤਿਹਗੜ੍ਹ ਛੰਨਾ, ਜਿਲ੍ਹਾ ਮਾਨਸਾ ਨੇ ਦੱਸਿਆ ਕਿ ਉਹ ਫੌਜ ਵਿੱਚ ਨੌਕਰੀ ਕਰਦਾ ਹੈ। ਉਸ ਦੀ ਦੋਸਤੀ ਹਰਜੀਤ ਕੌਰ ਉਰਫ ਪ੍ਰੀਤੀ ਪਤਨੀ ਜਗਤਾਰ ਸਿੰਘ ਨਾਲ ਹੋ ਗਈ। ਪ੍ਰੀਤੀ ਨੇ ਉਸ ਨੂੰ 21 ਸਤੰਬਰ 2021 ਨੂੰ ਗੁਰਸੇਵਕ ਨਗਰ ਬਰਨਾਲਾ ਵਿਖੇ ਕਿਸੇ ਅੰਟੀ ਦੇ ਘਰ ਬੁਲਾ ਲਿਆ। ਜਦੋਂ ਉਹ ਗੁਰਸੇਵਕ ਨਗਰ ਵਿਖੇ ਦੱਸੇ ਹੋਏ ਘਰ ਵਿਖੇ ਹਰਜੀਤ ਕੌਰ ਪ੍ਰੀਤੀ ਦੇ ਕੋਲ ਪਹੁੰਚਿਆਂ ਤਾਂ ਉੱਥੇ ਪਹਿਲਾਂ ਤੋਂ ਮੌਜੂਦ ਉਸ ਦੇ ਜਾਹਿਰ ਕਰਦਾ ਪਤੀ ਜਗਤਾਰ ਸਿੰਘ ਉਰਫ ਕਾਲਾ, ਗੁਰਦੀਪ ਸਿੰਘ , ਹਰਜੀਤ ਕੌਰ ਉਰਫ ਮੂਰਤੀ ਪਤਨੀ ਭਜਨ ਸਿੰਘ ਵਾਸੀ ਸੰਤ ਸਿਟੀ ਕਲੋਨੀ ਸ਼ੇਰਪੁਰ,ਜਿਲਾ ਸੰਗਰੂਰ ਅਤੇ ਨਰਿੰਦਰ ਕੁਮਾਰ ਉਰਫ ਅਮਨ ਵਾਸੀ ਕ੍ਰਿਸ਼ਨ ਬਸਤੀ ਪਾਤੜਾਂ,ਜਿਲਾ ਪਟਿਆਲਾ ਨੇ ਸਾਜਿਸ਼ ਤਹਿਤ ਉਸ ਦੀ ਅਰਧ ਨਗਨ ਹਾਲਤ ਵਿੱਚ ਵੀਡੀਉ ਬਣਾ ਲਈ ।
ਉਕਤ ਜਿਕਰਯੋਗ ਸਾਰੇ ਵਿਅਕਤੀਆਂ ਨੇ ਉਸ ਨੂੰ ਡਰਾ ਧਮਕਾ ਕੇ ਉਸ ਕੋਲੋਂ 10/11 ਹਜ਼ਾਰ ਰੁਪਏ ਖੋਹ ਲਏ ਅਤੇ ਉਸ ਨੂੰ ਬਲੈਕਮੇਲ ਕਰਨ ਲੱਗ ਗਏ। ਨਾਮਜਦ ਦੋਸ਼ੀਆਂ ਨੇ ਮੁਦਈ ਦੀ ਜੇਬ ਵਿੱਚੋਂ ਉਸ ਦਾ ਏ.ਟੀ.ਐਮ. ਕਾਰਡ ਕੱਢ ਕੇ ਉਸ ਦੇ ਖਾਤੇ ਵਿੱਚੋਂ ਵੀ 10 ਹਜ਼ਾਰ ਰੁਪਏ ਕੱਢਵਾ ਲਏ। ਫੌਜੀ ਦਿਲਬਾਗ ਸਿੰਘ ਨੇ ਦੱਸਿਆ ਕਿ ਸਾਰੇ ਨਾਮਜਦ ਦੋਸ਼ੀ ਉਸ ਦੀ ਅਰਧ ਨਗਨ ਵੀਡੀਉ ਵਾਇਰਲ ਕਰਨ ਦਾ ਭੈਅ ਦਿਖਾਉਣ ਲੱਗ ਪਏ ਅਤੇ ਵੀਡੀਉ ਡਿਲੀਟ ਕਰਨ ਦੇ ਬਦਲੇ 5 ਲੱਖ ਰੁਪਏ ਦੀ ਮੰਗ ਸ਼ੁਰੂ ਕਰ ਦਿੱਤੀ। ਉਕਤ ਸਾਰਿਆਂ ਦੀ ਬਲੈਕਮੇਲਿੰਗ ਤੋਂ ਤੰਗ ਆ ਕੇ ਉਸ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ।
ਥਾਣਾ ਸਿਟੀ 1 ਬਰਨਾਲਾ ਦੇ ਐਸਐਚਉ ਲਖਵਿੰਦਰ ਸਿੰਘ ਨੇ ਪੁੱਛਣ ਤੇ ਦੱਸਿਆ ਕਿ ਫੌਜੀ ਦਿਲਬਾਗ ਸਿੰਘ ਦੇ ਬਿਆਨ ਦੇ ਅਧਾਰ ਤੇ ਹਰਜੀਤ ਕੌਰ ਪ੍ਰੀਤੀ, ਹਰਜੀਤ ਕੌਰ ਮੂਰਤੀ, ਜਗਤਾਰ ਸਿੰਘ ਕਾਲਾ, ਗੁਰਦੀਪ ਸਿੰਘ ਅਤੇ ਨਰਿੰਦਰ ਕੁਮਾਰ ਅਮਨ ਦੇ ਖਿਲਾਫ ਅਧੀਨ ਜੁਰਮ 379 ਬੀ/ 384/120 ਬੀ ਆਈਪੀਸੀ ਤਹਿਤ ਥਾਣਾ ਸਿਟੀ ਬਰਨਾਲਾ ਵਿਖੇ ਕੇਸ ਦਰਜ਼ ਕਰਕੇ, ਸਾਰੇ ਨਾਮਜ਼ਦ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਹੈ। ਉਨਾਂ ਦੱਸਿਆ ਕਿ ਮਾਮਲੇ ਦੀ ਤਫਤੀਸ਼ ਏ.ਐਸ.ਆਈ. ਜਗਸੀਰ ਸਿੰਘ ਨੂੰ ਸੌਂਪ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।