ਝੋਨੇ ਦੀ ਖਰੀਦ: ਕਿਸਾਨੀ ਝਟਕੇ ਤੋਂ ਬਾਅਦ ਲੀਹ ਤੇ ਆਈ ਕੇਂਦਰ ਸਰਕਾਰ
ਅਸ਼ੋਕ ਵਰਮਾ , ਬਠਿੰਡਾ,2ਅਕਤੂਬਰ2021:
ਝੋਨੇ ਦੀ ਖਰੀਦ ‘ਚ ਬੇਲੋੜੀ ਦੇਰੀ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ‘ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 16 ਜਿਲਿ੍ਹਆਂ ਵਿੱਚ ਅਣਮਿਥੇ ਸਮੇਂ ਲਈ ਧਰਨੇ ਸ਼ੁਰੂ ਕਰਕੇ ਖਰੀਦ ਚਾਲੂ ਨਾ ਕਰਨ ਦੀ ਸੂਰਤ ’ਚ ਸੋਮਵਾਰ ਤੋਂ ਮੁਕੰਮਲ ਘਿਰਾਓ ਦੀ ਚਿਤਾਵਨੀ ਉਪਰੰਤ ਲੀਹ ਤੇ ਆਈ ਕੇਂਦਰ ਸਰਕਾਰ ਨੇ ਤਿੰਨ ਅਕਤੂਬਰ ਤੋਂਂ ਝੋਨਾ ਖਰੀਦਣ ਦਾ ਕੰਮ ਆਰੰਭਣ ਦਾ ਫੈਸਲਾ ਲਿਆ ਹੈ।
ਇਹ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਹਰਿਆਣੇ ਵਿੱਚ ਭਾਜਪਾ ਵਿਧਾਇਕਾਂ, ਮੰਤਰੀਆਂ, ਸਾਂਸਦਾਂ ਦੇ ਘਰਾਂ ਅੱਗੇ ਅੱਜ ਧਰਨੇ ਸੁਰੂ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਹੀ ਕਿਸਾਨਾਂ ਨੂੰ ਆਖਿਆ ਗਿਆ ਸੀ ਕਿ ਹਰ ਜਿਲ੍ਹੇ ਵਿੱਚ ਵੱਡੀ ਗਿਣਤੀ ਔਰਤਾਂ ਨੌਜਵਾਨਾਂ ਸਮੇਤ ਸੈਂਕੜੇ ਕਿਸਾਨ ਰੋਹ ਭਰਪੂਰ ਨਾਅਰੇ ਲਾਉਂਦੇ ਧਰਨਿਆਂ ਵਿੱਚ ਪੁੱਜਣ।
ਦਫਤਰੀ ਛੁੱਟੀ ਦੇ ਬਾਵਜੂਦ ਇਕੱਠਾਂ ਵਿੱਚ ਪੁੱਜੇ ਜਿਲ੍ਹਾ ਅਧਿਕਾਰੀਆਂ ਨੂੰ ਪ੍ਰਧਾਨ ਮੰਤਰੀ ਦੇ ਨਾਂ ਸੌਂਪੇ ਗਏ ਮੰਗ ਪੱਤਰਾਂ ਰਾਹੀਂ ਖਰੀਦ ਤੁਰੰਤ ਸੁਰੂ ਕਰਨ ਦੀ ਮੰਗ ਕੀਤੀ ਗਈ। ਨਾਅਰਿਆਂ ਦੀ ਗੂੰਜ ਵਿੱਚ ਧਰਨਿਆਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਹਰਦੀਪ ਸਿੰਘ ਟੱਲੇਵਾਲ,ਜਨਕ ਸਿੰਘ ਭੁਟਾਲ, ਹਰਿੰਦਰ ਕੌਰ ਬਿੰਦੂ, ਜਗਤਾਰ ਸਿੰਘ ਕਾਲਾਝਾੜ ਸਮੇਤ ਹੋਰ ਵੀ ਆਗੂ ਸ਼ਾਮਲ ਸਨ। ਬੁਲਾਰਿਆਂ ਨੇ ਦੋਸ ਲਾਇਆ ਕਿ ਭਾਜਪਾ ਹਕੂਮਤ ਵੱਲੋਂ ਵਰਖਾ ਦੇ ਸਿੱਲ੍ਹੇ ਮੌਸਮ ਦਾ ਬਹਾਨਾ ਸਰਾਸਰ ਬੇਤੁਕਾ ਹੈ, ਕਿਉਂਕਿ ਸਰਕਾਰੀ ਖਰੀਦ ਤਾਂ17 ਫੀਸਦੀ ਨਮੀ ਵਾਲੇ ਝੋਨੇ ਦੀ ਹੀ ਕੀਤੀ ਜਾਣੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੂੰ ਕਿਸਾਨਾਂ ਨਾਲ ਭੋਰਾ ਭਰ ਵੀ ਹਮਦਰਦੀ ਹੁੰਦੀ ਤਾਂ ਨਮੀ ਦੀ ਮਾਤਰਾ ਵਧਾ ਕੇ 22 ਫੀਸਦੀ ਕੀਤੀ ਜਾਣੀ ਚਾਹੀਦੀ ਸੀ ।
ਉਨ੍ਹਾਂ ਕਿਹਾ ਕਿ ਇਸ ਦੇ ਉਲਟ ਸਰਕਾਰ ਤਾਂ ਖਰੀਦ ‘ਚ ਇਸ ਬੇਲੋੜੀ ਦੇਰੀ ਨਾਲ ਖੁੱਲ੍ਹੀ ਮੰਡੀ ਦੀ ਨਿੱਜੀਕਰਨ ਨੀਤੀ ਮੜ੍ਹ ਰਹੀ ਹੈ ਅਤੇ ਵਪਾਰਕ ਅਦਾਰਿਆਂ ਕਾਰਪੋਰੇਟਾਂ ਨੂੰ ਝੋਨੇ ਦੀ ਅੰਨ੍ਹੀ ਲੁੱਟ ਦਾ ਮੌਕਾ ਦਿੱਤਾ ਜਾ ਰਿਹਾ ਹੈ। ਬੁਲਾਰਿਆਂ ਦਾ ਕਹਿਣਾ ਸੀ ਕਿ ਸਰਕਾਰ ਦਾ ਕਿਸਾਨਾਂ ਪ੍ਰਤੀ ਇਹ ਦੁਸ਼ਮਣਾ ਵਾਲਾ ਵਤੀਰਾ ਅਤੀ ਨਿੰਦਣਯੋਗ ਹੈ ਅਤੇ ਕਦਾਚਿੱਤ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਖਰੀਦ ਸੁਰੂ ਨਾ ਕਰਨ ਦੀ ਸੂਰਤ ਵਿੱਚ 4 ਅਕਤੂਬਰ ਤੋਂ ਇਹ ਸਾਰੇ ਧਰਨੇ ਮੁਕੰਮਲ ਘਿਰਾਓ ਵਿੱਚ ਪਲਟ ਦਿੱਤੇ ਜਾਣਗੇ। ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਅਤੇ ਦਿੱਲੀ ਵਿੱਚ ਚੱਲ ਰਹੇ ਪੱਕੇ ਮੋਰਚੇ ਵੀ ਹੋਰ ਵਧੇਰੇ ਜੋਸ਼ੋ ਖਰੋਸ਼ ਨਾਲ ਕਾਲੇ ਖੇਤੀ ਕਾਨੂੰਨ ਰੱਦ ਕਰਵਾਏ ਜਾਣ ਤੱਕ ਜਾਰੀ ਰਹਿਣਗੇ।