ਪਿੰਡ ਨਿਹਾਲੂਵਾਲ ‘ਚ ਕਿਸਾਨ ਜਥੇਬੰਦੀਆਂ ਨੇ ਕੀਤਾ ਬਿਜਲੀ ਬੋਰਡ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ
ਗੁਰਸੇਵਕ ਸਿੰਘ ਸਹੋਤਾ,ਪਾਲੀ ਵਜੀਦਕੇ , ਮਹਿਲ ਕਲਾਂ 2 ਅਕਤੂਬਰ 2021
ਇਕ ਪਾਸੇ ਜਿੱਥੇ ਕਿਸਾਨੀ ਸੰਘਰਸ਼ ਸਿਖਰ ਤੇ ਹੈ , ਉਥੇ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਦੇ ਅਧਿਕਾਰੀ ਪਿੰਡਾਂ ਚ ਚਿੱਪ ਵਾਲੇ ਮੀਟਰ ਸਾਂਝੀਆਂ ਥਾਂਵਾਂ ਤੇ ਲਗਾਉਣ ਦੀ ਜ਼ਿੱਦ ਕਰਕੇ ਜ਼ਖਮਾਂ ਤੇ ਲੂਣ ਛਿੜਕ ਰਹੇ ਹਨ। ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਆਈਆਂ ਹਦਾਇਤਾਂ ਮੁਤਾਬਕ ਵਾਟਰ ਵਰਕਸਾਂ ਉੱਤੇ ਚਿੱਪ ਵਾਲੇ ਮੀਟਰ ਲਗਾਏ ਜਾ ਰਹੇ ਹਨ। ਇਸ ਕਾਰਵਾਈ ਦਾ ਕਿਸਾਨ ਜਥੇਬੰਦੀਆਂ ਦੇ ਆਗੂ ਵਿਰੋਧ ਕਰਨ ਦਾ ਐਲਾਨ ਕਰ ਚੁੱਕੇ ਹਨ। ਅਜਿਹੀਆਂ ਕਾਰਵਾਈਆਂ ਕਰਕੇ ਬਿਜਲੀ ਬੋਰਡ ਕਿਸਾਨਾਂ ਮਜ਼ਦੂਰਾਂ ਅਤੇ ਆਮ ਲੋਕਾਂ ਦਾ ਕਿਸਾਨੀ ਸੰਘਰਸ਼ ਤੋਂ ਧਿਆਨ ਭਟਕਾਉਣਾ ਚਾਹੁੰਦਾ ਹੈ। ਤਾਜ਼ਾ ਮਾਮਲਾ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਨਿਹਾਲੂਵਾਲ ਵਿਖੇ ਸਾਹਮਣੇ ਆਇਆ , ਜਿਥੇ ਬਿਜਲੀ ਬੋਰਡ ਦੇ ਅਧਿਕਾਰੀ ਨਿਹਾਲੂਵਾਲ ਦੇ ਵਾਟਰ ਵਰਕਸ ਉਤੇ ਚਿੱਪ ਵਾਲਾ ਮੀਟਰ ਲਗਾਉਣ ਦੀ ਕੋਸ਼ਿਸ਼ ਕਰਨ ਲੱਗੇ । ਇਸ ਦੀ ਭਿਣਕ ਪੈਂਦਿਆਂ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਮੌਕੇ ਤੇ ਪੁੱਜੇ ਤੇ ਬਿਜਲੀ ਬੋਰਡ ਦੀ ਇਸ ਕਾਰਵਾਈ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਇਕੱਠੇ ਹੋਏ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੇ ਬਿਜਲੀ ਬੋਰਡ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਸਕੱਤਰ ਮਲਕੀਤ ਸਿੰਘ ਈਨਾ, ਗੁਰਪ੍ਰੀਤ ਸਿੰਘ ਸਹਿਜੜਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਵਿੱਤ ਸਕੱਤਰ ਕੁਲਜੀਤ ਸਿੰਘ ਵਜੀਦਕੇ, ਜ਼ਿਲ੍ਹਾ ਆਗੂ ਚਰਨ ਸਿੰਘ ਗੰਗੋਹਰ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਚ ਸ਼ਾਮਲ ਜਥੇਬੰਦੀਆਂ ਲਗਾਤਾਰ ਅੈਲਾਨ ਕਰ ਰਹੀਆਂ ਹਨ ਕਿ ਪਿੰਡਾਂ ਵਿੱਚ ਚਿੱਪ ਵਾਲੇ ਮੀਟਰ ਨਹੀਂ ਲੱਗਣ ਦਿੱਤੇ ਜਾਣਗੇ, ਪਰ ਬਿਜਲੀ ਬੋਰਡ ਦੇ ਅਧਿਕਾਰੀ ਜਾਣ ਬੁੱਝ ਕੇ ਪਿੰਡਾਂ ਵਿਚ ਆ ਕੇ ਲੋਕਾਂ ਦਾ ਧਿਆਨ ਕਿਸਾਨੀ ਸੰਘਰਸ਼ ਤੋਂ ਭਟਕਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਬਿਜਲੀ ਅਧਿਕਾਰੀ ਪਿੰਡਾਂ ਵਿੱਚ ਚਿੱਪ ਵਾਲੇ ਮੀਟਰ ਲਗਾਉਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਨੂੰ ਬੰਦੀ ਬਣਾਇਆ ਜਾਵੇਗਾ। ਉਨ੍ਹਾਂ ਹੋਰਨਾਂ ਪਿੰਡਾਂ ਦੇ ਲੋਕਾਂ ਨੂੰ ਵੀ ਚਿੱਪ ਵਾਲਾ ਮੀਟਰ ਲਗਾਉਣ ਤੇ ਸੁਚੇਤ ਹੋਣ ਅਤੇ ਜ਼ਬਰਦਸਤ ਵਿਰੋਧ ਕਰਨ ਦੀ ਅਪੀਲ ਕੀਤੀ।
ਕੀ ਕਹਿੰਦੇ ਨੇ ਪਾਵਰਕਾਮ ਮਹਿਲ ਕਲਾਂ ਦੇ ਐਸ ਡੀ ਓ
ਜਦੋਂ ਸਬ ਡਵੀਜ਼ਨ ਬਿਜਲੀ ਵਿਭਾਗ ਮਹਿਲ ਕਲਾਂ ਦੇ ਐਸ ਡੀ ਓ ਜਸਦੇਵ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਬਿਜਲੀ ਬੋਰਡ ਦੀਆਂ ਹਦਾਇਤਾਂ ਅਨੁਸਾਰ ਪਿੰੰਡਾ ਦੇ ਵਾਟਰ ਵਰਕਸ, ਸਕੂਲਾਂ ਸਮੇਤ ਬਿਜਲੀ ਮੁਲਾਜ਼ਮਾਂ ਦੇ ਘਰਾਂ ਅੰਦਰ ਲਗਾਏ ਜਾ ਰਹੇ ਹਨ ।ਇਸ ਮੌਕੇ ਬੀ ਕੇ ਯੂ ਡਕੌਂਦਾ ਦੇ ਆਗੂ ਸੁਖਦੇਵ ਸਿੰਘ ਕੁਰੜ, ਜਗਰੂਪ ਸਿੰਘ, ਜੱਗਾ ਸਿੰਘ ਪੰਚਾਇਤ ਮੈਬਰ ਨਿਹਾਲੂਵਾਲ, ਸੁਖਵਿੰਦਰ ਸਿੰਘ, ਨਾਜਰ ਸਿੰਘ, ਜੋਗਾ ਸਿੰਘ, ਕੁਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਬਹਾਦਰ ਸਿੰਘ ਸਹਿਜੜਾ, ਬੀ ਕੇ ਯੂ ਉਗਰਾਹਾਂ ਦੇ ਆਗੂ ਸਰਬਜੀਤ ਸਿੰਘ, ਕੇਵਲ ਸਿੰਘ ਸਿੰਕਦਰ ਸਿੰਘ, ਹਰਦੀਪ ਸਿੰਘ, ਚਮਕੌਰ ਸਿੰਘ ਸੰਘੇੜਾ ਤੋਂ ਇਲਾਵਾ ਬਿਜਲੀ ਬੋਰਡ ਦੇ ਅਧਿਕਾਰੀ ਕੁਲਵੀਰ ਸਿੰਘ ਔਲਖ ਜੇ ਈ ਠੀਕਰੀਵਾਲ, ਲਾਇਨਮੈਨ ਜਸਵਿੰਦਰ ਸਿੰਘ ਤੇ ਰਾਜ ਪਤੀ ਆਦਿ ਹਾਜਰ ਸਨ।