ਭਾਰਤ ਬੰਦ ਦੇ ਸੱਦੇ ਨੇ ਮੋਦੀ ਸਰਕਾਰ ਦਿੱਤਾ ਹਲੂਣਾ – ਬੀਕੇਯੂ
ਪਰਦੀਪ ਕਸਬਾ , ਨਵੀਂ ਦਿੱਲੀ 27 ਸਤੰਬਰ 2021
ਅੱਜ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਦਿੱਲੀ ਮੋਰਚੇ ਨੂੰ 10 ਮਹਿਨੇ ਹੋਣ ‘ਤੇ ਵੀ ਕਾਨੂੰਨ ਰੱਦ ਨਾ ਕਰਨ ਦੀ ਜਿੱਦ ਫੜੀ ਬੈਠੀ ਕੇਂਦਰ ਦੀ ਭਾਜਪਾ ਸਰਕਾਰ ਨੂੰ ਹਲੂਣਾ ਦੇਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਤਹਿਤ ਦਿੱਲੀ ਦੇ ਟਿਕਰੀ ਬਾਰਡਰ ‘ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਪਕੋੜਾ ਚੌਂਕ ਵਿਖੇ ਸੜਕ ਜਾਮ ਕੀਤੀ ਗਈ ਜਿਸ ‘ਚ ਨਵਾਂ ਗਾਉ, ਬਲੋਰ ਚੌਕ ਅਤੇ ਬਹਾਦਰਗੜ੍ਹ ਸ਼ਹਿਰ ਦੇ ਦੁਕਾਨਦਾਰਾਂ ਅਤੇ ਛੋਟੇ ਕਾਰੋਬਾਰੀਆਂ ਨੇ ਭਰਵਾਂ ਯੋਗਦਾਨ ਪਾਉਂਦਿਆਂ ਕਿਸਾਨ ਅੰਦੋਲਨ ਨਾਲ ਇੱਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਵੱਡੀ ਪੱਧਰ ‘ਤੇ ਦੁਕਾਨਦਾਰਾਂ ਵੱਲੋਂ ਆਪਣੇ ਕਾਰੋਬਾਰ ਬੰਦ ਕਰਕੇ ਸਰਕਾਰ ਦੀਆ ਲੋਕ ਵਿਰੋਧੀ ਨੀਤੀਆ ਦਾ ਡੱਟ ਕੇ ਵਿਰੋਧ ਜਿਤਾਇਆ।
ਇੱਥੇ ਸੰਬੋਧਨ ਕਰਦਿਆਂ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਅਤੇ ਸਾਮਰਾਜੀ ਘਰਾਣੇ ਆਪਣੇ ਮਨਾ ‘ਚੋ ਭਰਮ ਭੁਲੇਖੇ ਕੱਢ ਦੇਣ ਕਿਉਕਿ ਕਿਰਤੀ ਲੋਕਾ ਨੂੰ ਜਮਾਤੀ ਚੇਤਨਾ ਆ ਚੁੱਕੀ ਹੈ ਕਿ ਸਾਡੀ ਖੂਨ ਪਸੀਨੇ ਦੀ ਕਮਾਈ ਲੁੱਟ ਕੇ ਕੌਣ ਲਿਜਾ ਰਿਹਾ ਹੈ। ਕਿਰਤੀ ਲੋਕਾ ਨੂੰ ਸਾਝੇ ਦੁਸ਼ਮਣ ਦੀ ਜਮਾਤੀ ਤੌਰ ‘ਤੇ ਪਛਾਣ ਹੋ ਚੁੱਕੀ ਹੈ ( ਜਿਸ ‘ਚ ਇੱਕ ਪਾਸੇ ਲੁਟੇਰੀ ਜਮਾਤ ਅਤੇ ਦੂਜੇ ਪਾਸੇ ਲੁੱਟੇ ਜਾਣ ਵਾਲੇ ਲੋਕਾਂ ਦੀ ਜਮਾਤ ਹੈ )। ਉਨ੍ਹਾਂ ਕਿਹਾ ਕਿ ਜੁਝਾਰੂ ਲੋਕ ਇਨ੍ਹਾਂ ਲੋਕ ਵਿਰੋਧੀ ਨੀਤੀਆਂ ਖਿਲਾਫ ਸੰਘਰਸ਼ ਤੇਜ ਕਰਦੇ ਹੋਏ ਧਰਮਾਂ, ਜਾਤਾ, ਗੋਤਾ, ਮਜਹਬਾਂ ਅਤੇ ਕੌਮਾਂ ਤੋਂ ਉਪਰ ਉੱਠ ਕਿ ਇੰਨਾ ਸਾਮਰਾਜੀ ਲੁਟੇਰਿਆ ਨੂੰ ਦੇਸ਼ ‘ਚੋ ਭੱਜਣ ਲਈ ਮਜਬੂਰ ਕਰ ਦੇਣਗੇ।
ਬਠਿੰਡੇ ਜ਼ਿਲ੍ਹੇ ਦੀ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਕੌਰ ਕੋਟੜਾ ਨੇ ਕੇਂਦਰ ਦੀ ਭਾਜਪਾ ਹਕੂਮਤ ਨੂੰ ਸੁਣਾਉਣੀ ਕਰਦਿਆ ਕਿਹਾ ਕਿ ਹੁਣ ਔਰਤਾਂ ਵੀ ਜਾਗਰੂਕ ਹੋ ਚੁੱਕੀਆਂ ਹਨ ਕਿ ਸਾਡੇ ‘ਤੇ ਰਾਜ ਕਰਨ ਵਾਲੀਆ ਸਾਰੇ ਹੀ ਰੰਗ ਦੀਆਂ ਵੋਟ ਪਾਰਟੀਆਂ ਇਨ੍ਹਾਂ ਲੋਕ ਵਿਰੋਧੀ ਨੀਤੀਆ ਨਾਲ ਸਹਿਮਤ ਹਨ। ਔਰਤ ਆਗੂ ਨੇ ਔਰਤਾਂ ਨੂੰ ਸੁਚੇਤ ਕੀਤਾ ਕਿ ਜੇਕਰ ਅਸੀਂ ਮੋਰਚੇ ‘ਚ ਪਾ ਰਹੇ ਲਗਾਤਾਰ ਹਿੱਸੇ ਨੂੰ ਹੋਰ ਵਧਾਉਂਦੇ ਹੋਏ ਕਿਸਾਨਾਂ ਦੇ ਨਾਲ ਬਰਾਬਰ ਦਾ ਹਿੱਸਾ ਪਾਇਏ ਤਾ ਇਨ੍ਹਾਂ ਲੋਕ ਵਿਰੋਧੀ ਨੀਤੀਆ ਨੂੰ ਪਿਛਲ ਮੋੜਾ ਦਿੱਤਾ ਜਾ ਸਕਦਾ ਹੈ। ।
ਮੋਗਾ ਜ਼ਿਲ੍ਹੇ ਦੇ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ ਨੇ ਕਿਹਾ ਕਿ 27 ਸਤੰਬਰ ਦੇ ਭਾਰਤ ਬੰਦ ਦੇ ਸੱਦੇ ਨੂੰ ਭਾਰਤ ਦੇ ਕਿਰਤੀ ਲੋਕਾ ਨੇ ਪੂਰੀ ਸੁਹਿਰਦਤਾ ਦੇ ਨਾਲ ਅਤੇ ਇਸ ਨੂੰ ਪੂਰਨ ਤੌਰ ‘ਤੇ ਸਫਲ ਕੀਤਾ ਹੈ। ਸਟੇਜ ਤੋ ਬਿੱਟੂ ਮੱਲਣ, ਲੁਧਿਆਣਾ ਜਿਲੇ ਦੇ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਲੁਧਿਆਣਾ, ਮੇਜਰ ਅਕਲੀਆ ਅਤੇ ਮਹਿੰਦਰ ਕੌਰ ਗੁੱਜਰਾ ਨੇ ਵੀ ਸਟੇਜ ਸੰਬੋਧਨ ਕੀਤਾ।