ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਸਾਮਰਾਜ ਦਲਾਲ ਭਾਰਤੀ ਹਾਕਮਾਂ ਖ਼ਿਲਾਫ਼ ਇਕਜੁੱਟ ਹੋ ਕੇ ਕਾਣੀ ਵੰਡ ਖ਼ਤਮ ਕਰੀਏ-ਸੰਜੀਵ ਮਿੰਟੂ
ਹਰਪ੍ਰੀਤ ਕੌਰ ਬਬਲੀ, ਸੰਗਰੂਰ, 26 ਸਤੰਬਰ 2021
ਪਿੰਡ ਉੱਪਲੀ ਵਿਖੇ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਸਮਰਪਿਤ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਵੱਲੋਂ ਮਗਨਰੇਗਾ ਕਾਮਿਆਂ ਦੀ ਰੈਲੀ ਕੀਤੀ । ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ, ਜ਼ਿਲ੍ਹਾ ਸਕੱਤਰ ਬਿਮਲ ਕੌਰ, ਇਲਾਕਾ ਆਗੂ ਕਰਮਜੀਤ ਕੌਰ ਨੇ ਕਿਹਾ ਕਿ ਪਿਛਲੇ ਸਮੇਂ ‘ਚ ਹੋਏ ਤਿੱਖੇ ਸੰਘਰਸ਼ ਦੀ ਬਦੌਲਤ ਖੇਤ ਮਜ਼ਦੂਰਾਂ/ ਬੇਜ਼ਮੀਨਿਆਂ ਨੂੰ ਪੰਜ-ਪੰਜ ਮਰਲੇ ਪਲਾਟ ਦੇਣ, ਡੰਮੀ ਬੋਲੀਆਂ ਦੇ ਹੱਲ ਸਬੰਧੀ ਦੇ ਜਾਰੀ ਹੋਏ ਨੋਟੀਫਿਕੇਸ਼ਨ, ਬਿਜਲੀ ਦੇ ਪੱਟੇ ਮੀਟਰ (ਬਿਨਾਂ ਪੁਰਾਣਾ ਬਕਾਇਆ ਭਰਾਏ) ਜੋੜਨ ਦੇ ਨੋਟੀਫਿਕੇਸ਼ਨ ਜਾਰੀ ਹੋ ਚੁੱਕੇ ਹਨ ।
ਇਸ ਤੋਂ ਇਲਾਵਾ ਰਾਸ਼ਨ ਕਾਰਡ ਚੋਂ ਕੱਟੇ ਨਾਮ ਜੁੜਵਾਉਣ ਅਤੇ ਨਵੇਂ ਰਾਸ਼ਨ ਕਾਰਡ ਬਣਵਾਉਣ , ਖੇਤ ਮਜ਼ਦੂਰਾਂ/ ਬੇਜ਼ਮੀਨਿਆਂ ਦੇ ਹਰੇਕ ਤਰ੍ਹਾਂ ਦੇ ਕਰਜ਼ੇ ਮੁਆਫ਼ ਕਰਵਾਉਣ ਅਤੇ ਸਹਿਕਾਰੀ ਸੁਸਾਇਟੀਆਂ ਦੇ ਮੈਂਬਰ ਬਣਾ ਕੇ ਬਿਨਾਂ ਸ਼ਰਤ ਕਰਜ਼ਾ ਦਿਵਾਉਣ ,ਮਗਨਰੇਗਾ ਕਾਮਿਆਂ ਦੀ ਦਿਹਾਡ਼ੀ ਛੇ ਸੌ ਰੁਪਿਆ ਕਰਵਾਉਣ ਸੰਬੰਧੀ ਪੰਜਾਬ ਸਰਕਾਰ ਅਤੇ ਵੱਖ ਵੱਖ ਮਹਿਕਮਿਆਂ ਦੇ ਅਧਿਕਾਰੀਆਂ ਦੇ ਨਾਲ ਪੈਨਲ ਮੀਟਿੰਗ ਵਿੱਚ ਦਿੱਤੇ ਭਰੋਸੇ ਸਬੰਧੀ ਗੱਲਬਾਤ ਦੀ ਜਾਣਕਾਰੀ ਦਿੱਤੀ ਗਈ।
ਆਗੂਆਂ ਨੇ ਅਖੀਰ ਤੇ ਕਿਹਾ ਕਿ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਸਾਮਰਾਜ ਦਲਾਲ ਭਾਰਤੀ ਹਾਕਮਾਂ ਖ਼ਿਲਾਫ਼ ਇਕਜੁੱਟ ਹੋ ਕੇ ਕਾਣੀ ਵੰਡ ਖ਼ਤਮ ਕਰਦੇ ਹੋਏ ਬਰਾਬਰਤਾ ਦਾ ਸਮਾਜ ਸਿਰਜਣ ਲਈ ਅੱਗੇ ਆਇਆ ।