ਨੌਜਵਾਨ ਕਿਸਾਨ ਨਰਿੰਦਰ ਸਿੰਘ 20 ਏਕੜ ਰਕਬੇ ‘ਚ ਚਾਰ ਸਾਲਾਂ ਤੋਂ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਕਰ ਰਿਹੈ ਸਫ਼ਲਤਾ ਨਾਲ ਖੇਤੀ
ਪਰਾਲੀ ਖੇਤਾਂ ਵਿੱਚ ਵਾਹੁਣ ਨਾਲ ਖੇਤੀ ਖਰਚਿਆ ‘ਚ ਆਈ ਕਮੀ ਨਰਿੰਦਰ ਸਿੰਘ
ਸਨੌਰ ਬਲਾਕ ਦੇ ਪਿੰਡ ਭਾਨਰੀ ਦੇ ਕਿਸਾਨ ਨੇ ਆਪਣੇ ਖੇਤੀ ਦੇ ਤਜਰਬੇ ਕੀਤੇ ਸਾਂਝੇ
ਬਲਵਿੰਦਰਪਾਲ, ਪਟਿਆਲਾ, 21 ਸਤੰਬਰ 2021
ਚਾਰ ਸਾਲ ਤੋਂ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਹੀ ਵਾਹ ਕੇ ਪਿੰਡ ਭਾਨਰੀ ਦਾ ਅਗਾਂਹਵਧੂ ਕਿਸਾਨ ਨਰਿੰਦਰ ਸਿੰਘ ਆਪਣੀ 20 ਏਕੜ ਜਮੀਨ ਵਿੱਚ ਸਫਲਤਾਪੂਰਵਕ ਖੇਤੀ ਕਰ ਰਿਹਾ ਹੈ। ਸਨੌਰ ਬਲਾਕ ਦੇ ਪਿੰਡ ਭਾਨਰੀ ਦੇ ਰਹਿਣ ਵਾਲੇ ਨਰਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਚਾਰ ਸਾਲਾਂ ਦੌਰਾਨ ਆਪਣੇ ਖੇਤਾਂ ਵਿੱਚ ਕਦੇ ਅੱਗ ਨਹੀਂ ਲਗਾਈ ਜਿਸ ਨਾਲ ਫ਼ਸਲਾਂ ਲਈ ਲਾਭਦਾਇਕ ਮਿੱਤਰ ਕੀੜਿਆਂ ਨੇ ਜਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਕੀਤਾ ਹੈ ਅਤੇ ਪਹਿਲਾਂ ਨਾਲੋਂ ਖੇਤਾਂ ਵਿੱਚ ਯੂਰੀਆ ਖਾਦ ਦੀ ਵਰਤੋਂ ਵੀ ਘੱਟ ਹੋਣ ਲੱਗੀ ਹੈ।
ਅਗਾਂਹਵਧੂ ਕਿਸਾਨ ਨਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹੈਪੀ ਸੀਡਰ ਨਾਲ ਬੀਜੀ ਕਣਕ ਦੀ ਸਫਲਤਾ ਤੋਂ ਬਾਅਦ ਨੇੜਲੇ ਪਿੰਡਾਂ ‘ਚ ਵੀ ਹੈਪੀ ਸੀਡਰ ਨਾਲ ਬੀਜੀ ਕਣਕ ਦੇ ਹੇਠ ਰਕਬਾ ਹਰ ਸਾਲ ਵੱਧ ਰਿਹਾ ਹੈ। ਨਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਣਕ ਝੋਨੇ ਦੇ ਰਵਾਇਤੀ ਫਸਲੀ ਚੱਕਰ ਨੂੰ ਛੱਡਕੇ ‘ਸੰਗਠਿਤ ਖੇਤੀ ਪ੍ਰਣਾਲੀ’ ਤਹਿਤ ਐਗਰੋ ਫੋਰੇਸਟਰੀ ਅਤੇ ਘਰੇਲੂ ਬਗੀਚੀ ਨੂੰ ਵੀ ਅਪਣਾਇਆ ਗਿਆ।
38 ਸਾਲਾਂ ਦੇ ਆਂਗਹਵਧੂ ਕਿਸਾਨ ਨਰਿੰਦਰ ਸਿੰਘ ਨੇ ਹੈਪੀ ਸੀਡਰ ਨਾਲ ਬਿਜਾਈ ਦੇ ਫਾਇਦੇ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਆਮ ਤੌਰ ‘ਤੇ ਕਿਸਾਨ ਖੇਤ ਨੂੰ 7-8 ਵਾਰ ਵਾਹ ਕੇ ਤਿਆਰ ਕਰਦਾ ਹੈ ਜਦਕਿ ਹੈਪੀ ਸੀਡਰ ਦੀ ਵਰਤੋਂ ਨਾਲ ਇੱਕ ਵਾਰੀ ਵਿੱਚ ਹੀ ਕਣਕ ਦੀ ਬਿਜਾਈ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਹੈਪੀ ਸੀਡਰ ਨਾਲ ਬਿਜਾਈ ਕਰਕੇ ਜਿੱਥੇ ਵਾਤਾਵਰਨ ਸਾਫ਼-ਸੁਥਰਾ ਰਹਿੰਦਾ ਹੈ ਉਥੇ ਹੀ ਖੇਤ ਵਿੱਚ ਪਰਾਲੀ ਮਿਲਾਉਣ ਨਾਲ ਜਮੀਨ ਦੀ ਜੈਵਿਕ ਸਥਿਤੀ ਵਿੱਚ ਵੀ ਸੁਧਾਰ ਆਉਂਦਾ ਹੈ ਅਤੇ ਲੇਬਰ ਅਤੇ ਊਰਜਾ ਵਰਗੇ ਸਾਧਨਾ ਦੀ ਬੱਚਤ ਹੁੰਦੀ ਹੈ, ਨਦੀਨ ਨਾਸ਼ਕਾਂ ਦੀ ਵਰਤੋਂ ਘਟਦੀ ਹੈ ਅਤੇ ਕਣਕ ਦਾ ਝਾੜ ਵੀ ਵੱਧ ਆਉਂਦਾ ਹੈ ਤੇ ਹਨੇਰੀ ‘ਚ ਕਣਕ ਗਿਰਦੀ ਵੀ ਨਹੀਂ ਹੈ।
ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਦੀ ਰਹਿੰਦ ਖੂੰਹਦ ਨੂੰ ਸਾਂਭ ਸੰਭਾਲ ਲਈ ਜਾਗਰੂਕ ਕਰਨ ਸਬੰਧੀ ਵਿਭਾਗ ਵੱਲੋਂ ਵੱਡੇ ਪੱਧਰ ਤੇ ਵਿੱਢੀ ਮੁਹਿੰਮ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਤੇ ਬਹੁਤ ਮਾੜਾ ਅਸਰ ਪੈਂਦਾ ਹੈ ਅਤੇ ਵਾਤਾਵਰਣ ਦੂਸ਼ਿਤ ਹੁੰਦਾ ਹੈ । ਕਈ ਵਾਰ ਪਰਾਲੀ ਨਾਲ ਲੱਗੇ ਧੂੰਏਂ ਦੀ ਲਪੇਟ ਵਿੱਚ ਆਉਣ ਨਾਲ ਕੀਮਤੀ ਜਾਨਾਂ ਵੀ ਜਾਂਦੀਆਂ ਹਨ। ਵਿਭਾਗ ਵੱਲੋਂ ਪਰਾਲੀ ਦੀ ਰਹਿੰਦ ਖੂੰਹਦ ਦੀ ਸੁਚੱਜੀ ਸਾਂਭ-ਸੰਭਾਲ ਲਈ ਵੱਖ ਵੱਖ ਖੇਤੀ ਮਸ਼ੀਨਾਂ ਕਿਸਾਨਾਂ ਨੂੰ ਉਪਦਾਨ ਤੇ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਤਾਂਕਿ ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਨੂੰ ਕਾਮਯਾਬ ਕੀਤਾ ਜਾ ਸਕੇ । ਅਖੀਰ ਵਿੱਚ ਉਹਨਾਂ ਨੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾ ਕੇ ਖੇਤਾਂ ਵਿੱਚ ਹੀ ਮਿਲਾਉਣ ਦੀ ਅਪੀਲ ਕੀਤੀ ਤਾਂ ਕਿ ਪੰਜਾਬ ਦੀ ਇਸ ਜ਼ਰਖੇਜ਼ ਧਰਤੀ ਨੂੰ ਬਚਾਇਆ ਜਾ ਸਕੇ ।