ਅੰਡਰ ਗ੍ਰੈਜੂਏਸ਼ਨ ਦੇ ਵਿਦਿਆਰਥੀਆਂ ਲਈ ਦਾਖਲਾ ਸੀਟਾਂ ਵਧਾਉਣ ਦੀ ਮੰਗ ਲਈ ਕੀਤਾ ਮਾਰਚ
ਹਰਪ੍ਰੀਤ ਕੌਰ ਬਬਲੀ, ਸੰਗਰੂਰ, 21 ਸਤੰਬਰ 2021
ਰਣਬੀਰ ਕਾਲਜ ਵਿੱਚ ਚਾਰ ਵਿਦਿਆਰਥੀ ਜਥੇਬੰਦੀਆਂ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ), ਪੰਜਾਬ ਸਟੂਡੈਂਟਸ ਯੂਨੀਅਨ, ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਅਤੇ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠ ਵਿਦਿਆਰਥੀਆਂ ਵੱਲੋਂ ਦਾਖਲਾ ਸੀਟਾਂ ਵਧਾਉਣ ਦੀ ਮੰਗ ਲਈ ਮਾਰਚ ਕਰਨ ਤੋਂ ਬਾਅਦ ਕਾਲਜ ਪ੍ਰਿੰਸੀਪਲ ਪ੍ਰੋ. ਸੁਖਵੀਰ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਸਰਕਾਰੀ ਰਣਬੀਰ ਕਾਲਜ ਸੰਗਰੂਰ ਜ਼ਿਲ੍ਹਾ ਦਾ ਨਾਮਵਰ ਅਤੇ ਘੱਟ ਫੀਸ ਵਿੱਚ ਸਿੱਖਿਆ ਦੇਣ ਵਾਲਾ ਵੱਡਾ ਕਾਲਜ ਹੈ ਪਰ ਇੱਥੇ ਦਾਖਲ ਹੋਣ ਦੇ ਚਾਹਵਾਨ ਵਿਦਿਆਰਥੀਆਂ ਦੀ ਗਿਣਤੀ ਦੇ ਅਨੁਸਾਰ ਸੀਟਾਂ ਬਹੁਤ ਘੱਟ ਹਨ, ਜਿਵੇਂ ਉਦਾਰਨ ਵਜੋਂ ਬੀ.ਏ ਪਹਿਲੀ ਕਲਾਸ ਲਈ ਦਾਖਲਾ ਸੀਟਾਂ 800 ਹਨ,ਪਰ ਦਾਖਲੇ ਲਈ ਅਰਜ਼ੀ ਦੇਣ ਵਾਲੇ ਚਾਹਵਾਨ ਵਿਦਿਆਰਥੀਆਂ ਦੀ ਗਿਣਤੀ 1500 ਤੋਂ ਉਪਰ ਹੈ।ਇਸੇ ਤਰ੍ਹਾਂ ਹੋਰ ਕਲਾਸਾਂ ਦੀ ਇਹੋ ਹਾਲਤ ਹੈ। ਵਿਦਿਆਰਥੀ ਆਗੂਆਂ ਨੇ ਮਾਰਚ ਵਿੱਚ ਸ਼ਾਮਲ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੱਥੋਂ ਦਾਖਲੇ ਤੋਂ ਇਨਕਾਰ ਕਰਨ ‘ਤੇ ਵਿਦਿਆਰਥੀਆਂ ਨੂੰ ਪ੍ਰਾਈਵੇਟ ਕਾਲਜਾਂ ਵਿੱਚ ਮਹਿੰਗੀ ਫੀਸ ਭਰਕੇ ਲੁੱਟ ਕਰਵਾਉਣ ਲਈ ਮਜਬੂਰ ਹੋਣਾ ਪੈਂਦਾ ਹੈ।
ਇਸ ਮੌਕੇ ਮਾਰਚ ਕਰਨ ਤੋਂ ਬਾਅਦ ਪ੍ਰਿੰਸੀਪਲ ਸਾਹਿਬ ਵਿਦਿਆਰਥੀਆਂ ਵਿਚਕਾਰ ਆ ਕੇ ਮੰਗ ਲੈਣ ਪਹੁੰਚੇ ਅਤੇ ਵਿਦਿਆਰਥੀਆਂ ਨੂੰ ਭਰੋਸਾ ਦਿਵਾਇਆ ਕਿ ਸੀਟਾਂ ਵਧਾਉਣ ਲਈ ਅਗਲੀ ਕਾਰਵਾਈ ਜਲਦ ਤੋਂ ਜਲਦ ਕੀਤੀ ਜਾਵੇਗੀ। ਇਸ ਮੌਕੇ ਡੈਮੋਕ੍ਰੇਟਿਕ ਸਟੂਡੈਂਟਸ ਆਰਗੇਨਾਈਜੇਸ਼ਨ ਦੇ ਵਿਦਿਆਰਥੀ ਵੀ ਹਮਾਇਤ ਵਜੋਂ ਸ਼ਾਮਲ ਹੋਏ।
*ਇੱਕ ਵੱਖਰੇ ਬਿਆਨ ਰਾਹੀਂ ਵਿਦਿਆਰਥੀ ਜੱਥੇਬੰਦੀਆਂ ਨੇ ਜਲ੍ਹਿਆਂਵਾਲਾ ਬਾਗ਼ ਦਾ ਅਸਲੀ ਮੂਲ ਸਰੂਪ ਬਦਲਣ ਲਈ ਮੋਦੀ ਸਰਕਾਰ ਦੀ ਸਖ਼ਤ ਨਿਖੇਦੀ ਕੀਤੀ ਅਤੇ ਮੁਲਕ ਦੀ ਕੌਮੀ ਅਜ਼ਾਦੀ ਵਿੱਚ ਸਿਰਮੌਰ ਸਥਾਨ ਰੱਖਦੇ ਜਲਿਆਂਵਾਲਾ ਬਾਗ ਦਾ ਅਸਲੀ ਮੂਲ ਸਰੂਪ ਬਹਾਲ ਰੱਖਣ ਦੀ ਮੰਗ ਕੀਤੀ।*