ਸਰਕਾਰ ਨੂੰ ਬੇਰੁਜ਼ਗਾਰਾਂ ਉੱਤੇ ਨਹੀਂ ਆਉਂਦਾ ਤਰਸ
ਬੇਰੁਜ਼ਗਾਰ ਸਾਂਝਾ ਮੋਰਚਾ
ਟੈਂਕੀ ਮੋਰਚਾ ਜਾਰੀ ਸ਼ਹਿਰ ਵਿੱਚ ਕਰਨਗੇ ਮਾਰਚ
ਹਰਪ੍ਰੀਤ ਕੌਰ ਬਬਲੀ ,ਸੰਗਰੂਰ , 17 ਸਤੰਬਰ 2021
ਸਥਾਨਕ ਸਿੱਖਿਆ ਮੰਤਰੀ ਦੀ ਕੋਠੀ ਦੇ ਗੇਟ ਉੱਤੇ ਪਿਛਲੇ ਕਰੀਬ 9 ਮਹੀਨੇ ਤੋ ਅਤੇ ਸਿਵਲ ਹਸਪਤਾਲ ਵਾਲੀ ਟੈਂਕੀ ਉੱਤੇ 21 ਅਗਸਤ ਤੋ ਪੱਕਾ ਮੋਰਚਾ ਲਗਾ ਕੇ ਬੈਠੇ ਬੇਰੁਜ਼ਗਾਰਾਂ ਨੇ ਪੰਜਾਬ ਸਰਕਾਰ ਦੇ ਰੁਜ਼ਗਾਰ ਮੇਲਿਆਂ ਵਿਚ ਜਾ ਕੇ ਵਿਰੋਧ ਕੀਤਾ ਹੈ ਉੱਥੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਜਵਾਈ ਨੂੰ ਤਰਸ ਦੇ ਆਧਾਰ ਉੱਤੇ ਨੌਕਰੀ ਦੇਣ ਅਤੇ ਲੋੜਵੰਦ ਬੇਰੁਜ਼ਗਾਰਾਂ ਨੂੰ ਅੱਖੋਂ ਪਰੋਖੇ ਕਰਨ ਦੇ ਰੋਸ ਵਜੋਂ 19 ਸਤੰਬਰ ਨੂੰ ਸਥਾਨਕ ਸਹਿਰ ਅੰਦਰ ਰੋਸ ਪ੍ਰਦਰਸ਼ਨ ਕਰਕੇ ਪਿੱਟ ਸਿਆਪਾ ਕੀਤਾ ਜਾਵੇਗਾ।
ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ,ਜਗਸੀਰ ਸਿੰਘ ਘੁਮਾਣ, ਕ੍ਰਿਸ਼ਨ ਸਿੰਘ ਨਾਭਾ,ਹਰਜਿੰਦਰ ਸਿੰਘ ਝੁਨੀਰ ਅਤੇ ਸੁਖਦੇਵ ਸਿੰਘ ਜਲਾਲਾਬਾਦ ਨੇ ਕਿਹਾ ਕਿ 31 ਦਸੰਬਰ ਤੋ ਬੇਰੁਜ਼ਗਾਰ ਸਾਂਝੇ ਮੋਰਚੇ ਨੇ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਹੋਇਆ ਹੈ,ਜਿੱਥੇ ਆਉਣ ਲਈ ਸਿੱਖਿਆ ਮੰਤਰੀ ਤਰਸ ਰਹੇ ਹਨ।ਸ੍ਰ ਢਿੱਲਵਾਂ ਨੇ ਕਿਹਾ ਕਿ ਦੂਜੇ ਪਾਸੇ ਮੁਨੀਸ਼ ਕੁਮਾਰ ਨਾਮ ਦਾ ਬੇਰੁਜ਼ਗਾਰ ਬੀ ਐਡ ਟੈਟ ਪਾਸ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਅਸਾਮੀਆਂ ਵੱਡੀ ਗਿਣਤੀ ਵਿੱਚ ਕੱਢਣ ਸਮੇਤ ਸਾਰੀਆਂ ਮੰਗਾਂ ਲਈ ਪਿਛਲੇ ਕਰੀਬ ਇਕ ਮਹੀਨੇ ਤੋਂ ਪਾਣੀ ਵਾਲੀ ਟੈਂਕੀ ਉੱਤੇ ਡਟਿਆ ਹੋਇਆ ਹੈ।
ਬੇਰੁਜ਼ਗਾਰ ਆਗੂ ਗਗਨਦੀਪ ਕੌਰ ਨੇ ਕਿਹਾ ਕਿ ਪੰਜਾਬ ਅੰਦਰ ਉੱਚ ਯੋਗਤਾਵਾਂ ਰੱਖਦੇ ਲੋੜਵੰਦ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਤੋ ਵਾਂਝੇ ਰੱਖ ਕੇ ਲਾਠੀਚਾਰਜ ਕਰਕੇ ਪਰਚੇ ਦਰਜ ਕੀਤੇ ਜਾਂਦੇ ਹਨ।ਦੂਜੇ ਪਾਸੇ ਮੰਤਰੀਆਂ ਦੇ ਰਿਸਤੇਦਾਰ ਅਮੀਰਾਂ ਨੂੰ ਉੱਚ ਨੌਕਰੀਆਂ ਉੱਤੇ ਬਿਠਾਇਆ ਜਾ ਰਿਹਾ ਹੈ।
ਇਸ ਮੌਕੇ ਕਿਰਣ ਈਸੜਾ,ਮਨਦੀਪ ਕੌਰ,ਕਮਲ ਮੰਗਵਾਲ,ਮਨਪਰੀਤ ਕੌਰ,ਪਰੀਤਇੰਦਰ ਕੌਰ,ਸਤਵੀਰ ਕੌਰ,ਮਨਪਰੀਤ ਕੌਰ,ਨਵਦੀਪ ਰੋਮਾਣਾ,ਗੁਰਸੰਤ ਸਿੰਘ ਅਤੇ ਰੁਪਿੰਦਰ ਸਿੰਘ ਆਦਿ ਹਾਜ਼ਰ ਸਨ।