ਨਗਰ ਕੌਂਸਲ ਦੀ ਮੀਟਿੰਗ ਵਿੱਚ ਅੱਜ ਪਊਗੀ ਸਾਇਨ ਬੋਰਡ ਘੋਟਾਲੇ ਦੀ ਗੂੰਜ਼
ਹਰਿੰਦਰ ਨਿੱਕਾ , ਬਰਨਾਲਾ 10 ਸਤੰਬਰ 2021
ਚੋਰਾਂ ਦਾ ਮਾਲ ਅਤੇ ਲਾਠੀਆਂ ਦੇ ਗਜ਼, ਬੇਸ਼ੱਕ ਪੰਜਾਬੀਆਂ ਲਈ ਇਹ ਕਹਾਵਤ ਕੋਈ ਨਵੀਂ ਤਾਂ ਨਹੀਂ, ਪਰੰਤੂ ਇਹੋ ਕਹਾਵਤ ਨੂੰ ਸੱਚ ਸਾਬਿਤ ਕਰਨ ਲਈ, ਨਗਰ ਕੌਂਸਲ ਨੇ ਨਵਾਂ ਕਾਰਨਾਮਾ ਕਰਕੇ, ਇਸ ਗੱਲ ਨੂੰ ਨਵੇਂ ਸਿਰਿਉਂ ਦੁਹਰਾਇਆ ਜਰੂਰ ਹੈ। ਇਸ ਵਿੱਚ ਹੈਰਾਨ ਹੋਣ ਵਾਲੀ ਕੋਈ ਗੱਲ ਨਹੀਂ, ਨਗਰ ਕੌਂਸਲ ਨੇ ਕਰੀਬ 1920 ਰੁਪਏ ਦੀ ਬਾਜ਼ਾਰੀ ਕੀਮਤ ਦੇ ਸਾਈਨ ਬੋਰਡ ਕਰੀਬ ਸਾਢ਼ੇ ਛੇ ਗੁਣਾ ਵੱਧ ਰੇਟ ਤੇ ਖਰੀਦ ਕੇ ਕੌਂਸਲ ਦੇ ਫੰਡਾਂ ਨੂੰ ਕਰੀਬ 25 ਲੱਖ ਰੁਪਏ ਦਾ ਚੂਨਾ ਲਾ ਦਿੱਤਾ ਹੈ। ਇਸ ਦੀ ਗੂੰਜ ਅੱਜ, ਨਗਰ ਕੌਂਸਲ ਦੀ ਦੁਪਿਹਰ 11 ਵਜੇ ਹੋਣ ਵਾਲੀ ਮੀਟਿੰਗ ਵਿੱਚ ਵੀ ਪੈਣ ਦੀ ਪ੍ਰਬਲ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਕੌਂਸਲ ਵੱਲੋਂ ਕੁੱਝ ਸਮਾਂ ਪਹਿਲਾਂ ਸ਼ਹਿਰ ਦੇ 31 ਵਾਰਡਾਂ ਦੀਆਂ ਗਲੀਆਂ ਨੂੰ ਦਰਸਾਉਣ ਲਈ ਕਰੀਬ 465 ਸੰਕੇਤ ਬੋਰਡ ਲਾਉਣ ਦਾ ਫੈਸਲਾ ਕੀਤਾ ਸੀ। ਕੌਂਸਲ ਦੇ ਫੈਸਲੇ ਮੁਤਾਬਿਕ ਸ਼ਹਿਰ ਦੇ ਹਰ ਵਾਰਡ ਵਿੱਚ 15/15 ਸੰਕੇਤ ਬੋਰਡ ਲਗਾਏ ਜਾਣੇ ਸਨ । ਇਹ ਕੰਮ ਬਹੁਤ ਹੀ ਤੇਜ਼ੀ ਨਾਲ ਨੇਪਰੇ ਚਾੜ੍ਹਿਆ ਗਿਆ ਹੈ। ਸ਼ਹਿਰ ਦੇ ਲੱਗਭੱਗ ਬਹੁਤੇ ਵਾਰਡਾਂ ਵਿੱਚ ਸਾਇਨ ਬੋਰਡ ਲਗਾਏ ਵੀ ਜਾ ਚੁੱਕੇ ਹਨ । ਸਾਈਨ ਬੋਰਡ ਲਵਾਉਣ ਦਾ ਕੰਮ ਕੌਸਲ ਦੀ ਸੱਤਾ ਤੇ ਕਾਬਿਜ਼ ਧਿਰ ਨੂੰ ਕੁੱਝ ਜਿਆਦਾ ਹੀ ਰਾਸ ਆ ਗਿਆ,ਕਿਉਂਕਿ ” ਹਿੰਗ ਲੱਗੀ ਨਾ ਫਟਕੜੀ, ਰੰਗ ਚੋਖਾ ਆਇਆ ” । ਇਸੇ ਲਈ ਹੁਣ ਹਰ ਵਾਰਡ ਲਈ 10/10 ਹੋਰ ਸੰਕੇਤ ਬੋਰਡ ਲਾਉਣ ਦੀਆਂ ਗੋਂਦਾਂ ਵੀ ਗੁੰਦੀਆਂ ਜਾ ਰਹੀਆਂ ਹਨ। ਸਾਇਨ ਬੋਰਡਾਂ ਦਾ ਸਾਈਜ ,ਵਜ਼ਨ ਅਤੇ ਕਵਾਲਿਟੀ ਅਤੇ ਪ੍ਰਤੀ ਸਾਈਨ ਬੋਰਡ ਦਾ ਮੁੱਲ ਕਰੀਬ 7400 ਰੁਪਏ ਸਾਹਮਣੇ ਆਉਣ ਤੇ ਸ਼ਹਿਰ ਦੇ ਚੇਤੰਨ ਲੋਕ, ਮੂੰਹ ਵਿੱਚ ਉਂਗਲਾਂ ਪਾ ਕੇ ਸੋਚਣ ਲਈ ਮਜਬੂਰ ਹੋ ਗਏ। ਕਿਉਂਕਿ 465 ਸਾਈਨ ਬੋਰਡਾਂ ਤੇ ਕਰੀਬ 35 ਲੱਖ ਰੁਪਏ ਦਾ ਖਰਚ ਆਇਆ ਹੈ।
ਪੈੜੂਆਂ ਨੇ ਪੈੜ ਕੱਢ ਲਈ,,
ਬਰਨਾਲਾ ਸ਼ਹਿਰ ਛੋਟਾ ਜਿਹਾ ਸ਼ਹਿਰ ਹੈ, ਤੇ ਇੱਥੋਂ ਦੇ ਲੋਕ ਬੜੀ ਪਾਰਖੂ ਨਜ਼ਰ ਵਾਲੇ ਹਨ, ਯਾਨੀ ਕਿਸੇ ਵਿਅਕਤੀ ਦਾ ਮੂੰਹ ਵੇਖ ਕਿ ਉਹਦੇ ਨਾਨਕਿਆਂ ਦਾ ਨਾਂ ਦੱਸਣ ਦੀ ਕਲਾ ਇੱਥੋਂ ਦੇ ਪਾਰਖੂ ਅੱਖ ਵਾਲੇ ਲੋਕਾਂ ਵਿੱਚ ਜਰੂਰ ਹੈ। ਸਾਈਨ ਬੋਰਡਾਂ ਦੀ ਕੀਮਤ ਦੀ ਵੀ ਠਾਖਿਰ ਪੈੜੂਆਂ ਨੇ ਪੈੜ ਲੱਭ ਹੀ ਲਈ। ਪਾਰਖੂ ਅਤੇ ਚੇਤੰਨ ਬੰਦਿਆਂ ਨੇ ਇਹ ਪਤਾ ਕਰ ਲਿਆ ਕਿ ਇਹ ਬੋਰਡ ਕਿਹੜੀ ਵਰਕਸ਼ਾਪ ਤੋਂ ਤਿਆਰ ਹੋਏ ਹਨ ,ਜਦੋਂ ਕਿ ਇਹ ਬੋਰਡ ਕੌਂਸਲ ਵਾਲਿਆਂ ਨੇ ਵਰਕਸ਼ਾਪ ਤੋਂ ਸਿੱਧੇ ਖਰੀਦ ਕਰਨ ਦੀ ਬਜਾਏ, ਇੱਕ —- ਆਰਟਸ ਵਾਲਿਆਂ ਰਾਂਹੀ ਖਰੀਦੇ ਅਤੇ ਬਿੱਲ ਵਰਕਸ਼ਾਪ ਵਾਲਿਆਂ ਦੀ ਬਜਾਏ ਵਿਚੋਲੇ ਬਣੇ —-ਆਰਟਸ ਵਾਲਿਆਂ ਤੋਂ ਲੈ ਲਏ।
ਕੌਂਸਲਰ ਹੇਮ ਰਾਜ ਨੇ ਪਾਈ R T I
ਸਾਇਨ ਬੋਰਡ ਮਾਮਲੇ ਦਾ ਭੇਦ ਖੁੱਲ੍ਹਦਿਆਂ ਹੀ ਨਗਰ ਕੌਂਸਲ ਦੇ ਕੌਸਲਰ ਹੇਮਰਾਜ ਗਰਗ ਨੇ ਸਾਈਨ ਬੋਰਡਾਂ ਦਾ ਘੋਟਾਲਾ ਨੰਗਾ ਕਰਨ ਲਈ ਇੱਕ ਆਰਟੀਆਈ ਵੀ ਪਾ ਦਿੱਤੀ। ਪਰੰਤੂ ਕੌਂਸਲ ਵੱਲੋਂ ਹਾਲੇ ਤੱਕ ਆਰਟੀਆਈ ਦਾ ਕੋਈ ਜੁਆਬ ਨਹੀਂ ਦਿੱਤਾ ਗਿਆ। ਸੂਤਰ ਦੱਸਦੇ ਹਨ ਕਿ ਸਟੀਲ ਦੀ ਪਾਈਪ ਦੇ ਤਿਆਰ ਕੀਤੇ ਸਾਈਨ ਬੋਰਡ ਦਾ ਵਜ਼ਨ ਕਰੀਬ 6 ਕਿੱਲੋਗ੍ਰਾਮ ਹੈ,ਜਿਹੜਾ ਵਰਕਸ਼ਾਪ ਵਿਚੋਂ ਸਿਰਫ 1920 ਰੁਪਏ ਦਾ ਆਮ ਹੀ ਮਿਲ ਜਾਂਦਾ ਹੈ। ਸਾਈਨ ਬੋਰਡ ਦੀ ਲਗਵਾਈ 150 ਰੁਪਏ ਪ੍ਰਤੀ ਬੋਰਡ ਦਿੱਤੀ ਗਈ ਹੈ। ਯਾਨੀ ਸਮੇਤ ਲਵਾਈ, ਸਾਈਨ ਬੋਰਡ 2070 ਰੁਪਏ ਵਿੱਚ ਪਿਆ ਹੈ। ਪਰੰਤੂ 2070 ਰੁਪਏ ਵਿੱਚ ਲੱਗੇ ਇਹ ਸਾਈਨ ਬੋਰਡ ਦੀ ਕੀਮਤ , ਨਗਰ ਕੌਂਸਲ ਕਰੀਬ 7400 ਰੁਪਏ ਪ੍ਰਤੀ ਬੋਰਡ ਅਦਾ ਕਰ ਰਹੀ ਹੈ। ਉੱਧਰ ਹਾਊਸ ਦੇ ਸੀਨੀਅਰ ਕੌਸਲਰ ਹੇਮਰਾਜ ਗਰਗ ਨੇ ਪੁੱਛਣ ਤੇ ਇਹ ਪੁਸ਼ਟੀ ਕੀਤੀ ਕਿ ਉਸਨੇ ਆਰਟੀਆਈ ਤਹਿਤ ਸੂਚਨਾ ਜਰੂਰ ਮੰਗੀ ਹੈ,ਪਰੰਤੂ ਇਸਦਾ ਜੁਆਬ, ਉਸ ਨੂੰ ਫਿਲਹਾਲ ਨਹੀਂ ਮਿਲਿਆ। ਉਂਨ੍ਹਾਂ ਕਿਹਾ ਕਿ ਉਸ ਦੀ ਮੁੱਢਲੀ ਪੜਤਾਲ ਤੋਂ ਇਹ ਗੱਲ ਚਿੱਟੇ ਦਿਨ ਵਾਂਗ ਸਾਫ ਹੋ ਚੁੱਕੀ ਹੈ ਕਿ ਸਾਈਨ ਬੋਰਡ ਲਵਾਉਣ ਵਿੱਚ ਹੋਇਆ ਘੋਟਾਲਾ ਹਜ਼ਾਰਾਂ ਨਹੀਂ ਲੱਖਾਂ ਰੁਪਏ ਵਿੱਚ ਪਹੁੰਚ ਗਿਆ ਹੈ। ਉਨ੍ਹਾਂ ਮੂੰਹ ਤੇ ਹੱਥ ਫੇਰਦਿਆਂ ਕਿਹਾ, ਮੇਰਾ ਨਾਂ ਵੀ ਹੇਮਰਾਜ ਐ, ਦੇਖਦੇ ਜਾਇਉ, ਛੇਤੀ ਹੀ ਪੂਰੇ ਘੋਟਾਲੇ ਦੇ ਬਖੀਏ ਉਧੇੜ ਕੇ ਰੱਖ ਦਿਉਂ ।