*ਅਧਿਆਪਕ ਮੋਮਬੱਤੀ ਵਾਂਗ ਹੈ, ਜੋ ਖੁਦ ਜਲ ਕੇ ਬੱਚਿਆ ਦੇ ਭਵਿੱਖ ਨੂੰ ਕਰਦਾ ਹੈ ਰੋਸ਼ਨ
*ਅਧਿਆਪਕਾ ਰੁਪਿੰਦਰਜੀਤ ਕੌਰ ਸਟੇਟ ਐਵਾਰਡ ਨਾਲ ਸਨਮਾਨਿਤ
ਪਰਦੀਪ ਕਸਬਾ , ਬਰਨਾਲਾ, 5 ਸਤੰਬਰ 2021
ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸੂਬਾ ਸਰਕਾਰ ਹਮੇਸ਼ਾ ਵਚਨਬੱਧ ਹੈ। ਪੰਜਾਬ ਸਰਕਾਰ ਵਲੋਂ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ. ਕੁਲਵਿੰਦਰ ਸਿੰਘ ਸਰਾਏ ਨੇ ਪੰਜਾਬ ਪੱਧਰ ਤੇ ਸਿੱਖਿਆ ਮੰਤਰੀ ਸ਼੍ਰੀ ਵਿਜੈਇੰਦਰ ਸਿੰਗਲਾ ਦੀ ਯੋਗ ਅਗਵਾਈ ਹੇਠ ਹੋਏ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਰਚੂਅਲ ਅਧਿਆਪਕ ਦਿਵਸ ਸਮਾਗਮ ਉਪਰੰਤ ਕੀਤਾ।
ਸਮਾਗਮ ਦੌਰਾਨ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਵਸੁੰਧਰਾ ਕਪਿਲਾ ਨੇ ਦੱਸਿਆ ਕਿ ਜਿਸਦੀ ਸੋਚ ਦਾ ਦਾਇਰਾ ਸਰਵ-ਵਿਆਪਕ ਹੁੰਦਾ ਹੈ, ਨਵ-ਨਿਰਮਾਤਾ ਹੁੰਦਾ ਹੈ ਉਹ ਇੱਕ ਅਧਿਆਪਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਇੱਕ ਮੋਮਬੱਤੀ ਵਾਂਗ ਹੁੰਦਾ ਹੈ ਜੋ ਖੁਦ ਜਲ ਕੇ, ਬੱਚਿਆਂ ਦੇ ਭਵਿੱਖ ਨੂੰ ਰੌਸ਼ਨਾਉਂਦਾ ਹੈ। ਇਸ ਮੌਕੇ ਉਨ੍ਹਾਂ ਵਰਚੂਅਲ ਪ੍ਰੋਗਰਾਮ ਚ ਸ਼ਾਮਲ ਸਮੂਹ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀਆਂ ਮੁਬਾਰਕਾਂ ਵੀ ਦਿੱਤੀਆਂ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਕੁਲਵਿੰਦਰ ਸਿੰਘ ਸਰਾਏ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਬਾਬਾ ਆਲਾ ਸਿੰਘ ਦੀ ਅਧਿਆਪਕਾ ਰੁਪਿੰਦਰਜੀਤ ਕੌਰ ਨੂੰ ਆਪਣੀਆਂ ਸ਼ਾਨਦਾਰ ਸੇਵਾਵਾਂ ਤਹਿਤ ਸਟੇਟ ਐਵਾਰਡ ਨਾਲ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਐਵਾਰਡ ਉਨ੍ਹਾਂ ਦੀ ਸਕੂਲ ਪ੍ਰਤੀ ਲਗਨ ਅਤੇ ਕੋਰੋਨਾ ਕਾਲ ਸਮੇਂ ਬੱਚਿਆਂ ਨੂੰ ਆਪਣੇ ਸ਼ੋਸ਼ਲ ਮੀਡੀਆ ਤਹਿਤ ਪੜ੍ਹਾਈ ਤਹਿਤ ਦਿੱਤੀਆਂ ਵਧੀਆ ਸੇਵਾਵਾਂ ਤੋਂ ਇਲਾਵਾ ਉਨ੍ਹਾਂ ਵੱਲੋਂ ਸਕੂਲ ਸਬੰਧੀ ਹੋਰ ਕੀਤੀ ਸਖ਼ਤ ਮਿਹਨਤ ਦਾ ਨਤੀਜ਼ਾ ਹੈ। ਉਨ੍ਹਾਂ ਕਿਹਾ ਕਿ ਸਕੂਲ ਦੀ ਤਰੱਕੀ ਲਈ ਪਾਏ ਯੋਗਦਾਨ ਸਦਕਾ ਹੀ ਉਨ੍ਹਾਂ ਦੀ ਸਿੱਖਿਆ ਵਿਭਾਗ ਨੇ ਸਟੇਟ ਐਵਾਰਡ ਦੇ ਲਈ ਚੋਣ ਕੀਤੀ ਸੀ।
ਇਸ ਮੌਕੇ ਸ਼੍ਰੀ ਕੀਰਤੀ ਦੇਵ ਐਮ.ਆਈ.ਐਸ. ਕੁਆਰਡੀਨੇਟਰ, ਸ਼੍ਰੀ ਹਰਬੀਰ ਸਿੰਘ ਆਦਿ ਹਾਜ਼ਰ ਸਨ।