ਕਿਸਾਨ ਸੰਘਰਸ਼ : ਮੌਕਾਪ੍ਰਸਤ ਸਿਆਸੀ ਪਾਰਟੀਆਂ ਦੀਆਂ ਚੋਣ ਮੁਹਿੰਮਾਂ ਨਾਲ ਨਜਿੱਠਣ ਲਈ ਪਹੁੰਚ ਦਾ ਮਸਲਾ

Advertisement
Spread information

ਕਿਸਾਨ ਸੰਘਰਸ਼ : ਮੌਕਾਪ੍ਰਸਤ ਸਿਆਸੀ ਪਾਰਟੀਆਂ ਦੀਆਂ ਚੋਣ ਮੁਹਿੰਮਾਂ ਨਾਲ ਨਜਿੱਠਣ ਲਈ ਪਹੁੰਚ ਦਾ ਮਸਲਾ


ਪਰਦੀਪ ਕਸਬਾ , ਬਰਨਾਲਾ, 5 ਸਤੰਬਰ 2021

ਚੱਲ ਰਹੇ ਕਿਸਾਨ ਸੰਘਰਸ਼ ਦਰਮਿਆਨ ਪੰਜਾਬ ਅੰਦਰ ਹਾਕਮ ਜਮਾਤੀ ਸਿਆਸੀ ਪਾਰਟੀਆਂ ਦੀਆਂ ਚੋਣ ਮੁਹਿੰਮਾਂ ਵੀ ਸ਼ੁਰੂ ਹੋ ਗਈਆਂ ਹਨ। ਹਾਕਮ ਜਮਾਤੀ ਸਿਆਸੀ ਪਾਰਟੀਆਂ ਦੀਆਂ ਚੋਣ ਮੁਹਿੰਮਾਂ ਪ੍ਰਤੀ ਕਿਸਾਨ ਸੰਘਰਸ਼ ਵੱਲੋਂ ਕੀ ਰੁਖ਼ ਅਖਤਿਆਰ ਕੀਤਾ ਜਾਵੇ ਇਹ ਸਵਾਲ ਅੱਜ ਕੱਲ੍ਹ ਪੰਜਾਬ ਅੰਦਰ ਉੱਭਰਵੀਂ ਚਰਚਾ ਦਾ ਮੁੱਦਾ ਬਣਿਆ ਹੋਇਆ ਹੈ।

Advertisement

ਹਾਕਮ ਜਮਾਤੀ ਵੋਟ ਪਾਰਟੀਆਂ ਵੱਲੋਂ ਸ਼ੁਰੂ ਕੀਤੀਆਂ ਜਾ ਰਹੀਆਂ ਚੋਣ ਮੁਹਿੰਮਾਂ ਆਮ ਕਰਕੇ ਹੀ ਸੰਘਰਸ਼ਸ਼ੀਲ ਲੋਕਾਂ ਦਾ ਆਪਣੇ ਹੱਕੀ ਮੰਗਾਂ ਮਸਲਿਆਂ ਤੋਂ ਧਿਆਨ ਭਟਕਾਉਣ, ਉਨ੍ਹਾਂ ਦੇ ਹਕੀਕੀ ਮੁੱਦਿਆਂ ਨੂੰ ਰੋਲਣ, ਨਕਲੀ ਮੁੱਦਿਆਂ ਜਾਂ ਦੋਮ ਦਰਜੇ ਦੇ ਮੁੱਦਿਆਂ ਨੂੰ ਉਭਾਰਨ ਦਾ ਜ਼ਰੀਆ ਹੁੰਦੀਆਂ ਹਨ ਤੇ ਇਉਂ ਲੋਕਾਂ ਦੀ ਸੰਘਰਸ਼ ਸਰਗਰਮੀ ਨੂੰ ਨਾਂਹ ਪੱਖੀ ਰੁਖ਼ ਪ੍ਰਭਾਵਤ ਕਰਦੀਆਂ ਹਨ। ਸੂਬੇ ਅੰਦਰ ਚੱਲ ਰਹੇ ਇਤਿਹਾਸਕ ਕਿਸਾਨ ਸੰਘਰਸ਼ ਦੇ ਪ੍ਰਸੰਗ ਵਿੱਚ ਵੀ ਇਹ ਗੱਲ ਉਵੇਂ ਹੀ ਸੱਚ ਹੈ ਕਿ ਮੌਕਾਪ੍ਰਸਤ ਸਿਆਸੀ ਪਾਰਟੀਆਂ ਦੀ ਚੋਣ ਸਰਗਰਮੀ ਕਿਸਾਨ ਜਨਤਾ ਦਾ ਸੰਘਰਸ਼ ਤੋਂ ਧਿਆਨ ਭਟਕਾਉਣ ਦਾ ਹੀ ਜ਼ਰੀਆ ਬਣਦੀ ਹੈ ਤੇ ਪਾਰਟੀਆਂ ਦੀਆਂ ਰੈਲੀਆਂ ਇਕੱਠਾਂ ‘ਚ ਸ਼ਮੂਲੀਅਤ ਉਨ੍ਹਾਂ ਦੀ ਊਰਜਾ ਨੂੰ ਵਿਅਰਥ ਗਵਾਉਣ ਤੇ ਕਿਸਾਨ ਏਕੇ ‘ਚ ਪਾਟਕ ਪਾਉਣ ਦਾ ਸਾਧਨ ਬਣਦੀ ਹੈ। ਇਸ ਲਈ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨਾਂ ਨੂੰ ਜਨਤਾ ਨੂੰ ਇਹ ਸੱਦਾ ਦਿੱਤਾ ਜਾਣਾ ਚਾਹੀਦਾ ਹੈ ਕਿ ਉਹ ਆਪਣਾ ਧਿਆਨ ਸੰਘਰਸ਼ ‘ਤੇ ਕੇਂਦਰਿਤ ਕਰਨ, ਪਾਰਟੀਆਂ ਦੀਆਂ ਚੋਣ ਮੁਹਿੰਮਾਂ ਚ ਸ਼ਮੂਲੀਅਤ ਨਾਲ ਆਪਣੀ ਊਰਜਾ ਵਿਅਰਥ ਨਾ ਗਵਾਉਣ ਸਗੋਂ ਇਸ ਊਰਜਾ ਨੂੰ ਚੱਲ ਰਹੇ ਕਿਸਾਨ ਸੰਘਰਸ਼ ਨੂੰ ਹੋਰ ਤਿੱਖਾ ਤੇ ਤੇਜ਼ ਕਰਨ ਲਈ ਜੁਟਾਉਣ।

ਪਾਰਟੀਆਂ ਦੀਆਂ ਚੋਣ ਮੁਹਿੰਮਾਂ ਦੇ ਮੁਕਾਬਲੇ ਆਪਣੇ ਹਕੀਕੀ ਬੁਨਿਆਦੀ ਮੁੱਦਿਆਂ ਨੂੰ ਉਭਾਰਨ ਤੇ ਪਾਰਟੀਆਂ ਨੂੰ ਇਨ੍ਹਾਂ ਬੁਨਿਆਦੀ ਨੀਤੀ ਮੁੱਦਿਆਂ ਬਾਰੇ ਆਪਣਾ ਰੁਖ ਸਪਸ਼ਟ ਕਰਨ ਲਈ ਮਜਬੂਰ ਕਰਨ। ਚੱਲ ਰਹੇ ਸੰਘਰਸ਼ ਦੌਰਾਨ ਕਿਸਾਨ ਜਥੇਬੰਦੀਆਂ ਦਾ ਇਸ ਅਰਸੇ ਅੰਦਰ ਇਹ ਇੱਕ ਅਹਿਮ ਕਾਰਜ ਬਣਦਾ ਹੈ ਪਰ ਇਸ ਕਾਰਜ ਨੂੰ ਨਿਭਾਉਣ ਦੀ ਸਥਾਨਬੰਦੀ ਤੇ ਸ਼ਕਲਾਂ ਸੰਘਰਸ਼ ਦੀਆਂ ਬਾਕੀ ਲੋੜਾਂ ਦੇ ਅਨੁਸਾਰ ਹੀ ਤੈਅ ਕੀਤੀ ਜਾਣੀਆਂ ਚਾਹੀਦੀਆਂ ਹਨ । ਬਾਕੀ ਜ਼ਰੂਰਤਾਂ ਤੋਂ ਭਾਵ ਸੰਘਰਸ਼ ਨੂੰ ਹੋਰ ਤਿੱਖਾ ਤੇਜ਼ ਤੇ ਵਿਸ਼ਾਲ ਕਰਨ ਦੀ ਜ਼ਰੂਰਤਾਂ ਤੋਂ ਹੈ। ਕਿਸਾਨ ਜਨਤਾ ਨੂੰ ਪਾਰਟੀਆਂ ਦੀਆਂ ਚੋਣ ਮੁਹਿੰਮਾਂ ਤੋਂ ਦੂਰ ਰਹਿਣ ਲਈ ਚੇਤਨ ਕਰਨ ਤੇ ਪ੍ਰੇਰਨ ਰਾਹੀਂ ਤਿਆਰ ਕਰਨਾ ਚਾਹੀਦਾ ਹੈ।

ਸੰਘਰਸ਼ ਲੜਦਿਆਂ ਇਸ ਪਹੁੰਚ ਨੂੰ ਵੀ ਲੋੜੀਂਦਾ ਵਜ਼ਨ ਦੇ ਕੇ ਚੱਲਣ ਦੀ ਲੋੜ ਹੈ ਕਿ ਸੰਘਰਸ਼ ਦੇ ਚੋਟ ਨਿਸ਼ਾਨੇ ਨੂੰ ਸੀਮਤ ਰੱਖਿਆ ਜਾਣਾ ਚਾਹੀਦਾ ਹੈ ਤੇ ਹਾਕਮ ਜਮਾਤੀ ਮੌਕਾਪ੍ਰਸਤ ਪਾਰਟੀਆਂ ਦੇ ਆਪਸੀ ਸ਼ਰੀਕਾ ਭੇੜ ਦਾ ਕਿਸਾਨ ਸੰਘਰਸ਼ ਲਈ ਲਾਹਾ ਵੀ ਲਿਆ ਜਾਣਾ ਚਾਹੀਦਾ ਹੈ। ਇਸਦਾ ਭਾਵ ਮੁੱਖ ਚੋਟ ਨਿਸ਼ਾਨਾ ਭਾਜਪਾ ਨੂੰ ਬਣਾਇਆ ਜਾਵੇ ਪਰ ਦੂਸਰੀਆਂ ਹਾਕਮ ਜਮਾਤੀ ਸਿਆਸੀ ਪਾਰਟੀਆਂ ਵੱਲੋਂ ਕਾਨੂੰਨਾਂ ਦੇ ਕੀਤੇ ਜਾ ਰਹੇ ਨਕਲੀ ਵਿਰੋਧ ਦਾ ਪਰਦਾ ਚਾਕ ਕੀਤਾ ਜਾਵੇ , ਉਨ੍ਹਾਂ ਨੂੰ ਖੇਤੀ ਕਾਨੂੰਨਾਂ ਪਿੱਛੇ ਕੰਮ ਕਰਦੀਆਂ ਨੀਤੀਆਂ ਬਾਰੇ ਪੁਜ਼ੀਸ਼ਨ ਸਾਫ਼ ਕਰਨ ਲਈ ਮਜਬੂਰ ਕੀਤਾ ਜਾਵੇ । ਵਿਸ਼ੇਸ਼ ਕਰਕੇ ਪੰਜਾਬ ਅੰਦਰ ਰਾਜ ਕਰ ਰਹੀ ਕਾਂਗਰਸ ਪਾਰਟੀ ਵੱਲੋਂ ਚੁੱਕੇ ਗਏ ਕਿਸਾਨ ਵਿਰੋਧੀ ਕਦਮਾਂ ਬਾਰੇ ਵੀ ਆਵਾਜ਼ ਉਠਾਈ ਜਾਵੇ ਤੇ ਅਹਿਮ ਕਿਸਾਨ ਮੰਗਾਂ ਪੰਜਾਬ ਸਰਕਾਰ ਅੱਗੇ ਪੇਸ਼ ਜਾਣ।

ਪਰ ਪਾਰਟੀਆਂ ਦਾ ਪਰਦਾ ਚਾਕ ਕਰਨ ਲਈ ਕੀਤੀ ਜਾਣ ਵਾਲੀ ਸਰਗਰਮੀ ਦੇ ਪੱਧਰ ਅਤੇ ਸ਼ਕਲਾਂ ਦੀ ਚੋਣ ਇਸ ਗਿਣਤੀ ਨੂੰ ਵੀ ਧਿਆਨ ‘ਚ ਰੱਖਦਿਆਂ ਕੀਤੀ ਜਾਣੀ ਚਾਹੀਦੀ ਹੈ ਕਿ ਪਰਦਾਚਾਕ ਕਰਨ ਲਈ ਅਪਣਾਏ ਜਾਣ ਵਾਲੇ ਤਰੀਕਿਆਂ ਦਾ ਭਾਜਪਾ ਦੇ ਵਿਰੋਧ ਕਰਨ ਲਈ ਅਪਣਾਏ ਜਾਣ ਵਾਲੇ ਤਰੀਕਿਆਂ ਨਾਲੋਂ ਵਖਰੇਵਾਂ ਹੋਣਾ ਚਾਹੀਦਾ ਹੈ। ਜੇ ਇਹ ਵਖਰੇਵਾਂ ਨਹੀਂ ਰਹਿੰਦਾ ਭਾਵ ਭਾਜਪਾ ਵਾਂਗ ਹੀ ਦੂਸਰੀਆਂ ਪਾਰਟੀਆਂ ਨੂੰ ਵੀ ਚੋਟ ਨਿਸ਼ਾਨੇ ‘ਤੇ ਲੈ ਲਿਆ ਜਾਂਦਾ ਹੈ ਤਾਂ ਪਾਰਟੀਆਂ ਦੇ ਆਪਸੀ ਸ਼ਰੀਕਾ ਭੇੜ ਨੂੰ ਵਰਤਣ ਦੀ ਗੁੰਜਾਇਸ਼ ਵੀ ਮੱਧਮ ਹੋ ਜਾਂਦੀ ਹੈ। ਕੇਂਦਰੀ ਹਕੂਮਤ ਖਿਲਾਫ ਪੈਣ ਵਾਲਾ ਸੰਘਰਸ਼ ਦਾ ਬੱਝਵਾਂ ਜ਼ੋਰ ਵੀ ਹੋਰ ਪਾਸਿਆਂ ਨੂੰ ਪਾਟਵਾਂ ਹੋ ਜਾਂਦਾ ਹੈ। ਇਸਦਾ ਭਾਵ ਇਹ ਹੈ ਕਿ ਚੋਟ ਨਿਸ਼ਾਨੇ ਨੂੰ ਸੀਮਤ ਰੱਖਣਾ ਤੇ ਪਾਰਟੀਆਂ ਦੇ ਆਪਸੀ ਵਿਰੋਧ ਨੂੰ ਵਰਤਣਾ ਇਹ ਦੋ ਅਜਿਹੇ ਪਹਿਲੂ ਹਨ ਜਿਹੜੇ ਬਾਕੀ ਪਾਰਟੀਆਂ ਦਾ ਪਰਦਾਚਾਕ ਕਰਨ ਲਈ ਅਪਣਾਏ ਜਾਣ ਵਾਲੇ ਢੰਗ ਤਰੀਕਿਆਂ ਨੂੰ ਤੈਅ ਕਰਨ ਵਿੱਚ ਆਪਣਾ ਵਜ਼ਨ ਪਾਉਂਦੇ ਹਨ। ਕਿਸਾਨ ਜਥੇਬੰਦੀਆਂ ਨੂੰ ਠੋਸ ਸ਼ਕਲਾਂ ਤੈਅ ਕਰਨ ਵੇਲੇ ਇਨ੍ਹਾਂ ਦੋਨਾਂ ਪਹਿਲੂਆਂ ਨੂੰ ਮਹੱਤਵ ਦੇ ਕੇ ਚੱਲਣਾ ਚਾਹੀਦਾ ਹੈ।

ਪਾਰਟੀਆਂ ਨੂੰ ਸਵਾਲ ਕਰਨ ਰਾਹੀਂ ਉਹਨਾਂ ਦੇ ਕਿਰਦਾਰ ਤੇ ਵਿਵਹਾਰ ਦਾ ਪਰਦਾ ਚਾਕ ਕਰਨ ਦੀ ਸਰਗਰਮੀ ਵੀ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਲੋੜੀਂਦੀ ਹੈ ਪਰ ਇਹ ਕਿਸਾਨ ਸੰਘਰਸ਼ ਨੂੰ ਤਿੱਖੇ ਤੇ ਤੇਜ਼ ਕਰਨ ਦੀਆਂ ਫੌਰੀ ਜ਼ਰੂਰਤਾਂ ਤੋਂ ਪਹਿਲ ਦੀ ਹੱਕਦਾਰ ਨਹੀਂ ਬਣਦੀ। ਅਜਿਹਾ ਨਹੀਂ ਹੋਣਾ ਚਾਹੀਦਾ ਕਿ ਦਿੱਲੀ ਮੋਰਚੇ ਤੇ ਪੰਜਾਬ ਅੰਦਰਲੇ ਨਾਕਿਆਂ ਦੇ ਨਾਲ ਨਾਲ ਭਾਜਪਾਈ ਆਗੂਆਂ ਦੇ ਘਿਰਾਓ ਐਕਸ਼ਨ ਤੇਜ਼ ਕਰਨ ਅਤੇ ਹੋਰਨਾਂ ਕਾਰਪੋਰੇਟਾਂ ਦੇ ਹੋਰਨਾਂ ਕਾਰੋਬਾਰਾਂ ਦਾ ਸ਼ਿਕੰਜਾ ਕੱਸਣ ਦੀਆਂ ਜ਼ਰੂਰਤਾਂ ਨਾਲੋਂ ਪਹਿਲ ਮੌਕਾਪ੍ਰਸਤ ਪਾਰਟੀਆਂ ਦੀਆਂ ਰੈਲੀਆਂ ‘ਚ ਸਵਾਲ ਕਰਨ ਦੇ ਕਾਰਜ ਨੂੰ ਬਣ ਜਾਵੇ।

ਇਉਂ ਕਰਨ ਦਾ ਅਰਥ ਸੰਘਰਸ਼ ਤੇਜ਼ ਕਰਨ ਲਈ ਜੁਟਾਈ ਜਾਣ ਵਾਲੀ ਸ਼ਕਤੀ ਨੂੰ ਕਈ ਪਾਸੇ ਵੰਡ ਲੈਣਾ ਹੋਵੇਗਾ। ਪਾਰਟੀਆਂ ਦੀਆਂ ਮੁਹਿੰਮਾਂ ਦਾ ਪਰਦਾਚਾਕ ਕਰਨ ਲਈ ਜੁਟਾਈ ਜਾਣ ਵਾਲੀ ਸ਼ਕਤੀ ਸੰਘਰਸ਼ ਦੇ ਮੁੱਖ ਚੋਟ ਨਿਸ਼ਾਨੇ ‘ਤੇ ਕੇਂਦਰਿਤ ਕਰਨ ਦੀ ਕੀਮਤ ‘ਤੇ ਨਹੀਂ ਜੁਟਾਈ ਜਾਣੀ ਚਾਹੀਦੀ ਹੈ। ਸਿਆਸੀ ਪਾਰਟੀਆਂ ਦੀਆਂ ਚੋਣ ਮੁਹਿੰਮਾਂ ‘ਚ ਵਿਘਨ ਪਾਊ ਐਕਸ਼ਨ ਆਪਣੇ ਆਪ ਚ ਹੀ ਕਈ ਤਰ੍ਹਾਂ ਦੇ ਨਵੇਂ ਉਲਝਾਅ ਖੜ੍ਹੇ ਕਰ ਸਕਦੇ ਹਨ ਤੇ ਇਨ੍ਹਾਂ ਨਾਲ ਬਣਨ ਵਾਲਾ ਉਲਝਾਅ ਮੋੜਵੇਂ ਰੂਪ ‘ਚ ਕਿਸਾਨ ਸੰਘਰਸ਼ ਵੱਲੋਂ ਮੋਦੀ ਸਰਕਾਰ ‘ਤੇ ਕੇਂਦਰਤ ਸੱਟ ਮਾਰਨ ਦੀ ਸਮਰੱਥਾ ਨੂੰ ਕਮਜ਼ੋਰ ਕਰੇਗਾ।

ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਪਾਰਟੀਆਂ ਤੇ ਮੌਕਾਪ੍ਰਸਤ ਸਿਆਸਤਦਾਨਾਂ ਨੂੰ ਸਵਾਲ ਕਰਨ ਰਾਹੀਂ ਉਨ੍ਹਾਂ ਦਾ ਅਸਲਾ ਉਘਾੜਨ ਦੀ ਸਰਗਰਮੀ ਨੂੰ ਕਿਸਾਨ ਸੰਘਰਸ਼ ਨੂੰ ਹੋਰ ਡੂੰਘਾ, ਤੇਜ਼ ਤੇ ਵਿਸ਼ਾਲ ਕਰਨ ਅਤੇ ਸੰਘਰਸ਼ ਦਾਬ ਚੋਟ ਨਿਸ਼ਾਨੇ ‘ਤੇ ਕੇਂਦਰਿਤ ਰੱਖਣ ਦੀਆਂ ਜ਼ਰੂਰਤਾਂ ਨਾਲ ਸੁਮੇਲਣਾ ਚਾਹੀਦਾ ਹੈ। ਸਮੁੱਚੀਆਂ ਸੰਘਰਸ਼ ਜ਼ਰੂਰਤਾਂ ਦੇ ਚੌਖਟੇ ਵਿੱਚ ਹੀ ਮੌਕਾਪ੍ਰਸਤ ਪਾਰਟੀਆਂ ਦੀਆਂ ਚੋਣ ਮੁਹਿੰਮ ਨਾਲ ਨਜਿੱਠਣਾ ਚਾਹੀਦਾ ਹੈ।

Advertisement
Advertisement
Advertisement
Advertisement
Advertisement
error: Content is protected !!