ਸਰਕਾਰੀ ਮਿਡਲ ਸਕੂਲ ਧਨੇਰ ‘ਚ ਨਹੀਂ ਕੋਈ ਅਧਿਆਪਕ
ਅੱਕੇ ਪਿੰਡ ਵਾਸੀਆਂ ਨੇ ਸਕੂਲ ਦੇ ਗੇਟ ਅੱਗੇ ਲਾਇਆ ਧਰਨਾ
ਗੁਰਸੇਵਕ ਸਹੋਤਾ, ਮਹਿਲ ਕਲਾਂ 02 ਸਤੰਬਰ 2021
ਸਰਕਾਰੀ ਮਿਡਲ ਸਕੂਲ ਪਿੰਡ ਧਨੇਰ ਵਿਖੇ ਬੱਚਿਆਂ ਨੂੰ ਪੜ੍ਹਾਉਣ ਲਈ ਅਧਿਆਪਕ ਨਾ ਹੋਣ ਕਰਕੇ ਪੰਜਾਬ ਸਰਕਾਰ ਤੇ ਜਿਲ੍ਹਾ ਪ੍ਰਸ਼ਾਸ਼ਨ ਤੋਂ ਅੱਕੇ ਪਿੰਡ ਵਾਸੀਆਂ ਵੱਲੋਂ ਗ੍ਰਾਮ ਪੰਚਾਇਤ, ਸਕੂਲ ਮੈਨੇਜਮੈਂਟ ਕਮੇਟੀ ਤੇ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਸਕੂਲ ਦੇ ਮੁੱਖ ਗੇਟ ਅੱਗੇ ਧਰਨਾ ਲਾ ਕੇ ਜੋਰਦਾਰ ਨਾਅਰੇਬਾਜੀ ਕੀਤੀ |
ਇਸ ਮੌਕੇ ਪਿੰਡ ਵਾਸੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰੀ ਮਿਡਲ ਸਕੂਲ ‘ਚ ਅਧਿਆਪਕਾ ਦੀ ਘਾਟ ਨੂੰ ਪੂਰਾ ਨਾ ਕੀਤਾ ਸਕੂਲ ਨੂੰ ਪੱਕੇ ਤੌਰ ਤੇ ਜਿੰਦਰਾ ਠੋਕ ਦਿੱਤਾ ਜਾਵੇਗਾ | ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਤੇ ਸੂਬਾਈ ਆਗੂ ਮਨਜੀਤ ਸਿੰਘ ਧਨੇਰ,ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਸਤਨਾਮ ਸਿੰਘ ਧਨੇਰ,ਸਰਪੰਚ ਵੀਰਪਾਲ ਕੌਰ ਧਨੇਰ ਤੇ ਸਕੂਲ ਮੈਨੇਜਮੈਟ ਕਮੇਟੀ ਦੇ ਪ੍ਰਧਾਨ ਦੀਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵੱਲੋਂ ਇੱਕ ਪਾਸੇ ਤਾਂ ਸਰਕਾਰੀ ਸਕੂਲਾਂ ‘ਚ ਬੱਚਿਆਂ ਦੀ ਗਿਣਤੀ ਵਧਾਉਣ ਤੇ ਜੋਰ ਦਿੱਤਾ ਜਾ ਰਿਹਾ ਹੈ | ਦੂਜੇ ਪਾਸੇ ਸਰਕਾਰੀ ਮਿਡਲ ਸਕੂਲ ਧਨੇਰ ਵਿਖੇ ਸਾਰੇ ਅਧਿਆਪਕਾਂ ਦੀਆਂ ਬਦਲੀਆਂ ਹੋ ਚੁੱਕੀਆਂ ਹਨ | ਜੋ ਅਧਿਆਪਕਾਂ ਬੱਚਿਆਂ ਨੂੰ ਪੜ੍ਹਾ ਰਹੀ ਹੈ ਉਸਦੀ ਵੀ ਕੁਝ ਸਮਾਂ ਪਹਿਲਾਂ ਬਦਲੀ ਹੋ ਚੁੱਕੀ ਹੈ |
ਰੋਸ ਪ੍ਰਦਰਸ਼ਨ ਕਰਦਿਆਂ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਮਿਡਲ ਸਕੂਲ ‘ਚ ਅਧਿਆਪਕਾ ਦੀ ਘਾਟ ਨੂੰ ਤੁਰੰਤ ਪੂਰਾ ਕੀਤਾ ਜਾਵੇ | ਜੇਕਰ ਪੰਜਾਬ ਸਰਕਾਰ ਨੇ ਅਧਿਆਪਕਾ ਦੀ ਘਾਟ ਨੂੰ ਪੂਰਾ ਨਾ ਕੀਤਾ ਤਾਂ ਪਿੰਡ ਵਾਸੀ ਤਿੱਖਾਂ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਣਕੇ | ਸਾਬਕਾ ਸਰਪੰਚ ਜਸਵਿੰਦਰ ਸਿੰਘ ਖਾਲਸਾ, ਬੂਟਾ ਸਿੰਘ ਧਨੇਰ, ਸਤਨਾਮ ਸਿੰਘ,ਗੁਰਿੰਦਰ ਸਿੰਘ,ਬੀਰਾ ਸਿੰਘ,ਬਲਾਕ ਆਗੂ ਸੁਖਵਿੰਦਰ ਕੌਰ,ਰਾਜਦੀਪ ਕੌਰ,ਰਮਨ ਕੌਰ,ਗੁਰਦੀਪ ਕੌਰ ਤੇ ਸੀਮਾ ਰਾਣੀ ਹਾਜਰ ਸਨ ।
ਇਸ ਮੌਕੇ ਡੀਓ ਦਫ਼ਤਰ ਬਰਨਾਲਾ ਵੱਲੋਂ ਭੇਜੇ ਪਿ੍ੰਸੀਪਲ ਸੁਨੀਲ ਕੁਮਾਰ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਸਮੱਸਿਆ ਦਾ ਜਲਦੀ ਹੱਲ ਕੀਤਾ ਜਾਵੇਗਾ |