ਅਡਾਨੀ ਵੱਲੋਂ ਹਿਮਾਚਲ ਦੀ ਸੇਬ ਮੰਡੀ ਨੂੰ ‘ਕਾਬੂ’ ਕਰਨ ਦੇ ਘਟਨਾਕਰਮ ਨੇ ਖੇਤੀ ਕਾਨੂੰਨਾਂ ਬਾਰੇ ਖਦਸ਼ਿਆਂ ਦੀ ਪੁਸ਼ਟੀ ਕੀਤੀ।
ਡੇਰਾ ਬਾਬਾ ਬੀਰਮ ਦਾਸ ਦੇ ਮਹੰਤ ਭਗਵਾਨ ਦਾਸ ਨੇ ਲੱਡੂਆਂ ਦਾ ਲੰਗਰ ਲਾਇਆ।
ਪਰਦੀਪ ਕਸਬਾ , ਬਰਨਾਲਾ: 02 ਸਤੰਬਰ, 2021
ਬੱਤੀ ਜਥੇਬੰਦੀਆਂ ‘ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 337 ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਅੱਜ ਧਰਨੇ ‘ਚ ਬੁਲਾਰਿਆਂ ਨੇ ਦਿੱਲੀ ਪੁਲਿਸ ਵੱਲੋਂ ਕਿਸਾਨਾਂ ਨੂੰ ਦੁਬਾਰਾ ਨੋਟਿਸ ਭੇਜਣ ਬਾਰੇ ਚਰਚਾ ਕੀਤੀ ਅਤੇ ਇਸ ਕੋਝੀ ਚਾਲ ਦੀ ਸਖਤ ਨਿਖੇਧੀ ਕੀਤੀ।
ਆਗੂਆਂ ਨੇ ਦਿੱਲੀ ਪੁਲਿਸ ਵਲੋਂ ਦਫਾ 160 ਸੀ.ਆਰ.ਪੀ.ਸੀ ਤਹਿਤ ਪੰਜਾਬ ਦੇ ਕਿਸਾਨਾਂ ਨੂੰ 26 ਜਨਵਰੀ ਦੀ ਘਟਨਾ ਸਮੇਂ ਦਰਜ ਕੀਤੀਆਂ ਐਫ.ਆਈ.ਆਰਜ. ਦੀ ਤਫਤੀਸ਼ ਵਿੱਚ ਸ਼ਾਮਿਲ ਹੋਣ ਲਈ ਭੇਜੇ ਜਾ ਰਹੇ ਨੋਟਿਸਾਂ ਨੂੰ ਇੱਕ ਬਦਲਾ-ਲਊ, ਦਹਿਸ਼ਤਨੁਮਾ ਤੇ ਭੜਕਾਊ ਕਾਰਵਾਈ ਕਰਾਰ ਦਿੱਤਾ। ਦਿੱਲੀ ਪੁਲਿਸ ਇਹ ਗੈਰ-ਸੰਵਧਾਨਿਕ ਅਤੇ ਗੈਰ-ਕਾਨੂੰਨੀ ਕਾਰਵਾਈ ਕੇਂਦਰ ਸਰਕਾਰ ਦੇ ਇਸ਼ਾਰੇ ‘ਤੇ ਕਰ ਰਹੀ ਹੈ।ਨੋਟਿਸਾਂ ਵਾਲੇ ਕਿਸਾਨਾਂ ਦੇ ਨਾਮ ਨਾ ਤਾਂ ਕਿਸੇ ਐਫਆਈਆਰ ਵਿੱਚ ਨਾਮਜਦ ਹਨ ਅਤੇ ਨਾ ਹੀ ਉਹ ਕਿਸੇ ਐਕਸ਼ਨ ਵਿੱਚ ਸ਼ਾਮਲ ਸਨ।
ਆਗੂਆਂ ਨੇ ਕਿਹਾ ਕਿ ਅੰਦੋਲਨ ਦੀ ਚੜ੍ਹਤ ਤੋਂ ਸਰਕਾਰ ਬੁਖਲਾ ਗਈ ਹੈ ਅਤੇ ਅਜਿਹੇ ਗੈਰ-ਜਮਹੂਰੀ ਕਦਮਾਂ ਰਾਹੀਂ ਉਹ 5 ਸਤੰਬਰ ਨੂੰ ਹੋਣ ਜਾ ਰਹੀ ਮੁਜੱਫਰਨਗਰ ਰੈਲੀ ਨੂੰ ਫੇਲ੍ਹ ਕਰਨਾ ਚਾਹੁੰਦੀ ਹੈ। ਪਰ ਕਿਸਾਨ ਸਰਕਾਰ ਦੀਆਂ ਇਨ੍ਹਾਂ ਗਿੱਦੜ- ਭਬਕੀਆਂ ਤੋਂ ਡਰਨ ਵਾਲੇ ਨਹੀਂ।
ਧਰਨੇ ਨੂੰ ਕਰਨੈਲ ਸਿੰਘ ਗਾਂਧੀ, ਮੇਲਾ ਸਿੰਘ ਕੱਟੂ, ਰਣਧੀਰ ਸਿੰਘ ਰਾਜਗੜ੍ਹ, ਨਛੱਤਰ ਸਿੰਘ ਸਹੌਰ, ਬਲਵਿੰਦਰ ਸਿੰਘ,ਜਸਪਾਲ ਚੀਮਾ, ਪ੍ਰੇਮਪਾਲ ਕੌਰ, ਗੁਰਚਰਨ ਸਿੰਘ ਸੁਰਜੀਤਪੁਰਾ, ਮਨਜੀਤ ਕੌਰ ਖੁੱਡੀ ਕਲਾਂ, ਬਲਵੀਰ ਕੌਰ ਕਰਮਗੜ੍ਹ, ਜਸਵੀਰ ਸਿੰਘ ਖੇੜੀ, ਮਿਲਖਾ ਸਿੰਘ ਤੇ ਚਰਨਜੀਤ ਕੌਰ, ਅਮਰਜੀਤ ਕੌਰ ਨੇ ਸੰਬੋਧਨ ਕੀਤਾ । ਬੁਲਾਰਿਆਂ ਨੇ ਅੱਜਕੱਲ੍ਹ ਹਿਮਾਚਲ ਪ੍ਰਦੇਸ਼ ਦੀ ਸੇਬ ਮੰਡੀ ਦੇ ਘਟਨਾਕਰਮ ਬਾਰੇ ਚਰਚਾ ਕੀਤੀ। ਆਗੂਆਂ ਨੇ ਦੱਸਿਆ ਕਿ ਅਡਾਨੀ ਐਗਰੋ ਫਰੈਸ਼ ਕੰਪਨੀ ਨੇ ਕੁੱਝ ਸਾਲ ਪਹਿਲਾਂ ਮੋਟੀ ਸਰਕਾਰੀ ਸਬਸਿਡੀ ਸਹਾਰੇ ਉਥੇ ਦਿਉ-ਕੱਦ ਕੋਲਡ ਸਟੋਰ ਉਸਾਰੇ।
ਸਾਡੇ ਪ੍ਰਧਾਨ ਮੰਤਰੀ ਦੇ ਕਾਰਪੋਰੇਟੀ ਦੋਸਤ ਗੌਤਮ ਅਡਾਨੀ ਦੀ ਮਾਲਕੀ ਵਾਲੀ ਇਹ ਕੰਪਨੀ ਹੁਣ ਆਪਣੇ ਵੱਡੇ ਵਿਤੀ ਸਰੋਤਾਂ ਤੇ ਸਰਕਾਰੀ ਸਰਪ੍ਰਸਤੀ ਸਹਾਰੇ ਹਿਮਾਚਲ ਦੀ 5000 ਕਰੋੜ ਦੀ ਸੇਬ ਮੰਡੀ ਨੂੰ ਆਪਣੀ ਮਰਜ਼ੀ ਅਨੁਸਾਰ ‘ਘੁਮਾਉਣ’ ਲੱਗੀ ਹੈ। ਇਹ ਕੰਪਨੀ ਖੁੱਲ੍ਹੀ ਮੰਡੀ ਵਿੱਚ 100 ਤੋਂ 250 ਰੁਪਏ ਪ੍ਰਤੀ ਕਿੱਲੋ ਵਾਲੇ ਸੇਬ 12 ਤੋਂ 72 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਖਰੀਦ ਰਹੀ ਹੈ।
ਸ਼ੁਕਰ ਹੈ ਕਿ ਏਪੀਐਮਸੀ ਮੰਡੀਆਂ ਅਜੇ ਤੱਕ ਕਾਇਮ ਹਨ ਜਿਨ੍ਹਾਂ ਦਾ ਸਹਾਰਾ ਹੁਣ ਸੇਬ ਉਤਪਾਦਕ ਲੈਣ ਲੱਗੇ ਹਨ। ਕਿਆਸ ਕਰੋ ਜੇਕਰ ਏਪੀਐਮਸੀ ਮੰਡੀਆਂ ਨਾ ਹੁੰਦੀਆਂ ਤਾਂ ਕੀ ਹਾਲ ਹੁੰਦਾ? ਪਰ ਜੇਕਰ ਕਾਲੇ ਖੇਤੀ ਕਾਨੂੰਨ ਲਾਗੂ ਹੋ ਗਏ ਤਾਂ ਇਹ ਕਿਆਸ ਹਕੀਕਤ ਬਣ ਜਾਵੇਗਾ। ਇਸ ਸੇਬ- ਮੰਡੀ ਘਟਨਾਕਰਮ ਨੇ ਇੱਕ ਵਾਰ ਫਿਰ ਕਿਸਾਨਾਂ ਦੇ ਖਦਸ਼ਿਆਂ ਦੀ ਪੁਸ਼ਟੀ ਕੀਤੀ ਹੈ।
ਅੱਜ ਡੇਰਾ ਬਾਬਾ ਬੀਰਮ ਦਾਸ ਦੇ ਮਹੰਤ ਭਗਵਾਨ ਦਾਸ ਨੇ ਲੱਡੂਆਂ ਦਾ ਲੰਗਰ ਲਾਇਆ। ਸੰਚਾਲਨ ਕਮੇਟੀ ਨੇ ਡੇਰੇ ਦਾ ਧੰਨਵਾਦ ਕੀਤਾ।
ਅੱਜ ਗੁਰਮੇਲ ਸਿੰਘ ਕਾਲੇਕੇ ਦੇ ਕਵੀਸ਼ਰੀ ਜਥੇ ਨੇ ਬੀਰਰਸੀ ਕਵੀਸ਼ਰੀ – ਗਾਇਣ ਰਾਹੀਂ ਪੰਡਾਲ ‘ਚ ਜੋਸ਼ ਭਰਿਆ।