ਸੀਐਮਉ ਡਾਕਟਰ ਗੁਰਿੰਦਰਬੀਰ ਸਿੰਘ ਨੇ ਕਿਹਾ, ਹੁਣੇ ਕਰਵਾਉਣੈ ਇਹਨੂੰ ਬੰਦ
ਸਕੂਲ ਅੰਦਰ ਬੰਦ ਬੰਦਿਆਂ ਚ, ਦਿੱਲੀ ਤੋਂ ਪੈਦਲ ਚੱਲ ਕੇ ਆਇਆ ਪਾਲਾ ਵੀ ਸ਼ਾਮਿਲ
ਹਰਿੰਦਰ ਨਿੱਕਾ ਬਰਨਾਲਾ 13 ਅਪ੍ਰੈਲ 2020
ਕੇਰੋਨਾ ਨੂੰ ਕੰਟਰੋਲ ਕਰਨ ਲਈ, ਜਿੱਥੇ ਸਿਹਤ ਵਿਭਾਗ ਤੇ ਜਿਲ੍ਹੇ ਦਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਸੁਹਿਰਦਤਾ ਨਾਲ ਲੱਗਾ ਹੋਇਆ ਹੈ। ਉੱਥੇ ਹੀ ਪਿੰਡ ਪੱਖੋ ਕਲਾਂ ਦੀ ਪੰਚਾਇਤ ਨੇ ਪੇਂਡੂ ਡਿਸਪੈਂਸਰੀ ਦੇ ਡਾਕਟਰ ਨੂੰ ਕਥਿਤ ਤੌਰ ਤੇ ਨਾਲ ਲੈ ਕੇ ਬਿਨਾਂ ਪ੍ਰਸ਼ਾਸਨਿਕ ਮੰਜੂਰੀ ਲਏ ਹੀ, ਸਰਕਾਰੀ ਪ੍ਰਾਇਮਰੀ ਸਕੂਲ ਨੂੰ ਹੀ ਆਈਸੋਲੇਸ਼ਨ ਕੇਂਦਰ ਬਣਾ ਦਿੱਤਾ। ਸਕੂਲ ਚ, ਹੀ ਪਿਛਲੇ 9 ਦਿਨ ਤੋਂ 22 ਬੰਦਿਆਂ ਨੂੰ ਇੱਕੋ ਜਗ੍ਹਾ ਤੇ ਸੋਸ਼ਲ ਦੂਰੀ ਦਾ ਧਿਆਨ ਰੱਖੇ , ਬਿਨਾਂ ਹੀ ਤਾੜ ਦਿੱਤਾ ਗਿਆ । 9 ਦਿਨ ਤੋਂ ਸਕੂਲ ਅੰਦਰ ਬੰਦ ਕੀਤੇ ਬੰਦਿਆਂ ਦਾ ਗੁੱਸਾ ਅੱਜ ਜਵਾਰ ਭਾਟੇ ਦੀ ਤਰਾਂ ਬਾਹਰ ਫੁੱਟ ਪਿਆ । ਨਾ ਕੋਈ ਪਰੋਪਰ ਦਵਾਈ ਦਿੱਤੀ ਗਈ ਤੇ ਨਾ ਹੀ ਖਾਣ-ਪੀਣ ਤੇ ਰਹਿਣ ਦਾ ਕੋਈ ਪੁਖਤਾ ਬੰਦੋਬਸਤ ਕੀਤਾ ਗਿਆ । ਇਹ ਜਾਣਕਾਰੀ ਵੀਡੀਉ ਕਾਲ ਰਾਹੀਂ ਸਕੂਲ ਚ, ਕਥਿਤ ਤੌਰ ਤੇ ਰੱਖੇ ਬੰਦਿਆਂ ਨੇ ਬਰਨਾਲਾ ਟੂਡੇ ਨੂੰ ਦਿੱਤੀ। ਅੱਧਖੜ ਉਮਰ ਦੇ ਪਾਲਾ ਸਿੰਘ ਨੇ ਦੱਸਿਆ ਕਿ ਉਹ ਦਿੱਲੀ ਖੇਤਰ ਚ, ਇੱਟਾਂ ਦੇ ਭੱਠੇ ਤੇ ਮਜਦੂਰੀ ਦਾ ਕੰਮ ਕਰਦਾ ਸੀ, ਲੌਕਡਾਉਣ ਤੋਂ ਬਾਅਦ ਹੀ ਉਹ 6 ਦਿਨ ਚ, ਪੈਦਲ ਚੱਲ ਕੇ ਆਪਣੇ ਪਿੰਡ ਪਹੁੰਚਿਆ। ਆਉਂਦਿਆਂ ਹੀ ਪੰਚਾਇਤ ਦੇ ਕੁਝ ਬੰਦਿਆਂ ਨੇ ਉਸ ਨੂੰ ਪਹਿਲਾਂ ਤੋਂ ਹੀ ਸਕੂਲ ਚ, ਬੰਦ ਹੋਰ ਬੰਦਿਆਂ ਦੇ ਕੋਲ ਛੱਡ ਦਿੱਤਾ। ਗੁਰਮੇਲ ਸਿੰਘ ਪੁੱਤਰ ਸੋਹਣ ਸਿੰਘ ਤੇ ਗੁਰਪ੍ਰੀਤ ਸਿੰਘ ਲੁਧਿਆਣੇ ਤੋਂ ਮੋਟਰ ਸਾਈਕਲ ਤੇ ਪਿੰਡ ਪਹੁੰਚੇ। ਇੱਨ੍ਹਾਂ ਦੋਵਾਂ ਨੂੰ ਵੀ ਸਕੂਲ ਚ, ਕਾਇਮ ਕੀਤੇ ਜੁਗਾੜੂ ਆਈਸੋਲੇਸ਼ਨ ਕੇਂਦਰ ਚ ,ਬੰਦ ਕਰ ਦਿੱਤਾ। ਸਕੂਲ ਚ, ਕਥਿਤ ਤੌਰ ਤੇ ਬੰਦ ਕਰਕੇ ਰੱਖੇ ਬੰਦਿਆ ਨੇ ਕਿਹਾ ਕਿ ਨਾ ਤੇ ਉਨ੍ਹਾਂ ਦਾ ਕੋਈ ਸੈਂਪਲ ਲੈ ਕੇ ਜਾਂਚ ਲਈ ਭੇਜਿਆ ਗਿਆ ਹੈ ਤੇ ਨਾ ਹੀ ਕੋਈ ਦਵਾਈ ਤੇ ਖਾਣੇ ਦਾ ਪ੍ਰਬੰਧ ਹੈ। ਮੰਜੇ ਵੀ ਉਹ ਆਪਣੇ ਘਰਾਂ ਤੋਂ ਲੈ ਕੇ ਆਏ ਹਨ। ਇਸ ਬਾਰੇ ਦੱਸਣ ਲਈ ਕੋਈ ਵੀ ਪੰਚਾਇਤ ਦਾ ਨੁਮਾਇੰਦਾ ਤਿਆਰ ਨਹੀਂ, ਕਿ ਇਹ ਸਭ ਕੁਝ ਉਹ ਕਿਸ ਦੀਆਂ ਹਦਾਇਤਾਂ ਤੇ ਕਰ ਰਹੇ ਹਨ। ਇਸ ਸਬੰਧੀ ਗੱਲ ਕਰਨ ਤੇ ਸਿਵਲ ਸਰਜ਼ਨ ਡਾਕਟਰ ਗੁਰਿੰਦਰਬੀਰ ਸਿੰਘ ਨੇ ਕਿਹਾ ਕਿ ਪੱਖੋ ਕਲਾਂ ਕੋਈ ਅਧਿਕਿਰਤ ਆਈਸੋਲੇਸ਼ਨ ਕੇਂਦਰ ਸਥਾਪਿਤ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹੁਣੇ ਹੀ ਉਹ ਸਕੂਲ ਚ, ਕਥਿਤ ਤੌਰ ਤੇ ਆਈਸੋਲੇਟ ਕੀਤੇ ਬੰਦਿਆਂ ਨੂੰ ਘਰੋ-ਘਰ ਭਿਜਵਾ ਰਹੇ ਹਨ। ਉਨ੍ਹਾਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪੱਧਰ ਤੇ ਕੋਈ ਵੀ ਅਜਿਹਾ ਕਦਮ ਨਾ ਚੁੱਕਣ, ਜਿਸ ਨਾਲ ਫਾਇਦੇ ਦੀ ਬਜ਼ਾਏ ਨੁਕਸਾਨ ਹੋ ਜਾਵੇ। ਪਿੰਡ ਦੀ ਸਰਪੰਚ ਬਲਕਰਨ ਕੌਰ ਨੂੰ ਪੰਚਾਇਤ ਦਾ ਪੱਖ ਜਾਣਨ ਲਈ ਕਈ ਵਾਰ ਫੋਨ ਕੀਤੇ, ਪਰ ਉਨਾਂ ਫੋਨ ਨਹੀਂ ਚੁੱਕਿਆ। ਉੱਧਰ ਸਰਕਾਰੀ ਡਿਸਪੈਂਸਰੀ ਦੇ ਡਾਕਟਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਪੰਚਾਇਤ ਦਾ ਆਪਣਾ ਫੈਸਲਾ ਸੀ, ਮੈਂ ਤਾਂ ਡਾਕਟਰ ਹੋਣ ਦੇ ਨਾਤੇ ਸਕੂਲ ਚ, ਰੱਖੇ ਬੰਦਿਆਂ ਦੀ ਸਿਹਤ ਦੀ ਜਾਂਚ ਕਰਨ ਲਈ ਜਾਂਦਾ ਰਿਹਾ ਹਾਂ ।
–5 ਜਣਿਆਂ ਨੇ ਸਕੂਲ ਚ, ਲਾਇਆ ਧਰਨਾ, ਮੈਡੀਕਲ ਕਰਵਾਉਣ ਦੀ ਮੰਗ
ਸਕੂਲ ਚ, ਕਾਇਮ ਕੀਤੇ ਜਾਗਾੜੂ ਆਈਸੋਲੇਸ਼ਨ ਕੇਂਦਰ ਚ, ਰੱਖੇ ਬੰਦਿਆਂ ਨੂੰ ਜਦੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਹੁਕਮ ਤੋਂ ਬਾਅਦ ਪੰਚਾਇਤ ਨੇ ਸਕੂਲ ਚੋਂ ਬਾਹਰ ਘਰਾਂ ਨੂੰ ਜਾਣ ਲਈ ਕਿਹਾ ਤਾਂ, 5 ਕੁ ਬੰਦਿਆਂ ਨੇ ਆਪਣਾ ਮੈਡੀਕਲ ਚੈਕਅੱਪ ਕਰਵਾਉਣ ਦੀ ਮੰਗ ਰੱਖ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦਾ ਮੈਡੀਕਲ ਚੈਕਅੱਪ ਤੇ ਸੈਂਪਲਾਂ ਦੀ ਜਾਂਚ ਹੀ ਨਹੀ ਕਰਵਾਉਣੀ ਸੀ। ਫਿਰ ਉਨ੍ਹਾਂ ਨੂੰ 9 ਦਿਨ ਤੋਂ ਸਕੂਲ ਚ, ਬੰਦ ਕਰਕੇ ਕਿਉਂ ਰੱਖਿਆ ਗਿਆ । ਉਨ੍ਹਾਂ ਪੰਚਾਇਤ ਦੇ ਵਿਰੁੱਧ ਨਾਰੇਬਾਜੀ ਕਰਦੇ ਹੋਏ , ਜਿਲ੍ਹਾ ਪ੍ਰਸ਼ਾਸਨ ਤੋਂ ਪੂਰੇ ਘਟਨਾਕ੍ਰਮ ਦੀ ਜਾਂਚ ਤੇ ਗੈਰ ਕਾਨੂੰਨੀ ਢੰਗ ਨਾਲ ਬੰਦੀ ਬਣਾ ਕੇ ਰੱਖਣ ਵਾਲਿਆਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਵੀ ਕੀਤੀ।