ਡੀ.ਐਲ.ਟੰਡਨ ਕੰਪਲਕਸ ਦੀਆਂ ਖੁੱਲ੍ਹ ਰਹੀਆਂ ਪਰਤਾਂ
ਟਰੱਸਟ ਦੇ ਚੇਅਰਮੈਨ ਸ਼ਰਮਾ ਨੇ ਕਿਹਾ , 1 ਕੰਪਲੈਕਸ ਪ੍ਰੋਜੈਕਟ ਨੂੰ ਟੋਟਿਆਂ ‘ਚ ਪਾਸ ਕਰਨ ਪਿੱਛੇ ਭ੍ਰਿਸ਼ਟਾਚਾਰ ਦੀ ਆ ਰਹੀ ਬੋਅ
ਹਰਿੰਦਰ ਨਿੱਕਾ, ਬਰਨਾਲਾ 28 ਅਗਸਤ 2021
ਜਿੱਥੇ ਸਾਡਾ ਨੰਦ ਘੋਪ, ਉੱਥੇ ਗਧੀ ਮਰੀ ਦਾ ਕੋਈ ਨਾ ਦੋਸ਼, ਜੀ ਹਾਂ ਕਿਸੇ ਨੇ ਠੀਕ ਹੀ ਕਿਹਾ ਹੈ, ਕਿ ਜਦੋਂ ਕਿਸੇ ਨੂੰ ਸ਼ਾਸ਼ਨ ਪ੍ਰਸ਼ਾਸ਼ਨ ਦੇ ਆਲ੍ਹਾ ਅਧਿਕਾਰੀਆਂ ਦੀ ਸੱਤਾ ਤੇ ਕਾਬਿਜ਼ ਰਾਜਸੀ ਲੋਕਾਂ ਦੀ ਰਿਆਇਤ ਮੰਜੂਰ ਹੋਵੇ, ਉੱਥੇ ਸਭ ਨਿਯਮ ਅਤੇ ਕਾਨੂੰਨ ਬੌਣੇ ਹੋ ਕੇ ਰਹਿ ਜਾਂਦੇ ਹਨ। ਅਜਿਹਾ ਹੀ ਕਾਰਨਾਮਾ ਪਿਛਲੇ ਦਿਨੀਂ ਬੜੀ ਚਲਾਕੀ ਨਾਲ ਕਰਕੇ ਦਿਖਾਇਆ ਹੈ, ਨਗਰ ਕੌਂਸਲ ਬਰਨਾਲਾ ਦੇ ਅਧਿਕਾਰੀਆਂ ਨੇ । ਜਿੰਨ੍ਹਾਂ ਸ਼ਹਿਰ ਦੇ ਧੁਰ ਅੰਦਰ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਹੋ ਰਹੇ ਡੀ.ਐਲ. ਟੰਡਨ ਬਹੁਮੰਜਲੀ ਪ੍ਰੋਜੈਕਟ ਦਾ ਇੱਕ ਨਕਸ਼ਾ ਪਾਸ ਕਰਨ ਦੀ ਬਜਾਏ, ਕੌਂਸਲ ਨੂੰ ਨੁਕਸਾਨ ਪਹੁੰਚਾਉਣ ਅਤੇ ਆਪਣੀਆਂ ਜੇਬਾਂ ਭਰ ਦੇ ਕੰਪਲੈਕਸ ਤਿਆਰ ਕਰਨ ਵਾਲੇ ਧਨਾਢਾਂ ਨੂੰ ਫਾਇਦਾ ਪਹੁੰਚਾਉਣ ਲਈ ਇੱਕੋ ਪ੍ਰੋਜੈਕਟ ਦਾ ਇੱਕ ਨਕਸ਼ਾ ਪਾਸ ਕਰਨ ਦੀ ਬਜਾਏ 21 ਵੱਖ ਵੱਖ ਨਕਸ਼ਿਆਂ ਦੇ ਤੌਰ ਤੇ ਚੁੱਪ ਚਪੀਤੇ ਪਾਸ ਕਰ ਦਿੱਤਾ ਹੈ। ਪਿੱਛਲੇ ਕਈ ਦਿਨਾਂ ਤੋਂ ਵੱਖ ਵੱਖ ਬੇਨਿਯਮੀਆਂ ਕਰਕੇ ਵਿਵਾਦਾਂ ਵਿੱਚ ਘਿਰੇ ਕੰਪਲੈਕਸ ਦੀਆਂ ਪਿਆਜ਼ ਦੀ ਛਿਲਕਿਆਂ ਵਾਂਗ ਹਰ ਦਿਨ ਨਵੀਆਂ ਨਵੀਆਂ ਪਰਤਾਂ ਖੁੱਲ੍ਹ ਰਹੀਆਂ ਹਨ। ਪਰੰਤੂ ਜਿਲ੍ਹਾ ਪ੍ਰਸ਼ਾਸ਼ਨ ਦੇ ਜਿੰਮੇਵਾਰ ਅਧਿਕਾਰੀ ਅਤੇ ਨਗਰ ਕੌਂਸਲ ਦਾ ਅਮਲਾ ਪ੍ਰੋਜੈਕਟ ਦੀਆਂ ਊਣਤਾਈਆਂ ਦੂਰ ਕਰਵਾਉਣ ਦੀ ਬਜਾਏ, ਗੋੰਗਲੂਆਂ ਤੋਂ ਮਿੱਟੀ ਝਾੜਨ ਦੀ ਤਰਾਂ ਖਾਮੀਆਂ ਤੇ ਪਰਦੇ ਪਾਉਣ ਤੇ ਲੱਗੇ ਹੋਏ ਹਨ। ਜਿਸ ਕਾਰਣ ਕੌਂਸਲ ਦੇ ਕੁੱਝ ਅਧਿਕਾਰੀਆਂ ਦੀ ਮਿਲੀਭੁਗਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਮਾਲਿਕੀ ਬਦਲਦਿਆਂ ਹੀ 5 ਕਰੋੜ 50 ਲੱਖ ਦੀ ਜਮੀਨ ਦਾ ਮੁੱਲ ਹੋਇਆ 84 ਕਰੋੜ
ਪ੍ਰਾਪਤ ਜਾਣਕਾਰੀ ਅਨੁਸਾਰ ਰੇਲਵੇ ਸਟੇਸ਼ਨ ਰੋਡ ਤੇ ਪੈਂਦੇ ਪੁਰਾਣੇ ਬੱਸ ਸਟੈਂਡ ਦੇ ਐਨ ਸਾਹਮਣੇ ਦਰਬਾਰੀ ਲਾਲ ਟੰਡਨ ਦੀ ਕੋਠੀ ਵਾਲੀ ਕਰੀਬ 9 ਕਨਾਲ ਜਮੀਨ ਦਾ ਸੌਦਾ ਬੈਅਨਾਮਾ ਸਰਕਾਰੀ ਰਿਕਾਰਡ ਅਨੁਸਾਰ ਕਰੀਬ 5 ਕਰੋੜ 50 ਲੱਖ ਰੁਪਏ ਵਿੱਚ ਹੋਇਆ ਦਿਖਾਇਆ ਗਿਆ। ਜਮੀਨ ਦਾ ਬਹੁਤੇ ਹਿੱਸੇ ਦੀ ਕਿਸਮ ਰਿਹਾਇਸ਼ੀ ਪਰੰਤੂ ਸਫੈਦ ਜਗ੍ਹਾ ਅਤੇ ਜਮੀਨ ਦੇ ਛੋਟੇ ਜਿਹੇ ਟੋਟੇ ਦੀ ਕਿਸਮ ਕਮਰਸ਼ੀਅਲ ਪਰੰਤੂ ਸਫੈਦ ਲਿਖ ਕੇ ਰਜਿਸਟਰੀਆਂ ਕਰਵਾਈਆਂ ਗਈਆਂ। ਜਦੋਂ ਕਿ ਹਾਲੇ ਵੀ ਸਫੈਦ ਰਿਹਾਇਸ਼ੀ ਦਿਖਾਈ ਥਾਂ ਤੇ ਵੱਡੀ ਮਹਿਲਨੁਮਾ ਕੋਠੀ ਅਧਿਕਾਰੀਆਂ ਦਾ ਮੂੰਹ ਚਿੜਾ ਰਹੀ ਹੈ। ਇੱਥੇ ਹੀ ਬੱਸ ਨਹੀਂ ਵਾਲੀਆ ਹੋਟਲ ਵਾਲੀ ਥਾਂ ਸਮੇਤ 11 ਦੁਕਾਨਾਂ ਦਾ ਵਜੂਦ ਵੀ ਅੱਖਾਂ ਟੱਡੀ ਖੜ੍ਹਾ ਹੈ। ਨਗਰ ਕੌਂਸਲ ਦੇ ਰਿਕਾਰਡ ਅਨੁਸਾਰ ਰਜਿਸਟਰੀਆਂ ਕਰਵਾਉਣ ਤੋਂ ਪਹਿਲਾਂ ਕੌਂਸਲ ਤੋਂ ਐਨ.ਉ.ਸੀ. ਲੈਣ ਲਈ 11 ਦੁਕਾਨਾਂ ਦਾ ਟੈਕਸ ਵੀ ਭਰਿਆ ਗਿਆ। ਜਿਹੜਾ ਹੱਥੋ-ਹੱਥੀ ਭਰਵਾ ਲਿਆ ਗਿਆ। ਟੈਕਸ ਦੀ OK ਰਿਪੋਰਟ ਲੈਣ ਲਈ ਵੀ ਲੱਖਾਂ ਰੁਪਏ ਦੀ ਚਾਂਦੀ ਦੀ ਜੁੱਤੀ ਦੇ ਦਰਸ਼ਨ ਹੋਣ ਦੀ ਚਰਚਾ ਵੀ ਜੋਰਾਂ ਤੇ ਹੈ। ਰਜਿਸਟਰੀਆਂ ਹੁੰਦਿਆਂ ਹੀ ਉੇਸੇ ਹੀ ਜਗ੍ਹਾ ਤੇ ਉਸਾਰੀ ਅਧੀਨ 21 ਕਮਰਸ਼ੀਅਲ ਸ਼ੋਅਰੂਮਾਂ ਦੀ ਕਮੀਤ 4 ਕਰੋੜ ਪ੍ਰਤੀ ਸ਼ੋਅਰੂਮ ਦੇ ਹਿਸਾਬ ਨਾਲ 84 ਕਰੋੜ ਨੂੰ ਪਹੁੰਚ ਗਈ ਹੈ। ਜਿਸ ਵਿੱਚ 1 ਬੇਸਮੈਂਟ ਅਤੇ ਗਰਾਉਂਡ ਅਤੇ ਫਸਟ ਫਲੋਰ ਸ਼ਾਮਿਲ ਹੈ। ਇਸ ਤਰਾਂ ਸਰਕਾਰੀ ਤੇ ਸੱਤਾਧਾਰੀ ਲੀਡਰਾਂ ਦੀ ਸ੍ਰਪਰਸਤੀ ਹੇਠ ਉੱਸਰ ਰਹੇ ਡੀਐਲ ਟੰਡਨ ਕੰਪਲੈਕਸ ਦੇ ਮਾਲਿਕ ਸਰਕਾਰੀ ਅਧਿਕਾਰੀਆਂ ਦੀਆਂ ਮਿਹਬਬਾਨੀਆਂ ਸਦਕਾ ਕਰੋੜਾਂ ਰੁਪਏ ਦਾ ਮੁਨਾਫਾ ਕਮਾਉਣ ਲਈ ਕਾਹਲੇ ਹੋਏ ਪਏ ਹਨ।
ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ ਨੇ ਕਿਹਾ, ਫਿਕਰ ਨਾ ਕਰੋ , ਛੇਤੀ ਹੋਊ ਉੱਚ ਪੱਧਰੀ ਜਾਂਚ
ਬੇਨਿਯਮੀਆਂ ਕਾਰਣ ਵਿਵਾਦਾਂ ਵਿੱਚ ਆਏ ਡੀ.ਐਲ. ਟੰਡਨ ਕੰਪਲੈਕਸ ਸਬੰਧੀ ਗੱਲਬਾਤ ਕਰਦਿਆਂ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਅਤੇ ਜਿਲ੍ਹਾ ਸ਼ਕਾਇਤ ਨਿਵਾਰਣ ਕਮੇਟੀ ਦੇ ਮੈਂਬਰ ਮੱਖਣ ਸ਼ਰਮਾ ਨੇ ਵੀ ਉੱਗਲ ਉਠਾਈ ਹੈ। ਚੇਅਰਮੈਨ ਸ਼ਰਮਾ ਨੇ ਕਿਹਾ ਕਿ ਬਹੁਕਰੋੜੀ ਅਤੇ ਬਹੁਮੰਜਲੀ ਕੰਪਲੈਕਸ ਦੀ ਹਕੀਕਤ ਨੂੰ ਉਹਲੇ ਰੱਖ ਅਤੇ ਤੱਥਾਂ ਨੂੰ ਤੋੜਮਰੋੜ ਕੇ ਕਰਵਾਈਆਂ ਰਜਿਸਟਰੀਆਂ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਸਾਰੇ ਨਿਯਮ ਅਤੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਝੱਟ ਮੰਗਣੀ ਤੇ ਪੱਟ ਸ਼ਾਦੀ ਦੀ ਤਰਾਂ ਇੱਕੋ ਪ੍ਰੋਜੈਕਟ ਦੇ 21 ਨਕਸ਼ੇ ਪਾਸ ਕੀਤੇ ਗਏ ਹਨ। ਉਨਾਂ ਕਿਹਾ ਕਿ ਇਹ ਮਾਮਲਾ ਉਹ ਖੁਦ ਜਿਲ੍ਹੇ ਦੇ ਆਲ੍ਹਾ ਅਧਿਕਾਰੀਆਂ ਤੋਂ ਇਲਾਵਾ ਸਥਾਨਕ ਸਰਕਾਰਾਂ ਵਿਭਾਗ ਦੇ ਉੱਚ ਅਧਿਕਾਰੀਆਂ ਕੋਲ ਉਠਾਉਣਗੇ ਤਾਂਕਿ ਚਿੱਟੇ ਦਿਨ ਵਾਂਗ ਦਿਖ ਰਹੇ ਵੱਡੇ ਘੁਟਾਲੇ ਦਾ ਪਰਦਾਫਾਸ਼ ਕੀਤਾ ਜਾ ਸਕੇ। ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਹਲਕਾ ਇੰਚਾਰਜ ਅਤੇ ਪਾਰਟੀ ਦੇ ਸੂਬਾਈ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਭ੍ਰਿਸ਼ਟਾਚਾਰ ਸਬੰਧੀ ਜੀਰੋ ਟੌਲਰੈਂਸ ਦੀ ਨੀਤੀ ਨੂੰ ਅਮਲੀ ਜਾਮਾ ਪਹਿਣਾਉਣ ਲਈ, ਉਹ ਸਿਰਤੋੜ ਯਤਨ ਕਰਨਗੇ। ਉਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜਲਦੀ ਹੀ ਮੈਂ ਹੋਰ ਤੱਥਾਂ ਸਮੇਤ ਬਹੁਮੰਜਲੀ ਕੰਪਲੈਕਸ ਦੇ ਬਹੁਕਰੋੜੀ ਘੁਟਾਲੇ ਨੂੰ ਬੇਨਕਾਬ ਕਰਾਂਗਾ। ਚੇਅਰਮੈਨ ਮੱਖਣ ਸ਼ਰਮਾ ਨੇ ਬਰਨਾਲਾ ਟੂਡੇ/ ਟੂਡੇ ਨਿਊਜ ਵੱਲੋਂ ਸ਼ਹਿਰ ਅੰਦਰ ਹੋਏ ਇਸ ਬਹੁਕਰੋੜੀ ਘਪਲੇ ਨੂੰ ਲੋਕਾਂ ਦੀ ਕਚਿਹਰੀ ਵਿੱਚ ਪ੍ਰਮੁੱਖਤਾ ਨਾਲ ਉਠਾਉਣ ਦੀ ਸਰਾਹਣਾ ਕੀਤੀ। ਉਨਾਂ ਕਿਹਾ ਕਿ ਮੀਡੀਆ, ਸਰਕਾਰ ਅਤੇ ਪ੍ਰਸ਼ਾਸ਼ਨ ਦੀਆਂ ਅੱਖਾਂ ਤੇ ਕੰਨ ਦੇ ਤੌਰ ਤੇ ਕੰਮ ਕਰਦਾ ਹੈ।