ਸਹੋਤਾ ਲੋਕ ਭਲਾਈ ਫਾਉਂਡੇਸ਼ਨ ਨੇ ਵੱਖ ਵੱਖ ਪਿੰਡਾਂ ਵਿੱਚ ਬੂਟੇ ਲਗਾਏ
ਗੁਰਸੇਵਕ ਸਹੋਤਾ/ ਪਾਲੀ ਵਜੀਦਕੇ, ਮਹਿਲ ਕਲਾਂ 27 ਅਗਸਤ 2021
ਸਹੋਤਾ ਲੋਕ ਭਲਾਈ ਵੈਲਫੇਅਰ ਫਾਊਂਡੇਸ਼ਨ ਦੀਦਾਰਗਡ਼੍ਹ ਵੱਲੋਂ ਪ੍ਰਧਾਨ ਮਨਦੀਪ ਸਿੰਘ ਸਹੋਤਾ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਵੱਖ ਵੱਖ ਪਿੰਡਾਂ ਵਿੱਚ ਬੂਟੇ ਲਗਾਏ ਗਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਦੀਪ ਸਿੰਘ ਸਹੋਤਾ ਨੇ ਕਿਹਾ ਕਿ ਅੱਜ ਪਾਣੀ ਹਵਾ ਦੂਸ਼ਿਤ ਹੋ ਚੁੱਕੇ ਹਨ ਜਿਸ ਦਾ ਵੱਡਾ ਕਾਰਨ ਦਿਨੋਂ ਦਿਨ ਰੁੱਖਾਂ ਦੀ ਘਟ ਰਹੀ ਗਿਣਤੀ ਨੂੰ ਮੰਨਿਆ ਜਾ ਰਿਹਾ ਹੈ।
ਰੁੱਖਾਂ ਦੀ ਘਟ ਰਹੀ ਗਿਣਤੀ ਕਾਰਨ ਜਿੱਥੇ ਮਨੁੱਖਾਂ ਨੂੰ ਅਨੇਕਾਂ ਬੀਮਾਰੀਆਂ ਨੇ ਜਕੜਿਆ ਹੋਇਆ ਹੈ ਉਥੇ ਦਿਲ ਅਤੇ ਸਾਹ ਦੀਆਂ ਭਿਆਨਕ ਬਿਮਾਰੀਆਂ ਨੇ ਘੇਰਿਆ ਹੋਇਆ ਹੈ। ਦੂਸਿਤ ਵਾਤਾਵਰਨ, ਦੂਸ਼ਿਤ ਖਾਣ ਪੀਣ ਅਤੇ ਗੰਧਲੀ ਹੋ ਚੁੱਕੀ ਹਵਾ ਕਾਰਨ ਬੱਚੇ ਤੇ ਬਜ਼ੁਰਗ ਤੱਕ ਦੇ ਲੋਕ ਪੀਡ਼ਤ ਹਨ। ਉਨ੍ਹਾਂ ਕਿਹਾ ਕਿ ਸਹੋਤਾ ਲੋਕ ਭਲਾਈ ਫਾਉਂਡੇਸ਼ਨ ਵੱਲੋਂ ਕੋਰੋਨਾ ਕਾਲ ਸਮੇਂ ਜਿੱਥੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਾਇਆ ਗਿਆ ਉਥੇ ਲੋੜਵੰਦ ਪਰਿਵਾਰਾਂ ਨੂੰ ਦਵਾਈਆਂ ਅਤੇ ਹੋਰ ਸਹੂਲਤਾਂ,ਸਕੂਲੀ ਬੱਚਿਆਂ ਨੂੰ ਜ਼ਰੂਰੀ ਵਸਤਾਂ ਅਤੇ ਬੂਟ ਵਰਦੀਆਂ ਦਿੱਤੇ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਅੱਜ ਹਰ ਮਨੁੱਖ ਨੂੰ ਘੱਟੋ ਘੱਟ ਦੋ ਰੁੱਖ ਲਗਾਉਣ ਦੀ ਲੋੜ ਹੈ ਤਾਂ ਜੋ ਗੰਧਲੇ ਹੋ ਰਹੇ ਵਾਤਾਵਰਨ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਹੋਰ ਵੀ ਪਿੰਡਾਂ ਵਿਚ ਬੂਟੇ ਲਾਉਣ ਦੀ ਸ਼ੁਰੂ ਕੀਤੀ ਮੁਹਿੰਮ ਤਹਿਤ ਬੂਟੇ ਲਗਾਏ ਜਾਣਗੇ, ਉਨ੍ਹਾਂ ਲੋਕਾਂ ਨੂੰ ਛਾਂਦਾਰ ਫਲਦਾਰ ਅਤੇ ਫੁੱਲਦਾਰ ਬੂਟੇ ਲਾਉਣ ਲਈ ਫਾਊਂਡੇਸ਼ਨ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਸੀਨੀਅਰ ਕਾਂਗਰਸੀ ਆਗੂ ਤੇ ਕਾਂਗਰਸ ਸੇਵਾ ਦਲ ਯੰਗ ਬ੍ਰਿਗੇਡ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਮੌੜ ਨੇ ਉਕਤ ਸੰਸਥਾ ਦੇ ਸਮੂਹ ਅਹੁਦੇਦਾਰਾਂ ਦੀ ਇਸ ਬਹੁਤ ਹੀ ਸ਼ਲਾਘਾਯੋਗ ਤੇ ਨੇਕ ਕਾਰਜ ਬਦਲੇ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਸਮੇਂ ਦੀ ਲੋੜ ਮੁਤਾਬਕ ਗੰਧਲੇ ਹੋ ਰਹੇ ਵਾਤਾਵਰਨ ਨੂੰ ਵੱਡੀ ਗਿਣਤੀ ਚ ਰੁੱਖ ਲਗਾ ਕੇ ਹੀ ਸਾਫ਼ ਕੀਤਾ ਜਾ ਸਕਦਾ ਹੈ । ਇਸ ਲਈ ਸਾਨੂੰ ਲੋਕ ਵੱਡੀ ਗਿਣਤੀ ਚ ਲਗਾਉਣੇ ਚਾਹੀਦੇ ਹਨ ।ਇਸ ਮੌਕੇ ਮਨਜੀਤ ਸਿੰਘ ਖੇੜੀ, ਸੁਖਪਾਲ ਸਿੰਘ ਹੇਡ਼ੀਕੇ, ਡਾ ਇਕਬਾਲ ਸਿੰਘ ਠੁੱਲੇਵਾਲ ਹਾਜ਼ਰ ਸਨ।
Advertisement