ਸੋਨੀ ਪਨੇਸਰ , ਬਰਨਾਲਾ, 25 ਅਗਸਤ 2021
ਐਸ. ਡੀ. ਕਾਲਜ ਦੇ ਫ਼ਿਜ਼ਿਕਸ ਵਿਭਾਗ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਬਾਬਾ ਫ਼ਰੀਦ ਕਾਲਜ ਦਿਓਣ ਵਿਖੇ ਲੱਗੀ ਤਿੰਨ ਰੋਜ਼ਾ ਰਾਸ਼ਟਰੀ ਵਰਕਸ਼ਾਪ ਵਿਚ ਸ਼ਿਰਕਤ ਕੀਤੀ ਗਈ। ‘ਡੀਬੀਟੀ ਸਟਾਰ ਸਕੀਮ’ ਤਹਿਤ ਕਾਲਜ ਦੇ 25 ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਇਸ ‘ਰੈਨ ਰੈਮ-2021’ ਵਰਕਸ਼ਾਪ ਵਿਚ ਆਪਣੇ ਵਿਸ਼ੇ ਨਾਲ ਸਬੰਧਿਤ ਅਨੇਕਾਂ ਪੱਖਾਂ ਦੀ ਜਾਦਕਾਰੀ ਹਾਸਲ ਕੀਤੀ। ਉਹਨਾਂ ਨੂੰ ਸੰਸਾਰ ਪ੍ਰ੍ਰਸਿੱਧ ਹੋਮੀ ਭਾਭਾ ਰਿਸਰਚ ਸੈਂਟਰ ਮੁੰਬਈ, ਸੀਐਸਆਈਓ ਚੰਡੀਗੜ੍ਹ, ਐਮਆਰਐਸਟੀਯੂ ਬਠਿੰਡਾ ਅਤੇ ਸੈਂਟਰਲ ਯੂਨੀਵਰਸਿਟੀ ਬਠਿੰਡਾ ਦੇ ਵਿਸ਼ਾ ਮਾਹਿਰਾਂ ਦੇ ਲੈਕਚਰ ਸੁਣਨ ਦਾ ਮੌਕਾ ਮਿਲਿਆ।
ਦੂਜੇ ਦਿਨ ਵਿਦਿਆਰਥੀਆਂ ਨੂੰ ਸੈਂਟਰਲ ਯੂਨੀਵਰਸਿਟੀ ਬਠਿੰਡਾ ਦੇ ਫ਼ਿਜ਼ਿਕਸ ਵਿਭਾਗ ਦਾ ਦੌਰਾ ਵੀ ਕਰਵਾਇਆ ਗਿਆ ਜਿੱਥੇ ਉਹਨਾਂ ਐਕਸ. ਆਰ. ਡੀ, ਐਸ.ਈ.ਐਮ ਅਤੇ ਕੇ.ਪੀ.ਐਮ.ਐਸ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ। ਅੰਤਿਮ ਦਿਨ ਵਰਕਸ਼ਾਪ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫ਼ਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਇਹਨਾਂ ਵਿਦਿਆਰਥੀਆਂ ਦੀ ਅਗਵਾਈ ਕਰਨ ਵਾਲੇ ਅਧਿਆਪਕਾਂ ਡਾ. ਬਲਤੇਜ ਸਿੰਘ, ਡਾ. ਸੰਜੈ ਕੁਮਾਰ ਅਤੇ ਪ੍ਰੋ. ਜਸਪ੍ਰੀਤ ਕੌਰ ਨੇ ਦੱਸਿਆ ਕਿ ਅਜਿਹੀਆਂ ਗਤੀਵਿਧੀਆਂ ਵਿਚ ਹਿੱਸਾ ਲੈਣ ਨਾਲ ਵਿਦਿਆਰਥੀਆਂ ਨੂੰ ਵਿਸ਼ਾ ਸਮਝਣ ਵਿਚ ਅਸਾਨੀ ਹੁੰਦੀ ਹੈ। ਪ੍ਰਿੰਸੀਪਲ ਡਾ. ਰਮਾ ਸ਼ਰਮਾ ਨੇ ਦੱਸਿਆ ਕਿ ਕਾਲਜ ਵੱਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਹਰ ਤਰ੍ਹਾਂ ਦੀਆਂ ਅਕਾਦਮਿਕ ਅਤੇ ਗੈਰ ਅਕਾਦਮਿਕ ਗਤੀਵਿਧੀਆਂ ਵਿਚ ਸ਼ਾਮਿਲ ਹੋਣ ਲਈ ਹਮੇਸ਼ਾ ਉਤਸ਼ਾਹਿਤ ਕੀਤਾ ਜਾਂਦਾ ਹੈ। ਵਿਭਾਗ ਦੇ ਇਸ ਉੱਦਮ ਦੀ ਐਸ. ਡੀ. ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਡਾ. ਅਨੀਸ਼ ਪ੍ਰਕਾਸ਼, ਉਪ ਪ੍ਰਧਾਨ ਸ੍ਰੀ ਨਰੇਸ਼ ਸਿੰਗਲਾ, ਜਨਰਲ ਸਕੱਤਰ ਸ੍ਰੀ ਜਤਿੰਦਰ ਨਾਥ ਸ਼ਰਮਾ ਅਤੇ ਡਾਇਰੈਕਟਰ ਸ੍ਰੀ ਹਰਦਿਆਲ ਸਿੰਘ ਅੱਤਰੀ ਨੇ ਸਮੂਹ ਵਿਭਾਗ ਨੂੰ ਵਧਾਈ ਦਿੱਤੀ ਹੈ ਅਤੇ ਭਵਿੱਖ ਵਿਚ ਵੀ ਅਜਿਹੀਆਂ ਗਤੀਵਿਧੀਆਂ ਜਾਰੀ ਰੱਖਣ ਦੀ ਉਮੀਦ ਜਤਾਈ ਹੈ।