ਆਮ ਜਨਤਾ ਲਈ ਬਰਨਾਲਾ ਪੁਲਿਸ ਹਮੇਸ਼ਾ ਹਾਜ਼ਰ ਹੈ,
ਆਮ ਜਨਤਾ ਵੀ ਮਾੜੇ ਅਨਸਰਾਂ ਸਬੰਧੀ ਜਾਣਕਾਰੀ ਦੇਕੇ ਪੁਲਿਸ ਦੀ ਕਰੇ ਸਹਾਇਤਾ : ਭਾਗੀਰਥ ਸਿੰਘ ਮੀਨਾ
ਰਘਵੀਰ ਹੈਪੀ/ ਰਵੀ ਸੈਣ , ਬਰਨਾਲਾ, 25 ਅਗਸਤ 2021
ਜਿਲ੍ਹਾ ਪੁਲਿਸ ਨਸ਼ਿਆਂ ਖਿਲਾਫ਼ ਆਪਣਾ ਕੰਮ ਡਟ ਕੇ ਜਾਰੀ ਰੱਖੇਗੀ ਅਤੇ ਨਾਲ ਹੀ ਜ਼ਿਲ੍ਹੇ ਅੰਦਰ ਮਾੜੇ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਜ਼ਿਲ੍ਹਾ ਪੁਲੀਸ ਮੁਖੀ ਸ਼੍ਰੀ ਭਾਗੀਰਥ ਸਿੰਘ ਮੀਨਾ ਨੇ ਅੱਜ ਮੀਡੀਆ ਨਾਲ ਆਪਣੀ ਪਲੇਠੀ ਮਿਲਣੀ ਚ ਕੀਤਾ।
ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਰਨਾਲਾ ਪੁਲਿਸ ਲੋਕ ਹਿੱਤਾਂ ਚ ਕੰਮ ਕਰਨ ਲਈ ਸਮਰਪਿਤ ਅਤੇ ਹਰ ਸਮੇਂ ਸਹਾਇਤਾ ਲਈ ਖੜ੍ਹੀ ਹੈ। ਬਰਨਾਲਾ ਸ਼ਹਿਰ ਚ ਟ੍ਰੈਫ਼ਿਕ ਦੀ ਸਮੱਸਿਆ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਔਕੜ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਉਹ ਮਾੜੇ ਅਨਸਰਾਂ ਸਬੰਧੀ ਜਾਣਕਾਰੀ ਪੁਲਿਸ ਨੂੰ ਦੇਣ ਤਾਂ ਜੋ ਸਮਾਜ ਵਿੱਚੋ ਇਨ੍ਹਾਂ ਮਾੜੇ ਅਨਸਰਾਂ ਨੂੰ ਨਿਖੇੜਿਆ ਸਕੇ। ਮੀਡੀਆ ਵਲੋਂ ਚੋਰੀ ਦੀਆਂ ਘਟਨਾਵਾਂ ਸਬੰਧੀ ਪੁੱਛੇ ਸਵਾਲ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਮਾੜੇ ਅਨਸਰਾਂ ਉੱਤੇ ਪੈਣੀ ਅੱਖ ਰੱਖੀ ਜਾ ਰਹੀ ਹੈ।
ਸ਼੍ਰੀ ਮੀਨਾ ਨੇ ਕਿਹਾ ਕਿ ਚੰਗੇ ਸਮਾਜ ਦੀ ਸਥਾਪਨਾ ਚ ਮੀਡੀਆ ਦਾ ਮੁੱਖ ਰੋਲ ਹੁੰਦਾ ਹੈ। ਉਨ੍ਹਾਂ ਮੀਡੀਆ ਕਰਮੀਆਂ ਦਾ ਧੰਨਵਾਦ ਕੀਤਾ ਜਿਹੜੇ ਸਮੇਂ-ਸਮੇਂ ਸਿਰ ਵੱਖ-ਵੱਖ ਮੁੱਦਿਆਂ ਰਾਹੀਂ ਲੋਕਾਂ ਦੀ ਗੱਲ ਉਜਾਗਰ ਕਰਦੇ ਹਨ। ਇਸ ਮੌਕੇ ਡੀ.ਐੱਸ.ਪੀ (ਡੀ) ਸ਼੍ਰੀ ਬਿਰਜ ਮੋਹਨ, ਡੀ.ਐੱਸ.ਪੀ (ਪੀ.ਬੀ.ਆਈ) ਸ਼੍ਰੀ ਬੀ.ਐੱਸ.ਚਾਹਲ, ਡੀ.ਐੱਸ.ਪੀ ਕਮਾਂਡਰ ਸੈਂਟਰ ਸ਼੍ਰੀ ਰਛਪਾਲ ਸਿੰਘ, ਡੀ.ਐੱਸ.ਪੀ ਬਰਨਾਲਾ ਸ਼੍ਰੀ ਲਖਬੀਰ ਸਿੰਘ ਟਿਵਾਣਾ ਸਮੇਤ ਵੱਖ- ਵੱਖ ਅਧਿਕਾਰੀ ਤੇ ਮੀਡੀਆ ਕਰਮੀ ਹਾਜ਼ਰ ਸਨ।