ਸੁਪਰੀਮ ਕੋਰਟ ਨੇ ਇੱਕ ਵਾਰ ਫਿਰ ਕਿਸਾਨਾਂ ਦੇ ਵਿਰੋਧ-ਪ੍ਰਦਰਸ਼ਨ ਕਰਨ ਦੇ ਸੰਵਿਧਾਨਕ ਅਧਿਕਾਰ ‘ਤੇ ਮੋਹਰ ਲਾਈ: ਕਿਸਾਨ ਆਗੂ
ਯੂ.ਪੀ ਸਰਕਾਰ ਕਿਸਾਨਾਂ ‘ਤੇ ਦਰਜ ਪੁਲਿਸ ਕੇਸ ਤੁਰੰਤ ਰੱਦ ਕਰੇ
ਪਰਦੀਪ ਕਸਬਾ , ਬਰਨਾਲਾ: 24 ਅਗਸਤ, 2021
ਜਥੇਬੰਦੀਆਂ ‘ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 328 ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ।
ਅੱਜ ਧਰਨੇ ‘ਚ ਬੀਤੇ ਕੱਲ੍ਹ ਸੁਪਰੀਮ ਕੋਰਟ ‘ਚ ਕਿਸਾਨ ਅੰਦੋਲਨ ਬਾਰੇ ਹੋਈ ਸੁਣਵਾਈ ਵਾਰੇ ਚਰਚਾ ਕੀਤੀ ਗਈ। ਬੁਲਾਰਿਆਂ ਨੇ ਤਸੱਲੀ ਪ੍ਰਗਟਾਈ ਕਿ ਸੁਪਰੀਮ ਕੋਰਟ ਨੇ ਇੱਕ ਵਾਰ ਫਿਰ ਕਿਸਾਨਾਂ ਦੇ ਰੋਸ ਪ੍ਰਦਰਸ਼ਨ ਕਰਨ ਦੇ ਸੰਵਿਧਾਨਕ ਹੱਕ ਨੂੰ ਸਵੀਕਾਰ ਕੀਤਾ ਹੈ। ਕੇਂਦਰ ਸਰਕਾਰ ਕਿਸਾਨ ਅੰਦੋਲਨ ਦੀ ਸਚਾਈ ਮੂਹਰੇ ਇਖਲਾਕੀ ਤੌਰ ‘ਤੇ ਹਾਰ ਚੁੱਕੀ ਹੈ। ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੇ ਅਤੇ ਧਰਨੇ ਨੂੰ ਖਦੇੜਨ ਦੇ ਸਾਰੇ ਸਰਕਾਰੀ ਮਨਸੂਬੇ ਫੇਲ੍ਹ ਹੋ ਚੁੱਕੇ ਹਨ। ਇਸ ਲਈ ਸਰਕਾਰ ਹੁਣ ਆਪਣੇ ਟੋਡੀਆਂ ਰਾਹੀਂ ਉਲਟੀਆਂ-ਸਿੱਧੀਆਂ ਪਟੀਸ਼ਨਾਂ ਪਾ ਕੇ ਅਦਾਲਤਾਂ ਸਹਾਰੇ ਅੰਦੋਲਨ ਨੂੰ ਖਤਮ ਕਰਵਾਉਣਾ ਚਾਹੁੰਦੀ ਹੈ। ਪਰ ਕਿਸਾਨ, ਸਰਕਾਰ ਦੀਆਂ ਇਨ੍ਹਾਂ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ।
ਅੱਜ ਦੇ ਹੀ ਦਿਨ ਸੰਨ 1908 ਵਿੱਚ ਸਿਰਮੌਰ ਸ਼ਹੀਦ ਰਾਜਗੁਰੂ ਦਾ ਜਨਮ ਮਹਾਂਰਾਸ਼ਟਰ ਸੂਬੇ ਦੇ ਖੇਡ ਪਿੰਡ ਵਿੱਚ ਹੋਇਆ ਸੀ। ਸ਼ਹੀਦ ਭਗਤ ਸਿੰਘ ਤੇ ਸੁਖਦੇਵ ਨਾਲ ਦੇਸ਼ ਲਈ ਫਾਂਸੀ ਦਾ ਰੱਸਾ ਚੁੰਮਣ ਵਾਲੇ ਇਸ ਸਿਰਮੌਰ ਸ਼ਹੀਦ ਦੀ ਕੁਰਬਾਨੀ ਬਾਰੇ ਅੱਜ ਧਰਨੇ ‘ਚ ਚਰਚਾ ਕੀਤੀ ਗਈ ਅਤੇ ਉਨ੍ਹਾਂ ਨੂੰ ਭਾਵਪੂਰਤ ਸਿਜਦਾ ਕੀਤਾ ਗਿਆ।
ਅੱਜ ਧਰਨੇ ਨੂੰ ਕਰਨੈਲ ਸਿੰਘ ਗਾਂਧੀ, ਨਰੈਣ ਦੱਤ,ਗੁਰਨਾਮ ਸਿੰਘ ਠੀਕਰੀਵਾਲਾ, ਨਛੱਤਰ ਸਿੰਘ ਸਹੌਰ, ਬਿੱਕਰ ਸਿੰਘ ਔਲਖ,ਹਰਚਰਨ ਸਿੰਘ ਚੰਨਾ, ਬਲਵੰਤ ਸਿੰਘ ਠੀਕਰੀਵਾਲਾ, ਪ੍ਰੇਮਪਾਲ ਕੌਰ, ਜਸਵੰਤ ਕੌਰ,ਮੇਲਾ ਸਿੰਘ ਕੱਟੂ, ਜਗਪਾਲ ਸਿੰਘ ਸਹਿਜੜਾ, ਮਨਜੀਤ ਕੌਰ ਖੁੱਡੀ ਕਲਾਂ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਕਿਹਾ ਕਿ ਜਿਵੇਂ ਜਿਵੇਂ ਯੂ.ਪੀ ਦੀਆਂ ਵਿਧਾਨ ਸਭਾ ਚੋਣਾਂ ਨਜਦੀਕ ਆ ਰਹੀਆਂ ਹਨ, ਉਥੋਂ ਦੀ ਸਰਕਾਰ ਨੂੰ ਕਿਸਾਨ ਅੰਦੋਲਨ ਦਾ ਸੇਕ, ਵਧੇਰੇ ਮਹਿਸੂਸ ਹੋਣ ਲੱਗਿਆ ਹੈ। ਕਿਸਾਨਾਂ ਨੂੰ ਡਰਾ ਕੇ ਚੁੱਪ ਕਰਾਉਣ ਦਾ ਭਰਮ ਪਾਲ ਰਹੀ ਯੂ.ਪੀ ਸਰਕਾਰ ਨੇ ਪੀਲੀਭੀਤ ਵਿੱਚ ਇੱਕ ਮੰਤਰੀ ਦਾ ਘਿਰਾਉ ਕਰਨ ਵਾਲੇ 58 ਕਿਸਾਨਾਂ ਵਿਰੁੱਧ ਪੁਲਿਸ ਕੇਸ ਦਰਜ ਕੀਤਾ ਹੈ। ਕਿਸਾਨ ਆਗੂਆਂ ਨੇ ਇਹ ਪੁਲਿਸ ਕੇਸ ਤੁਰੰਤ ਰੱਦ ਕਰਨ ਦੀ ਮੰਗ ਕੀਤੀ।
ਉਧਰ ਦਿੱਲੀ ਬਾਰਡਰਾਂ ‘ਤੇ ਕਿਸਾਨ ਅੰਦੋਲਨ ਦੇ 9 ਮਹੀਨੇ ਪੂਰੇ ਹੋਣ ਮੌਕੇ 26-27 ਅਗਸਤ ਨੂੰ ਸਿੰਘੂ ਬਾਰਡਰ ‘ਤੇ ਇੱਕ ਆਲ ਇੰਡੀਆ ਕਿਸਾਨ ਕਨਵੈਨਸ਼ਨ ਕੀਤੀ ਜਾ ਰਹੀ ਹੈ। ਇਸ ਕਨਵੈਨਸ਼ਨ ‘ਚ ਭਾਗ ਲੈਣ ਲਈ ਕਿਸਾਨਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਉਧਰ ਰਿਲਾਇੰਸ ਮਾਲ ਬਰਨਾਲਾ ਸਾਹਮਣੇ ਲਾਇਆ ਹੋਇਆ ਧਰਨਾ ਵੀ ਆਪਣੇ 328ਵੇਂ ਦਿਨ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ।ਅੱਜ ਰਾਜਵਿੰਦਰ ਸਿੰਘ ਮੱਲੀ ਦੇ ਜਥੇ ਨੇ ਕਵੀਸ਼ਰੀ ਅਤੇ ਰੁਲਦੂ ਸਿੰਘ ਸ਼ੇਰੋਂ ਤੇ ਬਹਾਦਰ ਸਿੰਘ ਕਾਲਾ ਧਨੌਲਾ ਨੇ ਜੋਸ਼ੀਲੇ ਗੀਤਾਂ ਰਾਹੀਂ ਪੰਡਾਲ ‘ਚ ਜੋਸ਼ ਭਰਿਆ।