ਬਰਨਾਲਾ ਤੋਂ ਬਦਲੀ ਉਪਰੰਤ ਐਸ.ਐਸ.ਪੀ ਗੋਇਲ ਨੇ ਕਿਹਾ, ਜਿੰਦਗੀ ਭਰ ਭੁਲਾ ਨਹੀਂ ਸਕਾਂਗਾ ਲੋਕਾਂ ਤੋਂ ਮਿਲਿਆ ਪਿਆਰ
ਸ਼ਹੀਦਾਂ ਦੀ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਹੋਈ ਜੁਆਇਨੰਗ ਤੇ ਉੱਥੇ ਹੀ ਐਸ.ਐਸ.ਪੀ ਬਣ ਕੇ ਜਾਣਾ ਗੁਰੂਆਂ ਦੀ ਅਪਾਰ ਰਹਿਮਤ ਦਾ ਨਤੀਜਾ- ਸ੍ਰੀ ਗੋਇਲ
ਮਕਤੂਲ ਦਲਜੀਤ ਕੌਰ ਦੇ ਦੋਵਾਂ ਬੱਚਿਆਂ ਨੂੰ ਸ੍ਰੀ ਗੋਇਲ ਨੇ ਭੇਜੀ 20 ਹਜ਼ਾਰ ਰੁਪਏ ਦੀ ਸਹਾਇਤਾ, ਟ੍ਰਾਈਡੈਂਟ ਵਾਲਿਆਂ ਨੂੰ ਕਿਹਾ ਤੁਸੀਂ ਉਟਣੈ ਬੱਚਿਆਂ ਦੀ BA ਤੱਕ ਦੀ ਪੜ੍ਹਾਈ ਦਾ ਖਰਚ
ਰਘਵੀਰ ਹੈਪੀ/ ਮੰਗਤ ਜਿੰਦਲ , ਬਰਨਾਲਾ 21 ਅਗਸਤ 2021
ਨਸ਼ਾ ਤਸਕਰਾਂ ਤੇ ਹੋਰ ਅਪਰਾਧੀਆਂ ਲਈ ਖੌਫ ਬਣ ਕੇ ਪੁਲਿਸ ਮਹਿਕਮੇ ਵਿੱਚ ਨਵੀਆਂ ਅਤੇ ਇਤਹਾਸਿਕ ਪੈੜਾਂ ਪਾਉਣ ਵਾਲੇ ਐਸ.ਐਸ.ਪੀ. ਸ੍ਰੀ ਸੰਦੀਪ ਗੋਇਲ ਨੂੰ ਅੱਜ ਉਨਾਂ ਦੇ ਤਬਾਦਲੇ ਉਪਰੰਤ ਸ਼ਹਿਰ ਦੀਆਂ ਵੱਖ ਵੱਖ ਸੰਸਥਾਵਾਂ ਅਤੇ ਹੋਰ ਮੋਹਤਬਰ ਸ਼ਖਸ਼ੀਅਤਾਂ ਨੇ ਟ੍ਰਾਈਡੈਂਟ ਗਰੁੱਪ ਦੇ ਸੰਘੇੜਾ ਕੰਪਲੈਕਸ ਵਿਖੇ ਪਹੁੰਚ ਕੇ ਸਨਮਾਨਿਤ ਕੀਤਾ ਤੇ ਮੋਹ ਭਰੀ ਵਿਦਾਇਗੀ ਦਿੱਤੀ। ਇਸ ਮੌਕੇ ਮਾਰਕਿਟ ਕਮੇਟੀ ਬਰਨਾਲਾ ਦੇ ਚੇਅਰਮੈਨ ਅਸ਼ੋਕ ਮਿੱਤਲ ਅਤੇ ਕੁੱਝ ਵਿਅਕਤੀ ਕਾਫੀ ਭਾਵੁਕ ਹੋ ਗਏ,ਜਿੰਨਾਂ ਨੂੰ ਸ੍ਰੀ ਗੋਇਲ ਨੇ ਬਦਲੀ ਤੋਂ ਬਾਅਦ ਵੀ ਹਮੇਸ਼ਾ ਦੁੱਖ ਸੁੱਖ ਵਿੱਚ ਸ਼ਾਮਿਲ ਹੋਣ ਦਾ ਭਰੋਸਾ ਦੇ ਕੇ ਹੌਂਸਲਾ ਅਫਜ਼ਾਈ ਕੀਤੀ। ਸਨਮਾਨਿਤ ਕਰਨ ਵਾਲਿਆਂ ਵਿੱਚ ਟ੍ਰਾਈਡੈਂਟ ਗਰੁੱਪ ਦੇ ਸੀਨੀਅਰ ਅਧਿਕਾਰੀ ਰੁਪਿੰਦਰ ਗੁਪਤਾ , ਅਨਿਲ ਗੁਪਤਾ, ਸ੍ਰੀ ਗਿਰੀ ਰਾਜ ਟਰੱਸਟ ਦੇ ਅਹੁਦੇਦਾਰਾਂ ਦੀਪਕ ਕੁਮਾਰ ਸੋਨੀ ਆਸਥਾ ਵਾਲੇ, ਅਸ਼ੋਕ ਕੁਮਾਰ, ਲੱਖੀ ਕਲੋਨੀ ਵਾਲੇ ,ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਮਹੇਸ਼ ਕੁਮਾਰ ਲੋਟਾ, ਬਰਨਾਲਾ ਕਲੱਬ ਦੇ ਸੈਕਟਰੀ ਐਡਵੋਕੇਟ ਰਾਜੀਵ ਲੂਬੀ, ਐਸ.ਡੀ ਸਭਾ ਦੇ ਜਰਨਲ ਸਕੱਤਰ ਅਤੇ ਫਲਾਇੰਗ ਫੈਦਰ ਦੇ ਐਮਡੀ ਸ਼ਿਵ ਸਿੰਗਲਾ, ਵਪਾਰ ਮੰਡਲ ਦੇ ਪ੍ਰਧਾਨ ਅਨਿਲ ਨਾਣਾ, ਕੈਮਿਸਟ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਨਰਿੰਦਰ ਕੁਮਾਰ ਅਰੋੜਾ, ਇੰਡਸਟਰੀ ਚੈਂਬਰ ਦੇ ਜਿਲਾ ਪ੍ਰਧਾਨ ਵਿਜੇ ਕੁਮਾਰ ਗਰਗ, ਪ੍ਰਸਿੱਧ ਫੌਜਦਾਰੀ ਵਕੀਲ ਐਡਵੋਕੇਟ ਰਾਹੁਲ ਗੁਪਤਾ, ਡੀ.ਐਸ.ਪੀ. ਡੀ ਸ੍ਰੀ ਬ੍ਰਿਜ ਮੋਹਨ, ਸੀਆਈਏ ਸਟਾਫ ਬਰਨਾਲਾ ਦੇ ਇੰਸਪੈਕਟਰ ਬਲਜੀਤ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਤੇ ਕਰਮਚਾਰੀ ਅਤੇ ਪੱਤਰਕਾਰ ਸੰਗਠਨਾਂ ਦੇ ਨੁਮਾਇੰਦੇ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ।
ਮੈਨੂੰ ਬਰਨਾਲਾ ਪੁਲਿਸ ਤੇ ਮਾਣ, ਜਿੰਨਾਂ ਬਣਾਇਆ ਕੀਰਤੀਮਾਨ
ਐਸਐਸਪੀ ਸ੍ਰੀ ਗੋਇਲ ਨੇ ਆਪਣੇ ਕਾਰਜਕਾਲ ਦੌਰਾਨ ਕੀਤੇ ਕੁੱਝ ਅਹਿਮ ਕੰਮਾਂ ਦਾ ਅੰਸ਼ਕ ਜਿਕਰ ਕਰਦਿਆਂ ਕਿਹਾ ਕਿ ਸੀਆਈਏ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਅਤੇ ਹੋਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਟੀਮ ਦੇ ਰੂਪ ਵਿੱਚ ਦਿਨ ਰਾਤ ਬੜੀ ਮਿਹਨਤ ਅਤੇ ਜਨੂੰਨ ਨਾਲ ਕੰਮ ਕਰਕੇ ਪੰਜਾਬ ਭਰ ਵਿੱਚੋਂ ਨਸ਼ਿਆਂ ਦੀ ਸਭ ਤੋਂ ਵੱਡੀ ਰਿਕਵਰੀ ਕਰਨ ਦਾ ਰਿਕਾਰਡ ਕਾਇਮ ਕੀਤਾ ਹੈ। ਉਨਾਂ ਕਿਹਾ ਕਿ ਮੇਰੇ ਲਈ ਫਖਰ ਦੀ ਗੱਲ ਹੈ ਕਿ ਮੇਰੇ ਤੋਂ ਪਹਿਲਾਂ ਬਰਨਾਲਾ ਜਿਲੇ ਦੀ ਪੁਲਿਸ ਨੇ ਪੁਲਿਸ ਜਿਲਾ ਬਣਨ ਤੋਂ ਲੈ ਕੇ ਸਿਰਫ 40 ਲੱਖ ਰੁਪਏ ਦੀ ਡਰੱਗ ਮਨੀ ਸਮਗਲਰਾਂ ਤੋਂ ਬਰਾਮਦ ਕਰਵਾਈ ਸੀ, ਪਰੰਤੂ ਮੇਰੀ ਟੀਮ ਨੇ ਕਰੀਬ ਡੇਢ ਸਾਲ ਦੇ ਸਮੇਂ ਵਿੱਚ ਹੀ 3 ਕਰੋੜ ਰੁਪਏ ਦੀ ਰਿਕਾਰਡ ਡਰੱਗ ਮਨੀ ਸਮਗਲਰਾਂ ਤੋਂ ਬਰਾਮਦ ਕਰਵਾਉਣ ਵਿੱਚ ਸਫਲਤਾ ਹਾਸਿਲ ਕੀਤੀ। ਉਨਾਂ ਕਿਹਾ ਕਿ ਇਕੱਲੇ ਬਰਨਾਲਾ ਸ਼ਹਿਰ ਦੇ ਹੀ ਨਹੀਂ, ਜਿਲ੍ਹੇ ਦੇ ਸਮੂਹ ਲੋਕਾਂ ਨੇ ਕੋਵਿਡ ਦੇ ਸਮੇਂ ਦੌਰਾਨ ਵੱਡਾ ਆਰਥਿਕ ਯੋਗਦਾਨ ਦੇ ਕੇ ਜਰੂਰਤਮੰਦ ਲੋਕਾਂ ਤੱਕ ਕਰੋੜਾਂ ਰੁਪਏ ਦਾ ਰਾਸ਼ਨ ਅਤੇ ਮਾਸਕ/ਸੈਨੀਟਾਈਜ਼ਰ ਆਦਿ ਕਿੱਟਾਂ ਪਹੁੰਚਾਉਣ ਲਈ ਸਹਿਯੋਗ ਦਿੱਤਾ ਹੈ । ਉਨਾਂ ਕਿਹਾ ਕਿ ਮੇਰਾ ਸ਼ਹਿਰ ਨਾਲ ਅਜਿਹਾ ਮੋਹ ਦਾ ਰਿਸ਼ਤਾ ਬਣਿਆ ਹੈ ਕਿ ਇਹ ਹਮੇਸ਼ਾ ਬਣਿਆ ਰਹੇਗਾ।
ਮਾਂ ਦੀ ਹੱਤਿਆ ਬਾਅਦ ਯਤੀਮ ਹੋਏ ਬੱਚਿਆਂ ਦੀ ਪੜਾਈ ਦਾ ਉਟਿਆ ਖਰਚਾ
ਐਸ.ਐਸ.ਪੀ ਸ੍ਰੀ ਗੋਇਲ ਵਿੱਚ ਭਰੀ ਇਨਸਾਨੀਅਤ ਦੀ ਮਿਸਾਲ ਉਸ ਸਮੇਂ ਵੀ ਵੇਖਣ ਨੂੰ ਮਿਲੀ, ਜਦੋਂ ਉਨਾਂ ਆਪਣੀ ਵਿਦਾਇਗੀ ਪਾਰਟੀ ਸਮੇਂ ਐਲਾਨ ਕੀਤਾ ਪਿਛਲੇ ਦਿਨੀਂ ਬਰਨਾਲਾ ਸ਼ਹਿਰ ਅੰਦਰ ਦਲਜੀਤ ਕੌਰ ਨਾਂ ਦੀ ਔਰਤ ਨੂੰ ਉਸ ਦੇ ਨਸ਼ੇੜੀ ਪਤੀ ਨੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ ਆਪਣੀ ਡਿਊਟੀ ਨਿਭਾਉਂਦਿਆਂ ਬੇਸ਼ੱਕ ਦੋਸ਼ੀ ਪਤੀ ਖਿਲਾਫ ਹੱਤਿਆ ਦਾ ਕੇਸ ਦਰਜ਼ ਕਰਕੇ ਜੇਲ੍ਹ ਭੇਜ ਦਿੱਤਾ ਹੈ। ਪਰੰਤੂ ਉਨਾਂ ਨੂੰ ਮੀਡੀਆ ਤੋਂ ਪਤਾ ਲੱਗਿਆ ਕਿ ਦਲਜੀਤ ਕੌਰ ਦੇ ਦੋਵੇਂ ਬੱਚੇ ਪੜਾਈ ਵਿੱਚ ਬਹੁਤ ਹੁਸ਼ਿਆਰ ਹਨ ਤੇ ਕਾਨਵੈਂਟ ਸਕੂਲ ਵਿੱਚ ਪੜ੍ਹਦੇ ਹਨ,। ਉਨਾਂ ਕੋਲ ਖਾਣ ਲਈ ਦੋ ਡੰਗ ਦੀ ਰੋਟੀ ਦਾ ਵੀ ਕੋਈ ਸਾਧਨ ਨਹੀਂ ਬਚਿਆ। ਐਸ.ਐਸ.ਪੀ ਗੋਇਲ ਨੇ ਆਪਣੀ ਤਰਫੋਂ ਉਨਾਂ ਬੱਚਿਆ ਲਈ 20 ਹਜ਼ਾਰ ਰੁਪਏ ਨਗਦ ਰਾਸ਼ੀ ਤੁਰੰਤ ਅਤੇ ਮੌਕੇ ਤੇ ਹੀ ਟ੍ਰਾਈਡੈਂਟ ਗਰੁੱਪ ਦੇ ਅਧਿਕਾਰੀਆਂ ਨੂੰ ਕਿਹਾ ਕਿ ਮੈਂ ਆਹ ਭਰੀ ਸਭਾ ‘ਚ ਐਲਾਨ ਕਰ ਰਿਹੈ ਕਿ ਦੋਵਾਂ ਬੱਚਿਆਂ ਦੀ ਗ੍ਰੈਜੂਏਸ਼ਨ ਤੱਕ ਦੀ ਪੜ੍ਹਾਈ ਦਾ ਖਰਚ ਟ੍ਰਾਈਡੈਂਟ ਗਰੁੱਪ ਚੁੱਕਗੇ, ਉਨਾਂ ਮੌਕੇ ਤੇ ਮੌਜੂਦ ਹੋਰ ਸਮਾਜ ਸੇਵੀ ਵਿਅਕਤੀਆਂ ਨੂੰ ਕਿਹਾ ਕਿ ਤੁਸੀਂ ਵੀ ਇੱਨਾਂ ਬੱਚਿਆ ਨੂੰ ਯਤੀਮ ਹੋਣ ਦਾ ਅਹਿਸਾਸ ਨਹੀਂ ਹੋਣ ਦੇਣਾ। ਇਸ ਮੌਕੇ ਸ੍ਰੀ ਗੋਇਲ ਨੇ ਦੱਸਿਆ ਕਿ ਉਹਨਾਂ ਦੀ ਜੁਆਇੰਨਗ ਵੀ ਸ੍ਰੀ ਫਤਿਹਗੜ੍ਹ ਸਾਹਿਬ ਦੀ ਸ਼ਹੀਦਾਂ ਦੀ ਧਰਤੀ ਤੇ ਹੋਈ ਅਤੇ ਹੁਣ ਮਾਣ ਵਾਲੀ ਹੈ ਕਿ ਮੈਨੂੰ ਬਤੌਰ ਐਸਐਸਪੀ ਵੀ ਇਸ ਧਰਮ ਧਰਤੀ ਤੇ ਕੰਮ ਕਰਨ ਦਾ ਮੌਕਾ ਮਿਲਿਆ ਹੈ। ਇਹ ਸਭ ਗੁਰੂਆਂ ਦੀ ਅਪਾਰ ਬਖਸ਼ਿਸ਼ ਦਾ ਸਦਕਾ ਹੀ ਹੈ। ਮੈਂ ਰੱਬ ਦਾ ਸ਼ੁਕਰਗੁਜ਼ਾਰ ਹਾਂ, ਉੱਥੇ ਜਾ ਕੇ ਵੀ ਬਰਨਾਲਾ ਵਾਂਗ ਹੀ ਜਨੂੰਨ ਨਾਲ ਕੰਮ ਕਰਾਂਗਾ। ਮਾਂ ਦੀ ਗੱਲ ਕਰਦਿਆਂ ਭਾਵੁਕ ਹੋਏ ਐਸਐਸਪੀ ਗੋਇਲ
ਮਾਂ ਤਾਂ ਮਾਂ ਹੀ ਹੁੰਦੀ ਹੈ, ਹਰ ਕੋਈ ਚੰਗਾ ਵਿਅਕਤੀ ਆਪਣੀ ਮਾਂ ਦਾ ਸਤਿਕਾਰ ਵੀ ਅਕਸਰ ਕਰਦਾ ਹੀ ਹੈ। ਸ੍ਰੀ ਗੋਇਲ ਆਪਣੀ ਮਾਂ ਦਾ ਜਿਕਰ ਕਰਦਿਆਂ ਕਾਫੀ ਭਾਵੁਕ ਹੋ ਗਏ, ਉਨਾਂ ਦਾ ਗੱਲ ਕਹਿੰਦਿਆਂ ਗਲਾ ਭਰ ਆਇਆ ਅਤੇ ਅੱਖਾਂ ਵਿੱਚੋਂ ਹੰਝੂ ਉਹ ਚਾਹੁੰਦਿਆਂ ਵੀ ਰੋਕ ਨਹੀ ਸਕੇ। ਗੋਇਲ ਨੇ ਕਿਹਾ ਕਿ ਮੇਰੀ ਮਾਂ ਮੇਰੀ ਗਾਈਡ ਤੇ ਗੁਰੂ ਵੀ ਹੈ, ਮੈਂ ਹਮੇਸ਼ਾਂ ਉਨਾਂ ਦੀ ਸਿੱਖਿਆ ਤੇ ਚੱਲਣ ਦੀ ਕੋਸ਼ਿਸ਼ ਵਿੱਚ ਰਹਿੰਦਾ ਹਾਂ। ਉਨਾਂ ਕਿਹਾ ਕਿ ਮੇਰੀ ਮਾਂ ਇੱਕੋ ਗੱਲ ਕਹਿੰਦੀ ਸੀ, ਪੁੱਤ ਕੋਈ ਅਜਿਹਾ ਕੰਮ ਨਾ ਕਰੀ ਕਿ ਲੋਕ ਤੇਰੀ ਮਾਂ ਦਾ ਸਿਰ ਨੀਵਾਂ ਹੋ ਜਾਵੇ। ਇੱਨਾਂ ਕਹਿੰਦਿਆਂ, ਉਨਾਂ ਲੰਬਾ ਹੌਂਕਾ ਭਰਦਿਆਂ ਚੁੱਪ ਵੱਟ ਲਈ।