ਵਿਦੇਸ਼ਾਂ ਦੀ ਧਰਤੀ ‘ਤੇ ਰੋਟੀ ਕਮਾਉਣ ਗਿਆ ਪੁੱਤ ਨਾ ਪਰਤਿਆ ਵਾਪਸ , ਹੋਇਆ ਸੜਕ ਹਾਦਸੇ ਦਾ ਸ਼ਿਕਾਰ
ਪਰਦੀਪ ਕਸਬਾ , ਜਲੰਧਰ, 12 ਅਗਸਤ 2021
ਵਿਦੇਸ਼ਾਂ ਦੀ ਧਰਤੀ ‘ਤੇ ਰੋਟੀ ਕਮਾਉਣ ਗਏ ਪੁੱਤ ਦੀ ਵਾਪਸੀ ਲਈ ਮਾਂ ਦੀਆਂ ਅੱਖਾਂ ਸਦਾ ਉਡੀਕਦੀਆਂ ਰਹਿੰਦੀਆਂ ਹਨ, ਪਰ ਜਦੋਂ ਮਾਂ ਦਾ ਪੁੱਤ ਵਿਦੇਸ਼ਾਂ ‘ਚ ਰੋਟੀ ਕਮਾਉਣ ਜਾ ਬੈਠਦਾ ਹੈ ਅਤੇ ਵਾਪਸ ਨਹੀਂ ਆਉਂਦਾ । ਤਾਂ ਮਾਂ ਦਾ ਹੀ ਦਿਲ ਜਾਣਦਾ ਹੈ ਕਿ ਉਸ ਨਾਲ ਕੀ ਬੀਤ ਰਹੀ ਹੈ । ਅਜਿਹਾ ਹੀ ਮਾਮਲਾ ਰੋਜ਼ੀ ਰੋਟੀ ਲਈ ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਮੌਤ ਹੋ ਜਾਣ ‘ਤੇ ਜਲੰਧਰ ਵਿੱਚ ਬਜ਼ੁਰਗ ਮਾਂ ਨਾਲ ਵਾਪਰਿਆ ਹੈ । ਜੋ ਵਿਦੇਸ਼ ਗਏ ਪੁੱਤ ਦੀ ਘਰ ਵਾਪਸੀ ਦੀ ਉਡੀਕ ਕਰ ਰਹੀ ਸੀ ।
ਅਮਰੀਕਾ ਦੀ ਧਰਤੀ ‘ਤੇ ਕਮਾਈ ਕਰਕੇ ਆਪਣੀ ਘਰ ਦੀ ਗ਼ਰੀਬੀ ਦੂਰ ਕਰਨ ਗਏ ਨੌਜਵਾਨ ਦੀ ਮਾਂ ਉਸ ਦੀਆਂ ਰਾਹਾਂ ਵੱਲ ਤੱਕ ਰਹੀ ਸੀ। ਘਰ ਪੁੱਤਰ ਨੇ ਆਉਣਾ ਸੀ ਪਰ ਉਸ ਦੀ ਮੌਤ ਦਾ ਸੁਨੇਹਾ ਪਹੁੰਚ ਗਿਆ। ਆਪਣੇ ਪੁੱਤਰ ਦੀ ਮੌਤ ਦੇ ਸੋਗ ‘ਚ ਡੁੱਬੀ ਮਾਂ ਨੇ ਦੱਸਿਆ ਕਿ ਮੈਂ ਆਪਣੇ ਪੁੱਤ ਦੀ ਪਿਛਲੇ ਕਈ ਸਾਲਾਂ ਤੋਂ ਘਰ ਵਾਪਸ ਆਉਣ ਦੀ ਉਡੀਕ ਕਰ ਰਹੀ ਸੀ ਪਰ ਅੱਜ ਉਸ ਦੀ ਮੌਤ ਦੀ ਖਬਰ ਆਉਣ ਨਾਲ ਮੇਰਾ ਘਰ ਖਾਲੀ ਹੋ ਗਿਆ ਹੈ।
ਮ੍ਰਿਤਕ ਲੜਕੇ ਸ਼ਮਸ਼ੇਰ ਸਿੰਘ ਦੇ ਪਰਿਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਨੌਜਵਾਨ ਅਮਰੀਕਾ ਦੇ ਫਰਿਜ਼ਨੋ ਸ਼ਹਿਰ ਵਿੱਚ ਟਰੱਕਿੰਗ ਇੰਡਸਟਰੀ ਵਿਚ ਕੰਮ ਬਤੌਰ ਡਰਾਈਵਰ ਕੰਮ ਕਰਦਾ ਸੀ। ਸ਼ਮਸ਼ੇਰ ਸਿੰਘ ਟਰੱਕ ਦਾ ਗੇੜਾ ਲਾ ਕੇ ਵਾਪਸ ਆ ਰਿਹਾ ਸੀ, ਰਸਤੇ ਵਿਚ ਉਸ ਦੇ ਟਰੱਕ ਵਿਚੋਂ ਕੋਈ ਆਵਾਜ਼ ਆਉਣ ਲੱਗੀ । ਸ਼ਮਸ਼ੇਰ ਸਿੰਘ ਨੇ ਟਰੱਕ ਵਿਚੋਂ ਆਉਂਦੀ ਆਵਾਜ਼ ਨੂੰ ਸੁਣ ਕੇ ਟਰੱਕ ਨੂੰ ਇਕ ਪਾਸੇ ‘ਤੇ ਲਗਾ ਕੇ ਆਪ ਹੇਠਾਂ ਠੀਕ ਕਰਨ ਲਈ ਉਤਰਿਆ। ਇਸੇ ਦੌਰਾਨ ਉਸ ਦੇ ਟਰੱਕ ਨੂੰ ਕਿਸੇ ਵਾਹਨ ਨੇ ਟੱਕਰ ਮਾਰ ਦਿੱਤੀ। ਇਸ ਟੱਕਰ ਨਾਲ ਉਹ ਟਰੱਕ ਅਤੇ ਕੰਧ ਦੇ ਵਿਚਕਾਰ ਘੁਟਿਆ ਗਿਆ । ਜਿਸ ਕਾਰਨ ਸ਼ਮਸ਼ੇਰ ਸਿੰਘ ਦੀ ਮੌਤ ਹੋ ਗਈ।
ਪਰਿਵਾਰ ਨੇ ਦੱਸਿਆ ਕਿ ਮ੍ਰਿਤਕ ਸ਼ਮਸ਼ੇਰ ਸਿੰਘ ਗੁਰਾਇਆ ਨੇੜਲੇ ਪਿੰਡ ਢੰਡਾ ਦਾ ਵਸਨੀਕ ਸੀ। ਜੋ ਕਾਫੀ ਲੰਬੇ ਸਮੇਂ ਤੋਂ ਅਮਰੀਕਾ ਵਿੱਚ ਰਹਿੰਦਾ ਸੀ। ਸ਼ਮਸ਼ੇਰ ਸਿੰਘ ਅਮਰੀਕਾ ‘ਚ ਆਪਣੇ ਪਿੱਛੇ ਆਪਣੀ ਪਤਨੀ ਦੋ ਬੇਟੀਆਂ ਅਤੇ ਇਕ ਬੇਟੇ ਨੂੰ ਛੱਡ ਗਿਆ ਹੈ। ਸ਼ਮਸ਼ੇਰ ਸਿੰਘ ਦੀ ਮੌਤ ਨਾਲ ਅਮਰੀਕਾ ਦੀ ਟਰੈਕਿੰਗ ਇੰਡਸਟਰੀ ‘ਚ ਵੀ ਸੋਗ ਦੀ ਲਹਿਰ ਫੈਲ ਗਈ ਹੈ।