ਪੁਲਿਸ ਦੇ ਜਵਾਨਾਂ, ਐਨ ਸੀ ਸੀ ਕੈਡਿਟਾਂ ਦੀ ਪਰੇਡ ਅਤੇ ਵੱਖ ਵੱਖ ਵਿਭਾਗਾਂ ਦੀਆਂ ਝਾਕੀਆਂ ਹੋਣਗੀਆਂ ਖਿੱਚ ਦਾ ਕੇਂਦਰ : ਸੁਰਭੀ ਮਲਿਕ
ਖੇਡ ਸਟੇਡੀਅਮ, ਮਾਧੋਪੁਰ ਵਿਖੇ ਜਿਲ੍ਹਾ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨੇ ਕੀਤੀ ਸਮੀਖਿਆ ਮੀਟਿੰਗ
ਬੀਟੀਐਨ, ਫ਼ਤਹਿਗੜ੍ਹ ਸਾਹਿਬ, 06 ਅਗਸਤ 2021
ਕੋਰੋਨਾ ਦੀ ਮਾਰ ਹੇਠ ਜਿੱਥੇ ਸਮੁੱਚੀ ਮਾਨਵਜਾਤੀ ਆ ਚੁੱਕੀ ਹੈ ਉੱਥੇ ਹੀ ਸਾਡੇ ਰਾਸਟਰੀ ਤਿਉਹਾਰਾਂ ਅਤੇ ਸਮਾਜਿਕ ਗਤੀਵਿਧੀਆਂ ਤੇ ਵੀ ਵੱਡੇ ਪੈਮਾਨੇ ਤੇ ਪਾਬੰਦੀਆਂ ਲੱਗੀਆਂ ਹੋਈਆਂ ਹਨ। ਬੀਤੇ ਦੋ ਰਾਸਟਰੀ ਤਿਊਹਾਰ ਜਿੰਨਾਂ ਵਿੱਚ ਪਿਛਲੇ ਸਾਲ ਦਾ ਆਜਾਦੀ ਦਿਵਸ ਅਤੇ ਇਸ ਸਾਲ ਦਾ ਗਣਤੰਤਰ ਦਿਵਸ ਬੜੇ ਹੀ ਸਾਦਗੀ ਨਾਲ ਮਨਾਇਆ ਗਿਆ ਸੀ। ਪਰ ਹੁਣ ਜਿਲ੍ਹੇ ਵਿੱਚ ਕੋਰੋਨਾ ਤੇ ਕਾਫੀ ਹੱਦ ਤੱਕ ਠੱਲ ਪਾਈ ਜਾ ਚੁੱਕੀ ਹੈ ਅਤੇ ਵੈਕਸੀਨੇਸ਼ਨ ਦਾ ਕੰਮ ਵੀ ਬੜੀ ਤੇਜੀ ਨਾਲ ਚੱਲ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਨੇ ਦੱਸਿਆ ਕਿ ਇਸ ਸਾਲ ਆਜਾਦੀ ਦਿਹਾੜੇ ਮੌਕੇ ਬੱਚਿਆ ਦਾ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸਕੂਲ ਖੁੱਲੇ ਹੋਏ ਬਹੁਤ ਜਿਆਦਾ ਸਮਾਂ ਨਹੀਂ ਹੋਇਆ ਹੈ ਅਤੇ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵੀ ਅਜੇ ਬਹੁਤ ਜਿਆਦਾ ਨਹੀਂ ਹੈ। ਪਰ ਰਾਜ ਸਰਕਾਰ ਤੋਂ ਪ੍ਰਾਪਤ ਨਵੇਂ ਦਿਸ਼ਾ ਨਿਰਦੇਸ਼ਾਂ ਤੋਂ ਬਾਅਦ ਜਿਲ੍ਹਾ ਪ੍ਰਸ਼ਾਸ਼ਨ ਨੇ ਇਹ ਫੈਸਲਾ ਲਿਆ ਹੈ ਕਿ ਸਕੂਲੀ ਬੱਚਿਆਂ ਦੇ ਸੱਭਿਆਚਾਰਕ ਪ੍ਰੋਗਰਾਮ ਨੂੰ ਇਸ ਵਾਰ ਦੇ ਆਜਾਦੀ ਦਿਹਾੜੇ ਵਿੱਚ ਸ਼ਾਮਲ ਕੀਤਾ ਜਾਵੇ। ਸ੍ਰੀਮਤੀ ਸੁਰਭੀ ਮਲਿਕ ਨੇ ਕਿਹਾ ਕੇ ਲੰਮੇ ਸਮੇਂ ਤੋਂ ਬੱਚੇ ਆਪਣੇ ਘਰਾਂ ਵਿੱਚ ਪਾਬੰਦੀਆਂ ਵਿੱਚ ਰਹਿ ਰਹੇ ਹਨ। ਜਿਸ ਨਾਲ ਮਨੋਬਲ ਤੇ ਥੋੜਾ ਅਸਰ ਪਿਆ ਹੈ। ਇਸ ਨੂੰ ਉੱਚਾ ਚੁੱਕਣ ਲਈ ਸਿੱਖਿਆ ਦੇ ਨਾਲ ਨਾਲ ਹੋਰ ਗਤੀਵਿਧੀਆਂ ਦੀ ਲੋੜ ਹੈ।
ਖੇਡ ਸਟੇਡੀਅਮ, ਮਾਧੋਪੁਰ ਵਿਖੇ ਜਿਲ੍ਹਾ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨਾਲ ਕੀਤੀ ਗਈ ਸਮੀਖਿਆ ਮੀਟਿੰਗ ਚ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਵਾਰ ਦੇ ਆਜਾਦੀ ਦਿਹਾੜੇ ਦਾ ਮੁੱਖ ਖਿੱਚ ਦਾ ਕੇਂਦਰ ਗਿੱਧੇ ਭੰਗੜੇ ਦੇ ਨਾਲ ਨਾਲ ਪੰਜਾਬ ਪੁਲਿਸ ਦੇ ਜਵਾਨਾਂ, ਐਨ ਸੀ ਸੀ ਕੈਡਿਟਾਂ ਦੀ ਪਰੇਡ ਅਤੇ ਵੱਖ ਵੱਖ ਵਿਭਾਗਾਂ ਦੀਆਂ ਝਾਕੀਆਂ ਹੋਣਗੀਆਂ।
ਡਿਪਟੀ ਕਮਿਸ਼ਨਰ ਨੇ ਸਟੇਡੀਅਮ ਦਾ ਦੌਰਾ ਕਰਨ ਤੋਂ ਬਾਅਦ ਸਫਾਈ, ਮੁਰੰਮਤ ਆਦਿ ਦੇ ਨਿਰਦੇਸ਼ ਦਿੱਤੇ ਅਤੇ ਕਿਹਾ ਕਿ 11 ਅਗਸਤ ਤੋਂ ਪਹਿਲਾਂ ਹਰ ਤਰ੍ਹਾਂ ਦੀ ਤਿਆਰੀ ਮੁਕੰਮਲ ਕਰ ਲਈ ਜਾਵੇ। ਸਟੇਡੀਅਮ ਦੇ ਆਲੇ ਦੁਆਲੇ ਲਾਈਟਾਂ ਅਤੇ ਸੀਸੀਟੀਵੀ ਕੈਮਰੇ ਲਗਾ ਦਿੱਤੇ ਜਾਣ। ਉਨ੍ਹਾਂ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ 09 ਅਗਸਤ ਤੋਂ ਰਿਹਰਸਲਾਂ ਸੁਰੂ ਹੋ ਜਾਣਗੀਆਂ ਇਸ ਲਈ ਸਟੇਡੀਅਮ ਚ ਪੀਣ ਵਾਲੇ ਸਾਫ ਪਾਣੀ ਅਤੇ ਸਕੂਲੀ ਬੱਚਿਆਂ ਲਈ ਰਿਫਰੈਸ਼ਮੈਂਟ ਦਾ ਸੁਚੱਜਾ ਪ੍ਰਬੰਧ ਕੀਤਾ ਜਾਵੇ । ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤੇ ਕਿ ਇੱਕ ਮੈਡੀਕਲ ਟੀਮ ਸਵੇਰੇ 09 ਵਜੇ ਤੋਂ 12 ਵਜੇ ਤੱਕ ਸਟੇਡੀਅਮ ਵਿੱਚ ਮੌਜੂਦ ਰਹੇ।
ਇਸ ਮੌਕੇ ਜਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਅਮਨੀਤ ਕੌਂਡਲ, ਵਧੀਕ ਡਿਪਟੀ ਕਮਿਸ਼ਨਰ(ਜਨਰਲ) ਸ੍ਰੀ ਰਜੇਸ਼ ਧੀਮਾਨ, ਸਹਾਇਕ ਕਮਿਸ਼ਨਰ (ਸਿਕਾਇਤਾਂ) ਸ੍ਰੀ ਹਰਕਮਲਜੀਤ ਸਿੰਘ, ਐਸ ਡੀ ਐਮ ਫਤਹਿਗੜ੍ਹ ਸਾਹਿਬ ਡਾ.ਸੰਜੀਵ ਕੁਮਾਰ, ਐਸ ਪੀ ਸ੍ਰੀ ਹਰਪਾਲ ਸਿੰਘ, ਡੀ ਐਸ ਪੀ ਸ੍ਰੀ ਹਰਦੀਪ ਸਿੰਘ ਬਡੂੰਗਰ, ਡੀ ਐਸ ਪੀ ਮਨਜੀਤ ਸਿੰਘ, ਜਿਲ੍ਹਾ ਖੁਰਾਕ ਤੇ ਕੰਟਰੋਲਰ ਅਫਸਰ ਸ਼੍ਰੀਮਤੀ ਰਵਿੰਦਰ ਕੌਰ, ਡਿਪਟੀ ਜਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਗੁਰਪ੍ਰੀਤ ਕੌਰ, ਜਿਲ੍ਹਾ ਖੇਡ ਅਫਸਰ ਸ੍ਰੀ ਰਾਹੁਲਦੀਪ ਸਿੰਘ, ਐਕਸੀਅਨ ਜਲ ਸਪਲਾਈ ਤੇ ਸੈਨੀਟੇਸ਼ਨ ਜੌਨੀ ਖੰਨਾ, ਸਹਾਇਕ ਸਿਵਲ ਸਰਜਨ ਸਵਪਨਦੀਪ ਕੌਰ, ਤਹਿਸੀਲਦਾਰ ਸ੍ਰੀ ਗੁਰਜਿੰਦਰ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।