ਕਿਸਾਨਾਂ ਦੇ ਦਬਾਅ ਹੇਠ ਅਧਿਕਾਰੀਆਂ ਨੇ ਸੁਖਦੇਵ ਰਾਜੀਆ ਦਾ ਮੁਆਵਜਾ ਚੈਕ ਰਾਤ12 ਵਜੇ ਦੇ ਕੇ ਖਹਿੜਾ ਛੁਡਾਇਆ।
ਡਾਕਟਰ ਸੁਖਦੇਵ ਸਿੰਘ ਸਾਬਕਾ ਡਿਪਟੀ ਡਾਇਰੈਕਟਰ(ਵੈਟਰਨਰੀ) ਬਰਨਾਲਾ ਨੇ 5000 ਰੁਪਏ ਦੀ ਆਰਥਿਕ ਮਦਦ ਦਿੱਤੀ।
ਪਰਦੀਪ ਕਸਬਾ ,ਬਰਨਾਲਾ: 18 ਜੂਨ, 2021
ਤੀਹ ਜਥੇਬੰਦੀਆਂ ‘ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 261ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਦੋ ਦਿਨ ਪਹਿਲਾਂ ਸ਼ਹੀਦ ਹੋਏ ਕਿਸਾਨ ਸੁਖਦੇਵ ਸਿੰਘ ਰਾਜੀਆ ਦੇ ਮੁਆਵਜ਼ਾ ਚੈਕ ਨੂੰ ਲੈ ਕੇ ਬਰਨਾਲਾ ਜਿਲ੍ਹਾ ਪ੍ਰਸ਼ਾਸਨ ਟਾਲਮਟੋਲ ਕਰ ਰਿਹਾ ਸੀ। ਇਸ ਲਈ ਕੱਲ੍ਹ ਬਰਨਾਲਾ ਡੀਸੀ ਦਫਤਰ ਮੂਹਰੇ ਧਰਨਾ ਅਣਮਿਥੇ ਸਮੇਂ ਲਈ ਧਰਨਾ ਸ਼ੁਰੂ ਕੀਤਾ ਗਿਆ ਸੀ। ਕਿਸਾਨਾਂ ਦੇ ਦਬਾਅ ਹੇਠ ਜਿਲ੍ਹਾ ਪ੍ਰਸਾਸ਼ਨ ਨੇ ਰਾਤ ਨੂੰ ਹੀ12 ਵਜੇ ਚੈਕ ਦੇ ਕੇ ਆਪਣਾ ਖਹਿੜਾ ਛੁਡਾਇਆ।
ਡਾਕਟਰ ਸੁਖਦੇਵ ਸਿੰਘ ਸਾਬਕਾ ਡਿਪਟੀ ਡਾਇਰੈਕਟਰ(ਵੈਟਰਨਰੀ) ਬਰਨਾਲਾ ਨੇ ਕਿਸਾਨ ਮੋਰਚੇ ਦੀ 5000 ਰੁਪਏ ਦੀ ਆਰਥਿਕ ਮਦਦ ਦਿੱਤੀ। ਸੰਚਾਲਨ ਕਮੇਟੀ ਨੇ ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ।
ਅੱਜ ਧਰਨੇ ਨੂੰ ਗੁਰਦੇਵ ਸਿੰਘ ਮਾਂਗੇਵਾਲ, ਬਾਬੂ ਸਿੰਘ ਖੁੱਡੀ ਕਲਾਂ, ਅਮਰਜੀਤ ਕੌਰ, ਸਰਪੰਚ ਗੁਰਚਰਨ ਸਿੰਘ ਸੁਰਜੀਤਪੁਰਾ, ਹਰਚਰਨ ਚੰਨਾ, ਗੋਰਾ ਸਿੰਘ ਢਿੱਲਵਾਂ, ਬਲਜੀਤ ਚੌਹਾਨਕੇ, ਬਲਵੰਤ ਸਿੰਘ ਠੀਕਰੀਵਾਲਾ, ਮਨਜੀਤ ਕੌਰ ਖੁੱਡੀ ਕਲਾਂ, ਨਾਨਕ ਸਿੰਘ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਪਿਛਲੇ ਦਿਨੀਂ ਪੰਜਾਬ ਬੀਜੇਪੀ ਵੱਲੋਂ 4-5 ਸਾਬਕਾ ਸਿੱਖ ਮੁਲਾਜਮਾਂ ਦਾ ਫੋਟੋ ਸ਼ੈਸਨ ਕਰਵਾ ਕੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਕਿ ਪੰਜਾਬ ਦਾ ਸਿੱਖ ਭਾਈਚਾਰਾ ਬੀਜੇਪੀ ਦੀਆਂ ਨੀਤੀਆਂ ਦਾ ਸਮਰਥਨ ਕਰਦਾ ਹੈ। ਪੰਜਾਬ ਬੀਜੇਪੀ ਸੋਚੀ ਸਮਝੀ ਰਣਨੀਤੀ ਤਹਿਤ ਟੀਵੀ ਦੇ ਬਹਿਸ ਪ੍ਰੋਗਰਾਮਾਂ ਅਤੇ ਹੋਰ ਜਨਤਕ ਪ੍ਰੋਗਰਾਮਾਂ ਵਿੱਚ ਸਿੱਖ ਚਿਹਰਿਆਂ ਨੂੰ ਅੱਗੇ ਰੱਖਦੀ ਹੈ। ਇਸ ਤਰ੍ਹਾਂ ਦਾ ਫਿਰਕੂ ਪੱਤਾ ਖੇਡਣਾ ਲੋਕਾਂ ਨਾਲੋਂ ਟੁੱਟ ਚੁੱਕੀ ਇਸ ਪਾਰਟੀ ਦੀ ਬੌਖਲਾਹਟ ਦੀ ਨਿਸ਼ਾਨੀ ਹੈ। ਚੰਗਾ ਹੋਵੇ ਕਿ ਪਾਰਟੀ ਇਸ ਤਰ੍ਹਾਂ ਦੀਆਂ ਕੋਝੀਆਂ ਚਾਲਾਂ ਚੱਲਣ ਨਾਲੋਂ ਆਪਣੀ ਕੇਂਦਰੀ ਲੀਡਰਸ਼ਿਪ ‘ਤੇ ਦਬਾਅ ਬਣਾ ਕੇ ਖੇਤੀ ਕਾਨੂੰਨ ਰੱਦ ਕਰਵਾਉਣ ‘ਚ ਆਪਣਾ ਯੋਗਦਾਨ ਪਾਵੇ।
ਅੱਜ ਨਰਿੰਦਰ ਪਾਲ ਸਿੰਗਲਾ ਨੇ ਇਨਕਲਾਬੀ ਕਵਿਤਾਵਾਂ ਸੁਣਾ ਕੇ ਰੰਗ ਬੰਨਿਆ।