ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਆਗੂਆਂ ਨੂੰ ਧੱਕੇ ਨਾਲ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰਨ ਦੀ ਕੀਤੀ ਨਿਖੇਧੀ
ਹਰਪ੍ਰੀਤ ਕੌਰ ਬਬਲੀ, ਸੰਗਰੂਰ ,18 ਜੂਨ 2021
ਅੱਜ ਸੰਗਰੂਰ ਦੇ ਪੀ ਡਬਲਯੂ ਡੀ ਰੈਸਟ ਹਾਊਸ ਵਿੱਚ ਪਹੁੰਚੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੂੰ ਬੀ ਐਡ ਬੇਰੁਜਗਾਰ ਅਧਿਆਪਕਾਂ ਨੇ ਅਚਾਨਕ ਘੇਰਾ ਪਾ ਲਿਆ । ਮੌਕੇ ਤੇ ਪਹੁੰਚੀ ਬੇਰੁਜ਼ਗਾਰ ਅਧਿਆਪਕਾਂ ਨੇ ਪੀ ਡਬਲਯੂ ਡੀ ਰੈਸਟ ਹਾਊਸ ਦਾ ਘਿਰਾਓ ਕਰਦਿਆਂ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਦੇ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਕੇ ਧਰਨਾ ਲਾ ਦਿੱਤਾ ਹੈ ।
ਬੇਰੁਜ਼ਗਾਰ ਈਟੀਟੀ ਟੈੱਟ ਪਾਸ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ, ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ,ਕੁਲਦੀਪ ਖੋਖਰ, ਦੀਪ ਬਨਾਰਸੀ ਨੇ ਕਿਹਾ ਕਿ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਵੱਲੋਂ 4 ਜਨਵਰੀ ਤੋਂ ਪੱਕੇ ਧਰਨੇ ਤੇ ਬੈਠੇ ਡੀ.ਸੀ. ਦਫਤਰ ਅੱਗੇ ਬੇਰੁਜ਼ਗਾਰ ਅਧਿਆਪਕਾਂ ਦਾ ਪੱਕਾ ਧਰਨਾ ਲਗਾਤਾਰ ਚੱਲ ਰਿਹਾ ਹੈ । ਦੂਜੇ ਪਾਸੇ ਸੁਰਿੰਦਰਪਾਲ ਗੁਰਦਾਸਪੁਰ ਲੀਲਾ ਭਵਨ ਵਿੱਚ ਸਥਿਤ ਬੀ.ਐਸ.ਅੈਨ.ਅੈਲ. ਟਾਵਰ ਦੇ ਉੱਪਰ ਲਗਾਤਾਰ 90 ਦਿਨਾਂ ਤੋਂ ਡਟਿਆ ਹੋਇਆ ਹੈ ।
ਅੱਜ ਜਦੋਂ ਦੁਪਹਿਰ ਸਮੇਂ ਸਿੱਖਿਆ ਮੰਤਰੀ ਰੈਸਟ ਹਾਊਸ ਵਿੱਚ ਮੌਜੂਦ ਸਨ ਤਾਂ ਉਸ ਸਮੇਂ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਤੇ ਸਾਂਝਾ ਬੇਰੁਜ਼ਗਾਰ ਮੋਰਚਾ ਨੇ ਚੁੱਪ ਚੁਪੀਤੇ ਆ ਕੇ ਰੈਸਟ ਹਾਊਸ ਕੋਲ ਪਹੁੰਚ ਕੇ ਪ੍ਰਸ਼ਾਸਨ ਨੂੰ ਭਾਜੜਾਂ ਪੁਆ ਦਿੱਤੀਆਂ । ਜਦੋਂ ਬੇਰੁਜ਼ਗਾਰ ਅਧਿਆਪਕ ਰੈਸਟ ਹਾਊਸ ਦੇ ਬਾਹਰ ਸਿੱਖਿਆ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਸਨ ਤਾਂ ਪ੍ਰਸ਼ਾਸਨ ਵੱਲੋਂ ਸੂਬਾ ਪ੍ਰਧਾਨ ਦੀਪਕ ਕੰਬੋਜ ਤੇ ਕੁਲਦੀਪ ਖੋਖਰ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ । ਪਰ ਬੇਰੁਜ਼ਗਾਰ ਅਧਿਆਪਕਾਂ ਦੇ ਰੋਹ ਅੱਗੇ ਪ੍ਰਸ਼ਾਸਨ ਸੂਬਾ ਪ੍ਰਧਾਨ ਦੀਪਕ ਕੰਬੋਜ ਤੇ ਕੁਲਦੀਪ ਖੋਖਰ ਨੂੰ ਛੱਡਣ ਲਈ ਮਜਬੂਰ ਹੋਇਆ।
ਇਸ ਮੌਕੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ, ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ,ਕੁਲਦੀਪ ਖੋਖਰ, ਨਿਰਮਲ ਜ਼ੀਰਾ, ਸੁਲਿੰਦਰ ਕੰਬੋਜ ਤੇ ਸੋਨੀਆ ਪਟਿਆਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਉਨ੍ਹਾਂ ਦੀਆਂ ਹੱਕੀ ਪੋਸਟਾਂ ਵੀ ਉਨ੍ਹਾਂ ਤੋਂ ਖੋਹੀਆਂ ਜਾ ਰਹੀਆਂ ਹਨ । ਪੰਜਾਬ ਸਰਕਾਰ ਕੱਚੇ ਅਧਿਆਪਕਾਂ ਨੂੰ 25 ਨੰਬਰ ਦੇ ਕੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਦੇ ਅੱਗੇ ਖੜ੍ਹਾ ਕਰ ਰਹੀ ਹੈ । ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਸੰਘਰਸ਼ ਕਰਕੇ ਆਪਣੀਆਂ ਪੋਸਟਾਂ ਪ੍ਰਾਪਤ ਕਰਦੇ ਹਨ । ਇਸ ਲਈ ਪਹਿਲਾ ਹੱਕ ਈਟੀਟੀ ਟੈੱਟ ਪਾਸ ਅਧਿਆਪਕਾਂ ਦਾ ਬਣਦਾ ਹੈ ਪਰੰਤੂ ਪੰਜਾਬ ਸਰਕਾਰ ਉਨ੍ਹਾਂ ਤੋਂ ਇਹ ਹੱਕ ਖੋਹ ਰਹੀ ਹੈ । ਇਸ ਲਈ ਅਸੀਂ ਸਰਕਾਰ ਨੂੰ ਚਿਤਾਵਨੀ ਦਿੰਦੇ ਹਾਂ ਕਿ ਜੇਕਰ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਜਲਦ ਹੱਲ ਨਾ ਕੀਤੀਆਂ ਗਈਆਂ ਤਾਂ ਆਉਣ ਵਾਲੇ ਸੰਘਰਸ਼ ਦੌਰਾਨ ਜੋ ਵੀ ਜਾਨੀ ਮਾਲੀ ਨੁਕਸਾਨ ਹੋਵੇਗਾ ਉਸਦਾ ਜੁੰਮੇਵਾਰ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਹੋਵੇਗਾ ।
ਇਸ ਮੌਕੇ ਮੌਜੂਦ ਹਰਦੀਪ ਸਿੰਘ ਡਿਬਡਿਬਾ, ਹਰਬੰਸ ਪਟਿਆਲਾ, ਸੁਖਚੈਨ ਪਟਿਆਲਾ, ਲਾਡੀ ਮਾਨਸਾ, ਗੁਰਦੀਪ ਮਾਨਸਾ, ਸੁਮੀਤ ਕੰਬੋਜ, ਬਲਵਿੰਦਰ ਨਾਭਾ, ਅਮਰਿੰਦਰ ਜੌਨੀ, ਬੇਅੰਤ ਮਾਨਸਾ ਤੇ ਦਿਲਪ੍ਰੀਤ ਸੰਗਰੂਰ ਆਦਿ ਮੌਜੂਦ ਸਨ