ਪਿਛਲੇ ਦੋ ਦਿਨਾਂ ਦੌਰਾਨ ਭਵਾਨੀਗੜ ਬਲਾਕ ’ਚ ਆਏ ਸਭ ਤੋਂ ਘੱਟ ਕੋਵਿਡ-19 ਦੇ ਕੇਸ, ਐਕਟਿਵ ਕੇਸਾਂ ਦੀ ਗਿਣਤੀ 18
ਹਰਪ੍ਰੀਤ ਕੌਰ ਬਬਲੀ , ਸੰਗਰੂਰ 15 ਜੂਨ 2021
ਮਿਸ਼ਨ ਫ਼ਤਿਹ ਤਹਿਤ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਉਪਰਾਲਿਆਂ ਸਦਕਾ ਜ਼ਿਲੇ ਅੰਦਰ ਕੋਵਿਡ-19 ਦੇ ਕੇਸਾਂ ਵਿੱਚ ਕਮੀ ਆਈ ਹੈ। ਪਿਛਲੇ ਮਹੀਨੇ ਦੇ ਬਾਕੀ ਦਿਨਾਂ ਦੇ ਮੁਕਾਬਲੇ ਅੱਜ ਬਲਾਕ ਭਵਾਨੀਗੜ ’ਚ ਸਭ ਤੋਂ ਘੱਟ 1 ਪਾਜ਼ੀਟਿਵ ਕੇਸ ਆਇਆ ਹੈ । ਇਹ ਜਾਣਕਾਰੀ ਸੀਨੀਅਰ ਮੈਡੀਕਲ ਅਫ਼ਸਰ ਡਾ. ਮਹੇਸ਼ ਆਹੂਜਾ ਨੇ ਦਿੱਤੀ।
ਡਾ. ਮਹੇਸ਼ ਆਹੂਜਾ ਨੇ ਦੱਸਿਆ ਕਿ ਕੋਰੋਨਾਵਾਇਰਸ ਨੇ ਪਿਛਲੇ ਸਮੇਂ ਦੌਰਾਨ ਜਨ-ਜੀਵਨ ਨੂੰ ਬੁਰੀ ਤਰਾਂ ਪ੍ਰਭਾਵਿਤ ਕੀਤਾ ਹੈ। ਉਨਾਂ ਦੱਸਿਆ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਿਹਤ ਵਿਭਾਗ ਦੇ ਆਪਸੀ ਤਾਲਮੇਲ ਨਾਲ ਕੋਵਿਡ-19 ਦੇ ਕੇਸਾਂ ’ਚ ਕਮੀ ਆਈ ਹੈ। ਉਨਾਂ ਦੱਸਿਆ ਕਿ ਪਿਛਲੇ 2 ਦਿਨਾਂ ਤੋਂ ਨਵੇਂ ਕੇਸ 1 ਪ੍ਰਤੀ ਦਿਨ ਆ ਰਹੇ ਹਨ, ਜੋ ਕਿ ਰਾਹਤ ਭਰੀ ਖਬਰ ਹੈ। ਉਨਾ ਦੱਸਿਆ ਕਿ ਹੁਣ ਬਲਾਕ ’ਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 18 ਹੈ। ਉਨਾਂ ਦੱਸਿਆ ਕਿ ਭਾਵੇਂ ਕੇਸਾਂ ਵਿੱਚ ਕਮੀ ਆਈ ਹੈ ਪਰ ਫ਼ਿਰ ਵੀ ਅਵੇਸਲੇ ਨਾ ਹੋਇਆ ਜਾਵੇ ਸਗੋਂ ਪਹਿਲਾਂ ਵਾਂਗ ਹੀ ਕੋਵਿਡ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।
ਬਲਾਕ ਐਜ਼ੂਕੇਟਰ ਗੁਰਵਿੰਦਰ ਸਿੰਘ ਕਿਹਾ ਕਿ ਕੋਵਿਡ-19 ਵਿਰੁੱਧ ਜੰਗ ’ਚ ਵੈਕਸੀਨ ਕਾਰਗਾਰ ਹਥਿਆਰ ਹੈ ਇਸ ਲਈ ਆਪਣੀ ਵਾਰੀ ਆਉਣ ’ਤੇ ਟੀਕਾਕਰਨ ਜ਼ਰੂਰ ਕਰਵਾਉਣਾ ਚਾਹੀਂਦਾ ਹੈ। ਉਨਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜ਼ਿਲੇ ਅੰਦਰ ਵੱਖ-ਵੱਖ ਥਾਵਾਂ ’ਤੇ ਕੈਂਪ ਲਗਾ ਕੇ ਯੋਗ ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਹੁਣ 18 ਤੋਂ 44 ਸਾਲ ਉਮਰ ਵਰਗ ਵਿੱਚ ਵੱਖ ਵੱਖ ਵਰਗ ਅਨੁਸਾਰ ਨਾਗਰਿਕਾਂ ਦੀ ਵੈਕਸੀਨੇਸ਼ਨ ਵੀ ਲਗਾਤਾਰ ਚੱਲ ਰਹੀ ਹੈ। ਇਹਨਾਂ ਵਰਗਾਂ ਵਿੱਚ ਵਿਦੇਸ਼ ਜਾ ਰਹੇ ਵਿਦਿਆਰਥੀਆਂ ਸਮੇਤ ਵੱਖ ਵੱਖ ਮੂਹਰਲੀ ਕਤਾਰ ਵਿੱਚ ਕੰਮ ਕਰਨ ਵਾਲੇ ਕਾਮੇ, ਜੇਲ ਕੈਦੀ, ਉਦਯੋਗਿਕ ਕਾਮੇ, ਦੁਕਾਨਦਾਰ, ਜਿੰਮ ਮਾਲਕ ਅਤੇ ਕਾਮੇ, ਰੇਹੜੀ ਵਾਲੇ, ਹਰ ਤਰਾਂ ਦੇ ਸਮਾਨ ਵੰਡਣ ਵਾਲੇ, ਡਾਕ ਪਹੁੰਚਾਉਣ ਵਾਲੇ, ਸਾਰੇ ਡਰਾਈਵਰ ਅਤੇ ਉਹਨਾਂ ਦੇ ਸਹਿਯੋਗੀ, ਹੋਟਲਾਂ ਦੇ ਕਾਮੇ ਆਦਿ ਵਰਗ ਸ਼ਾਮਿਲ ਹਨ।