ਡਿਪਟੀ ਕਮਿਸ਼ਨਰ ਦਫ਼ਤਰ ਤੱਕ ਰੋਹਲਾ ਮਾਰਚ ਕਰਕੇ ਰਾਸ਼ਟਰਪਤੀ ਦੇ ਨਾਂਅ ਐਸ.ਡੀ.ਐਮ. ਡਾ. ਜੈ ਇੰਦਰ ਸਿੰਘ ਨੂੰ ਮੰਗ ਪੱਤਰ ਸੌਂਪਿਆ ਗਿਆ।
ਪਰਦੀਪ ਕਸਬਾ , ਜਲੰਧਰ, 15 ਜੂਨ: 2021
ਮੁਲਕ ਦੇ ਨਾਮਵਰ ਬੁੱਧੀਜੀਵੀਆਂ, ਲੇਖਕਾਂ, ਸਾਹਿਤਕਾਰਾਂ, ਕਵੀਆਂ, ਰੰਗ ਕਰਮੀਆਂ, ਸਮਾਜਕ ਅਤੇ ਜਮਹੂਰੀ ਕਾਮਿਆਂ ਨੂੰ ਬਿਨਾਂ ਸ਼ਰਤ ਰਿਹਾ ਕਰਨ ਦੀ ਜ਼ੋਰਦਾਰ ਆਵਾਜ਼ ਉਠਾਉਂਦੇ ਹੋਏ ਜਮਹੂਰੀ ਅਧਿਕਾਰ ਸਭਾ, ਜਲੰਧਰ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਪ੍ਰਭਾਵਸ਼ਾਲੀ ਵਿਚਾਰ-ਚਰਚਾ ਉਪਰੰਤ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਰੋਹਲਾ ਮਾਰਚ ਕਰਕੇ ਰਾਸ਼ਟਰਪਤੀ ਦੇ ਨਾਂਅ ਐਸ.ਡੀ.ਐਮ. ਡਾ. ਜੈ ਇੰਦਰ ਸਿੰਘ ਨੂੰ ਮੰਗ ਪੱਤਰ ਸੌਂਪਿਆ ਗਿਆ।
ਜਮਹੂਰੀ ਅਧਿਕਾਰ ਸਭਾ ਜਲੰਧਰ ਦੇ ਪ੍ਰਧਾਨ ਜਸਵਿੰਦਰ ਭੋਗਲ ਨੇ ਜੀ ਆਇਆਂ ਨੂੰ ਕਹਿੰਦਿਆਂ ਕਿਹਾ ਕਿ ਬੁੱਧੀਜੀਵੀਆਂ ਨੂੰ ਜੇਲ੍ਹੀਂ ਡੱਕਣਾ ਅਸਲ ‘ਚ ਸਮੁੱਚੀ ਜਮਹੂਰੀ ਲਹਿਰ ਦੀ ਸੰਘੀ ਨੱਪਣ ਦੇ ਮਨਸੂਬੇ ਪਾਲਣਾ ਹੈ ਜੋ ਕਦੇ ਵੀ ਪੂਰੇ ਨਹੀਂ ਹੋਣਗੇ।
ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿੱਚ ਹੋਏ ਇਸ ਸਮਾਗਮ ‘ਚ ਜਮਹੂਰੀ ਅਧਿਕਾਰ ਸਭਾ ਦੇ ਸਾਬਕਾ ਪ੍ਰਧਾਨ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਅਤੇ ਨਾਮਵਰ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਨੂੰ ਉਹਨਾਂ ਦੀ ਬਰਸੀ ‘ਤੇ ਅਤੇ ਉੱਘੇ ਕਵੀ ਮਹਿੰਦਰ ਸਾਥੀ ਨੂੰ ਖੜ੍ਹੇ ਹੋ ਕੇ ਸ਼ਰਧਾਂਜ਼ਲੀ ਭੇਂਟ ਕਰਦਿਆਂ ਉਹਨਾਂ ਦੇ ਕਾਜ਼ ਨੂੰ ਨੇਪਰੇ ਚਾੜ੍ਹਨ ਲਈ ਅਹਿਦ ਕੀਤਾ ਗਿਆ।
ਸਰਗਮ, ਮਾਨਵਤਾ ਕਲਾ ਮੰਚ ਨਗਰ (ਪਲਸ ਮੰਚ) ਦੀ ਕਲਾਕਾਰ ਨਰਗਿਸ ਅਤੇ ਜਾਣੇ ਪਹਿਚਾਣੇ ਕਵੀ ਸੁਰਜੀਤ ਜੱਜ ਨੇ ਬੁੱਧੀਜੀਵੀਆਂ ਦੀ ਸਮਾਜ ਨੂੰ ਅਮਿੱਟ ਦੇਣ, ਕਿਸਾਨ-ਮਜ਼ਦੂਰ ਅੰਦੋਲਨ ਅਤੇ ਖੂਬਸੂਰਤ ਸਮਾਜ ਦੀ ਸਿਰਜਣਾ ਲਈ ਸੰਗਰਾਮ ਜਾਰੀ ਰੱਖਣ ਦਾ ਪੈਗ਼ਾਮ ਦਿੰਦੇ ਗੀਤ, ਕਵਿਤਾਵਾਂ ਅਤੇ ਗ਼ਜ਼ਲਾਂ ਪੇਸ਼ ਕੀਤੀਆਂ।
ਸਮਾਗਮ ਦੇ ਮੁੱਖ ਵਕਤਾ, ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਜਨਰਲ ਸਕੱਤਰ, ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਣ ਸਿੰਘ ਨੇ ਗ੍ਰਿਫ਼ਤਾਰ ਬੁੱਧੀਜੀਵੀਆਂ ਦੀ ਸਾਹਿਤ, ਸਮਾਜ, ਜਮਹੂਰੀ ਹੱਕਾਂ, ਲੋਕ ਮੁਕਤੀ ਸੰਗਰਾਮ ਨੂੰ ਮਿਸ਼ਾਲੀ ਦੇਣ ਉਪਰ ਰੌਸ਼ਨੀ ਪਾਈ।
ਪ੍ਰੋ. ਜਗਮੋਹਣ ਸਿੰਘ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਬਰਤਾਨਵੀ ਹਕੂਮਤ ਜਿਵੇਂ ਗ਼ਦਰੀ ਦੇਸ਼ ਭਗਤਾਂ, ਬੱਬਰ ਅਕਾਲੀਆਂ, ਕਿਰਤੀ ਲਹਿਰ ਦੇ ਸੰਗਰਾਮੀਆਂ ਅਤੇ ਸ਼ਹੀਦ ਭਗਤ ਸਿੰਘ ਦੇ ਸਮਕਾਲੀਆਂ ਨੂੰ ਜੇਲ੍ਹੀਂ ਡੱਕ ਕੇ ਅਤੇ ਕਾਲ਼ੇ ਕਾਨੂੰਨ ਮੜ੍ਹਕੇ ਜ਼ੁਬਾਨਬੰਦੀ ਕਰਨ ਦੇ ਜ਼ਾਬਰਾਨਾ ਹੱਥ ਕੰਡੇ ਅਪਣਾਏ ਉਸ ਤੋਂ ਵੀ ਕਿਤੇ ਘਿਨੌਣੇ ਅਤੇ ਫਾਸ਼ੀ ਹੱਲੇ ਮੋਦੀ ਹਕੂਮਤ ਵੱਲੋਂ ਬੁੱਧੀਜੀਵੀਆਂ ਉਪਰ ਬੋਲੇ ਜਾ ਰਹੇ ਹਨ।
ਪ੍ਰੋ. ਜਗਮੋਹਣ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਹਕੂਮਤ ਨੇ ਚੁੱਪ ਕਰਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਕਿ ਤੁਸੀਂ ਬੁੱਧੀਜੀਵੀਆਂ ਦੀ ਗ੍ਰਿਫ਼ਤਾਰੀ ਦੇ ਮੁੱਦੇ ਤੋਂ ਕੀ ਲੈਣਾ ਹੈ। ਪਰ ਅੱਜ ਦੇਸ਼ ਦੁਨੀਆਂ ‘ਚ ਵਸਦੇ ਲੋਕਾਂ ਦੀ ਉੱਠੀ ਸਾਂਝੀ ਜਮਹੂਰੀ ਆਵਾਜ਼ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਮਿਹਨਤਕਸ਼ ਲੋਕਾਂ ਦੀ ਸਾਂਝੀ ਲੜਾਈ ਦੁਨੀਆਂ ਭਰ ਦੇ ਕਾਰਪੋਰੇਟ ਘਰਾਣਿਆਂ ਅਤੇ ਉਹਨਾਂ ਦੇ ਭਾਰਤੀ ਸੇਵਾਦਾਰਾਂ ਖਿਲਾਫ਼ ਹੈ।
ਹਾਲ ‘ਚੋਂ ਆਏ ਸੁਆਲ ਦਾ ਜੁਆਬ ਦਿੰਦਿਆਂ ਪ੍ਰੋ. ਜਗਮੋਹਣ ਸਿੰਘ ਨੇ ਕਿਹਾ ਕਿ ਬੁੱਧ ਮੱਤ, ਇਨਸਾਨ ਨੂੰ ਕੇਂਦਰ ‘ਚ ਰੱਖਕੇ ਗੱਲ ਕਰਨ ‘ਤੇ ਜ਼ੋਰ ਦਿੰਦਾ ਹੈ ਇਸ ਲਈ ਜਮਹੂਰੀ ਹੱਕਾਂ ਦੀ ਜੱਦੋ ਜਹਿਦ ਵਿੱਚ ਸਭ ਨੂੰ ਜੋਟੀ ਪਾ ਕੇ ਕੁੱਦਣਾ ਚਾਹੀਦਾ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ ਨੇ ਕਿਹਾ ਕਿ ਜਮਹੂਰੀ ਹੱਕਾਂ ਦੀ ਜਦੋ ਜਹਿਦ ਵਿੱਚ ਯੋਗਦਾਨ ਪਾਉਣ ਵਾਲੀ ਸੁਧਾ ਭਾਰਦਵਾਜ, ਸ਼ੋਮਾ ਸੈਨ ਅਤੇ ਨਤਾਸ਼ਾ ਨਰਵਾਲ ਵਰਗੀਆਂ ਔਰਤ ਕਾਰਕੁੰਨਾਂ ‘ਤੇ ਜ਼ਬਰ ਢਾਹੁਣ ਵਾਲੀ ਮੋਦੀ ਹਕੂਮਤ ਆਪਣੀ ਕਬਰ ਖੋਦ ਰਹੀ ਹੈ। ਪ੍ਰਧਾਨਗੀ ਮੰਡਲ ਦੀ ਤਰਫ਼ੋਂ ਬੋਲਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਕਿਹਾ ਕਿ ਜਮਹੂਰੀਅਤ ਅਤੇ ਆਜ਼ਾਦੀ ਇਕੱਠਿਆਂ ਤੁਰਦੇ ਹਨ, ਜੇ ਸਾਡੇ ਮੁਲਕ ‘ਚ ਹੱਕ, ਸੱਚ, ਇਨਸਾਫ਼ ਦੀ ਗੱਲ ਕਰਨਾ ਹੀ ਹਕੂਮਤ ਦੀ ਨਜ਼ਰ ‘ਚ ਦੇਸ਼-ਧ੍ਰੋਹ ਹੈ ਤਾਂ ਫਿਰ ਭਲਾ ਇਸ ਮੁਲਕ ਦੇ ਰਾਜ ਭਾਗ ਨੂੰ ਜਮਹੂਰੀ ਕਦਰਾਂ ਕੀਮਤਾਂ ਵਾਲਾ ਆਖੀਏ ਕਿ ਫਾਸ਼ੀ ਹੱਲੇ ਦੇ ਝੱਖੜ ਝੁਲਾਉਣ ਵਾਲਾ।
ਇਸ ਸਮਾਗਮ ‘ਚ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਕਿਰਤੀ ਕਿਸਾਨ ਯੂਨੀਅਨ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਤਰਕਸ਼ੀਲ ਸੁਸਾਇਟੀ ਜਲੰਧਰ, ਟੀ.ਐਸ.ਯੂ., ਇਸਤਰੀ ਜਾਗਰਤੀ ਮੰਚ, ਪਲਸ ਮੰਚ, ਪੀਪਲਜ਼ ਵਾਇਸ, ਮਜ਼ਦੂਰ ਕਿਸਾਨ ਸੰਘਰਸ਼ ਹਮਾਇਤੀ ਕਮੇਟੀ ਮੁਠੱਡਾ ਕਲਾਂ, ਡੀ.ਟੀ.ਐਫ. ਤੇ ਆਸ਼ਾ ਵਰਕਰਜ਼ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਦੋਵੇਂ ਜਥੇਬੰਦੀਆਂ ਦੇ ਪ੍ਰਮੁੱਖ ਆਗੂ ਮੌਜੂਦ ਸਨ।
ਦੋਵੇਂ ਜਥੇਬੰਦੀਆਂ ਵੱਲੋਂ ਪੁਸਤਕਾਂ ਦੇ ਸੈੱਟ ਨਾਲ ਪ੍ਰੋ. ਜਗਮੋਹਨ ਸਿੰਘ ਦਾ ਸਨਮਾਨ ਕੀਤਾ ਗਿਆ।
ਮੰਚ ਸੰਚਾਲਕ ਦੀ ਭੂਮਿਕਾ ਜਮਹੂਰੀ ਅਧਿਕਾਰ ਸਭਾ ਜਲੰਧਰ ਦੇ ਸਕੱਤਰ ਡਾ. ਮੰਗਤ ਰਾਏ ਨੇ ਨਿਭਾਈ।