ਬੁੱਧੀਜੀਵੀਆਂ ਦੀ ਰਿਹਾਈ ਲਈ ਰੋਸ ਮਾਰਚ/ ਵਿਖਾਵਾ 19 ਜੂਨ ਨੂੰ
ਹਰਪ੍ਰੀਤ ਕੌਰ ਬਬਲੀ, ਸੰਗਰੂਰ, 11 ਜੂਨ 2021
ਜਮਹੂਰੀ ਅਧਿ ਕਾਰ ਸਭਾ ਪੰਜਾਬ ਦੀ ਜ਼ਿਲਾ ਇਕਾਈ ਸੰਗਰੂਰ ਤੇ ਜਿਲ੍ਹੇ ਦੀਆਂ ਵੱਖ ਵੱਖ ਜਨਤਕ ਤੇ ਜਮਹੂਰੀ ਜਥੇਬੰਦੀਆਂ ਵੱਲੋਂ ਜੇਲ੍ਹੀ ਡੱਕੇ ਬੁੱਧੀਜੀਵੀਆਂ ਦੀ ਰਿਹਾਈ ਲਈ ਜ਼ਿਲਾ ਪ੍ਰਧਾਨ ਨਾਮਦੇਵ ਭੂਟਾਲ ਦੀ ਪ੍ਰਧਾਨਗੀ ਵਿੱਚ ਗਦਰ ਭਵਨ ਸੰਗਰੂਰ ਵਿਖੇ ਮੀਟਿੰਗ ਕਰਕੇ ਗੰਭੀਰ ਵਿਚਾਰ ਚਰਚਾ ਉਪਰੰਤ ਫੈਸਲਾ ਕੀਤਾ ਗਿਆ ਕਿ 19 ਜੂਨ ਦਿਨ ਸ਼ਨੀਵਾਰ ਸਵੇਰੇ ਬਨਾਸਰ ਬਾਗ ਸੰਗਰੂਰ ਵਿਖੇ ਰੈਲੀ ਕਰਕੇ ਸ਼ਹਿਰ ਵਿਚ ਮੁਜਾਹਰਾ ਕਰਕੇ ਰੋਸ ਵਿਖਾਵਾ ਕੀਤਾ ਜਾਏਗਾ।
ਮੀਟਿੰਗ ‘ਚ ਕੀਤੇ ਇਸ ਫੈਸਲੇ ਬਾਰੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਸਭਾ ਦੇ ਵਿੱਤ ਸੱਕਤਰ ਮਨਧੀਰ ਸਿੰਘ, ਕਾਰਜਕਾਰੀ ਮੈਂਬਰ ਜਗਰੂਪ ਸਿੰਘ ਨੇ ਦੱਸਿਆ ਕਿ ਸੂਬਾ ਕਮੇਟੀ ਵੱਲੋਂ ਪੰਜਾਬ ਭਰ ਵਿੱਚ ਭੀਮਾਂ ਕੋਰੇ ਗਾਓਂ ਕੇਸ ਤੇ ਹੋਰ ਵੱਖ ਵੱਖ ਥਾਵਾਂ ਤੇ ਕੇਸ ਪਾ ਕੇ ਗ੍ਰਿਫਤਾਰ ਕੀਤੇ ਬੂੱਧੀਜੀਵੀਆਂ ਦੀ ਰਿਹਾਈ ਲਈ ਮਨਾਏ ਜਾ ਰਹੇ ਚੇਤਨਾ ਪੰਦਰਵਾੜੇ ਦੀ ਲੜੀ ਵਜੋਂ ਕੀਤੀ ਜਾ ਰਹੀ ਹੈ।
ਚੇਤੇ ਰਹੇ ਕਿ 6ਜੂਨ 2018 ਦੇ ਦਿਨ ਮਹਾਂਰਾਸ਼ਟਰ ਪੁਲਿਸ ਵੱਲੋਂ ਬੁਧੀਜੀਵੀਆਂ ਤੇ ਜਮਹੂਰੀ ਹੱਕਾਂ ਦੇ ਕਾਰਕੁਨਾਂ ਨੂੰ ਕਥਿਤ ਭੀਮਾਂ- ਕੋਰੇਗਾਂਓ ਕੇਸ ਵਿੱਚ ਗਿਰਫਤਾਰ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ।ਇਸ ਕੇਸ ਵਿੱਚ ਪ੍ਰੋਫੈਸਰ ਸੋਮਾ ਸੇਨ,ਐਡਵੋਕੇਟ ਸੁਰਿੰਦਰ ਗੈਡਲਿੰਗ,ਸੁਧੀਰ ਧਾਵਲੇ,ਪ੍ਰੋਫੈਸਰ ਵਰਨੋਨ ਗੋਂਜਾਲਵਿਜ, ਗੌਤਮ ਨਵਲੱਖਾ,ਐਡਵੋਕੇਟ ਸੁਧਾ ਭਾਰਦਵਾਜ, ਪ੍ਰੋਫੈਸਰ ਵਰਵਰਾ ਰਾਓ,ਮਹੇਸ਼ ਰਾਵਤ, ਸਾਗਰ ਗੋਰਖੇ, ਰਮੇਸ਼ ਗੈਚਰ, ਰੋਨਾ ਵਿਲਸਨ,ਜੋਤੀ ਜਾਮਤਪ ਅਤੇ ਸੋਲਾਂ ਹੋਰ ਬੁਧੀਜੀਵੀਆਂ ਨੂੰ UAPA ਦੀ ਸੰਗੀਨ ਧਰਾਵਾਂ ਹੇਠ ਝੂਠੇ ਕੇਸ ਪਾ ਕੇ ਜੇਲ੍ਹਾਂ ਵਿੱਚ ਡੱਕਿਆ ਹੋਇਆ ਹੈ। ਪ੍ਰੋਫੈਸਰ ਸਾਂਈ ਬਾਬਾ,ਹੇਮ ਮਿਸ਼ਰਾ; ਪ੍ਰੋ ਅਨੰਦ ਤੇਲਤੂਬੜੇ, ਪ੍ਰਸ਼ਾਂਤ ਰਾਹੀ ਅਤੇ ਹੋਰ ਅਨੇਕਾਂ ਨੂੰ ਹੋਰ ਝੂਠੇ ਕੇਸਾਂ ਵਿਚ ਕੈਦ ਕੀਤਾ ਹੋਇਆ ਹੈ ।ਉਮਰ ਖਾਲਿਦ ਅਤੇ ਨਤਾਸ਼ਾ ਨਰਵਾਲ ਨੂੰ ਦਿੱਲੀ ਹਿੰਸਾ ਦਾ ਦੋਸ਼ੀ ਕਰਾਰ ਦੇ ਕੇ ਜੇਲ੍ਹ ਵਿਚ ਬੰਦ ਕੀਤਾ ਹੈ।ਭਾਜਪਾ ਦੀ ਮੋਦੀ ਸਰਕਾਰ ਵਲੋਂ ਇਨਾਂ ਸਾਰੇ ਸਮਾਜਿਕ ਨਿਆਂ ਤੇ ਲੋਕ ਪੱਖੀ ਬੁੱਧੀਜੀਵੀਆਂ ਦੀ ਜੁਬਾਨਬੰਦੀ ਕਰਨਾ ਤੇ ਹੋਰ ਜਮਹੂਰੀ ਤੇ ਇਨਸਾਫ ਪਸੰਦ ਤਾਕਤਾਂ ਨੂੰ ਚੁੱਪ ਕਰਾਉਣ ਦੀ ਸਾਜਿਸ਼ ਹੈ ।
ਮੀਟਿੰਗ ਵਿਚ ਸ਼ਾਮਲ ਇਨਕਲਾਬੀ ਜਮਹੂਰੀ ਮੋਰਚਾ ਦੇ ਸਵਰਨਜੀਤ ਸਿੰਘ, ਤਰਕਸ਼ੀਲ ਸੁਸਾਇਟੀ ਇਕਾਈ ਸੰਗਰੂਰ ਦੇ ਪ੍ਰਧਾਨ ਮਾਸਟਰ ਪਰਮਵੇਦ ,ਕ੍ਰਾਂਤੀਕਾਰੀ ਮਜਦੂਰ ਯੂਨੀਅਨ ਦੇ ਸੰਜੀਵ ਮਿੰਟੂ, ਡੀਟੀਐਫ ਬਲਬੀਰ ਚੰਦ,ਪੰਜਾਬ ਸਟੂਡੈਂਟ ਯੂਨੀਅਨ ਸ਼ਹੀਦ ਰੰਧਾਵਾ ਦੇ ਹੁਸ਼ਿਆਰ ਸਿੰਘ, ਅਦਾਰਾ ਲਲਕਾਰ ਦੇ ਮਾਸਟਰ ਦਾਤਾ ਸਿੰਘ,ਅਦਾਰਾ ਤਰਕਸ਼ ਦੇ ਇਨਜਿੰਦਰ ਸਿੰਘ ,ਪੰਜਾਬ ਸਟੂਡੈਂਟ ਯੂਨੀਅਨ ਦੇ ਸੁਖਦੀਪ ਸਿੰਘ, ਕਿਰਤੀ ਕਿਸਾਨ ਯੂਨੀਅਨ ਦਰਸ਼ਨ ਕੂਨਰਾਂ , ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਬੱਬਨ ਪਾਲ ਅਤੇ ਇਕਾਈ ਦੇ ਕਾਰਜਕਾਰੀ ਮੈਂਬਰ ਭਜਨ ,ਰੰਗੀਆਂ, ਗੁਰਜੰਟ ਸਿੰਘ ਬਡਰੁਖਾਂ ਸ਼ਾਮਲ ਸਨ।
ਇਸ ਤੋਂ ਇਲਾਵਾ ਜਾਗਦੀਆਂ ਜਮੀਰਾਂ ਵਾਲੇ ਲੋਕਾਂ,ਸਮੂਹ ਲੋਕ ਪੱਖੀ , ਇਨਸਾਫ ਪਸੰਦ ਅਤੇ ਜਮਹੂਰੀ ਸੰਸਥਾਵਾਂ ਅਤੇ ਸ਼ਖਸ਼ੀਅਤਾਂ ਨੂੰ ਇਸ ਪਰੋਗਰਾਮ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ ।