ਸਿਆਸੀ ਪਾਰਟੀਆਂ ਦੀ ਕਿਸਾਨ ਅੰਦੋਲਨ ਨੂੰ ਹਮਾਇਤ,ਮਹਿਜ਼ ਚੁਣਾਵੀ ਹਿੱਤਾਂ ਤੱਕ ਮਹਿਦੂਦ।
ਪਰਦੀਪ ਕਸਬਾ , ਬਰਨਾਲਾ: 11ਜੂਨ, 2021
ਤੀਹ ਜਥੇਬੰਦੀਆਂ’ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 254 ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਅੱਜ ਬੁਲਾਰਿਆਂ ਨੇ ਕੇਂਦਰ ਸਰਕਾਰ ਦੀਆਂ ਗਲਤ ਤਰਜ਼ੀਹਾਂ ਦੀ ਚਰਚਾ ਕਰਦਿਆਂ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦਾ ਕੋਈ ਫਿਕਰ ਨਹੀਂ, ਆਪਣਾ ਹਿੰਦੂਤਵੀ ਏਜੰਡਾ ਲਾਗੂ ਕਰਨ ਦੀ ਚਿੰਤਾ ਹੈ। ਜਦੋਂ ਦੇਸ਼ ਕਰੋਨਾ ਵਿਰੁੱਧ ਲੜਾਈ ਲੜ ਰਿਹਾ ਹੈ; ਦੇਸ਼ ਵਾਸੀ ਆਕਸੀਜਨ ਦੀ ਘਾਟ ਕਾਰਨ ਮਰ ਰਹੇ ਹਨ; ਹਸਪਤਾਲਾਂ ਵਿੱਚ ਬੈਡ ਨਹੀਂ, ਡਾਕਟਰ ਨਹੀਂ; ਲੋਕ ਵੈਕਸ਼ੀਨ ਦੇ ਟੀਕੇ ਲਈ ਮਾਰੇ ਮਾਰੇ ਫਿਰ ਰਹੇ ਹਨ ਪਰ ਸਾਡੇ ਪ੍ਰਧਾਨ ਮੰਤਰੀ ਨੂੰ ਸੈਂਟਰਲ ਵਿਸਟਾ ਨਾਂਅ ਦੇ ਸਜਾਵਟੀ ਪ੍ਰੋਜੈਕਟ ਨੂੰ ਪੂਰਾ ਕਰਨ ਕਾਹਲੀ ਪਈ ਹੋਈ ਹੈ। ਸਰਦਾਰ ਪਟੇਲ ਦੀ ਮੂਰਤੀ, ਬੁਲੇਟ ਟ੍ਰੇਨ ਆਦਿ ਸਜਾਵਟੀ ਪ੍ਰੋਜੈਕਟ ਵੀ ਲੋਕਾਂ ਦੀ ਭਲਾਈ ਲਈ ਨਹੀਂ ਸਗੋਂ ਪ੍ਰਧਾਨ ਮੰਤਰੀ ਦੀ ਨਿੱਜੀ ਹਉਮੈ ਦੀ ਤ੍ਰਿਪਤੀ ਹਿੱਤ ਅੰਜਾਮ ਦਿੱਤੇ ਜਾ ਰਹੇ ਹਨ।
ਇਹਨਾਂ ਪੑਜੈਕਟਾਂ ਦਾ ਲੋਕ ਹਿੱਤਾਂ ਨਾਲ ਕੋਈ ਸਰੋਕਾਰ ਨਹੀਂ ਹੈ। ਰੀਅਲ ਅਸਟੇਟ ਕਾਰੋਬਾਰੀਆਂ ਅਤੇ ਦੇਸੀ-ਬਦੇਸ਼ੀ ਬਹੁਕੌਮੀ ਕੰਪਨੀਆਂ ਦੇ ਹਿੱਤ ਅਤੇ ਮੁਨਾਫੇ ਇਹਨਾਂ ਪੑਜੈਕਟਾਂ ਨਾਲ ਜੁੜੇ ਹੋਏ ਹਨ।
ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਮੇਲਾ ਸਿੰਘ ਕੱਟੂ, ਗੁਰਮੇਲ ਸ਼ਰਮਾ, ਮਨਜੀਤ ਰਾਜ, ਪਰਮਜੀਤ ਕੌਰ ਜੋਧਪੁਰ, ਸੁਖਵਿੰਦਰ ਸਿੰਘ ਠੀਕਰੀਵਾਲਾ, ਅਮਰਜੀਤ ਕੌਰ,ਬਲਜੀਤ ਸਿੰਘ ਚੌਹਾਨਕੇ, ਕਾਕਾ ਸਿੰਘ ਫਰਵਾਹੀ, ਬਲਵੀਰ ਕੌਰ ਕਰਮਗੜ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਹਕੀਕੀ ਲੋਕਤੰਤਰੀ ਸਰਕਾਰਾਂ ਦਾ ਵਤੀਰਾ ਲੋਕਾਂ ਦੀਆਂ ਖਾਹਸ਼ਾਂ, ਉਮੀਦਾਂ ਤੇ ਮੰਗਾਂ ਪ੍ਰਤੀ ਸੰਵੇਦਨਸ਼ੀਲਤਾ ਵਾਲਾ ਹੋਣਾ ਚਾਹੀਦਾ ਹੈ। ਪਰ ਸਾਡੇ ਦੇਸ਼ ਦੀ ਮੌਜੂਦਾ ਸਰਕਾਰ ਅੱਤ ਦਰਜੇ ਦੀ ਹੰਕਾਰੀ ਤੇ ਗੈਰ- ਸੰਵੇਦਨਸ਼ੀਲ ਸਰਕਾਰ ਹੈ। ਕਿਸਾਨ ਅੰਦੋਲਨ ਵਿੱਚ ਹੁਣ ਤੱਕ 500 ਕਿਸਾਨ ਸ਼ਹੀਦੀਆਂ ਪਾ ਚੁੱਕੇ ਹਨ ਪਰ ਪ੍ਰਧਾਨ ਮੰਤਰੀ ਦੇ ਮੂੰਹੋਂ ਹਮਦਰਦੀ ਦੇ ਦੋ ਸ਼ਬਦ ਨਹੀਂ ਨਿਕਲੇ।
ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਕੁੱਝ ਬੀਜੇਪੀ ਨੇਤਾ ਬਲਦੀ ‘ਤੇ ਤੇਲ ਪਾਉਣ ਦਾ ਕੰਮ ਕਰ ਰਹੇ ਹਨ। ਕਿਸਾਨ ਅੰਦੋਲਨ ਦੀ ਹਮਾਇਤ ਕਰਨ ਦੀ ਬਜਾਏ ਉਹ ਉਲਟੇ ਸਿੱਧੇ ਬਿਆਨ ਦੇ ਕੇ ਜਖਮਾਂ ‘ਤੇ ਨਮਕ ਛਿੜਕਦੇ ਰਹਿੰਦੇ ਹਨ। ਦੂਸਰੀਆਂ ਸਿਆਸੀ ਪਾਰਟੀਆਂ ਵੀ ਆਪਣੀਆਂ ਚੁਣਾਵੀ ਗਿਣਤੀਆਂ ਮਿਣਤੀਆਂ ਦੇ ਹਿਸਾਬ ਨਾਲ ਕਿਸਾਨ ਅੰਦੋਲਨ ਦੀ ਹਮਾਇਤ ‘ਚ ਬਿਆਨ ਦੇਣ ਤੱਕ ਸੀਮਤ ਹਨ । ਉਹ ਕਦੇ ਵੀ ਹਕੀਕੀ ਰੂਪ ਕਿਸਾਨ ਅੰਦੋਲਨ ਦੇ ਹੱਕ ਵਿੱਚ ਨਿੱਤਰ ਕੇ ਸਾਹਮਣੇ ਨਹੀਂ ਆਉਂਦੇ। ਕਿਸਾਨਾਂ ਨੂੰ ਇਹ ਅੰਦੋਲਨ ਆਪਣੇ ਬਲਬੂਤੇ ਹੀ ਲੜਨਾ ਤੇ ਜਿੱਤਣਾ ਪੈਣਾ ਹੈ।
ਅੱਜ ਗੁਰਮੇਲ ਸਿੰਘ ਕਾਲੇਕੇ ਤੇ ਜੁਗਰਾਜ ਸਿੰਘ ਠੁੱਲੀਵਾਲ ਦੇ ਕਵੀਸ਼ਰੀ ਜਥਿਆਂ ਨੇ ਬੀਰਰਸੀ ਕਵੀਸ਼ਰੀ ਰਾਹੀਂ ਪੰਡਾਲ ‘ਚ ਜੋਸ਼ ਭਰਿਆ। ਨਰਿੰਦਰ ਪਾਲ ਸਿੰਗਲਾ ਨੇ ਇਨਕਲਾਬੀ ਕਵਿਤਾ ਸੁਣਾਈ