ਤੰਬਾਕੂ ਕਾਰਨ ਕੈਂਸਰ ਅਤੇ ਹੋਰ ਮਾਰੂ ਬੀਮਾਰੀਆਂ ਹੋਣ ਦਾ ਖਦਸ਼ਾ- ਡਾ. ਜਗਮੋਹਨ ਸਿੰਘ
ਹਰਪ੍ਰੀਤ ਕੌਰ ਬਬਲੀ , ਸੰਗਰੂਰ :,31ਮਈ 2021
ਕੋਵਿਡ-19 ਨੂੰ ਧਿਆਨ ਵਿਚ ਰੱਖਦੇ ਹੋਏ ਸਿਵਲ ਸਰਜਨ ਡਾ. ਅੰਜਨਾ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਦਫਤਰ ਸਿਵਲ ਸਰਜਨ ਅਤੇ ਸਿਵਲ ਹਸਪਤਾਲ ਸੰਗਰੂਰ ਵਿਖੇ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮੌਕੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਤੰਬਾਕੂ ਖਿਲਾਫ਼ ਸਹੁੰ ਚੁੱਕੀ । ਇਹ ਜਾਣਕਾਰੀ ਸਹਾਇਕ ਸਿਵਲ ਸਰਜਨ ਡਾ. ਜਗਮੋਹਨ ਸਿੰਘ ਨੇ ਦਿੱਤੀ।
ਡਾ. ਜਗਮੋਹਨ ਸਿੰਘ ਨੇ ਦੱਸਿਆ ਕਿ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਹਰ ਸਾਲ 31 ਮਈ ਨੂੰ ਵਿਸ਼ਵ ਭਰ ਵਿਚ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਤੰਬਾਕੂ ਇਕ ਨਸ਼ੀਲਾ ਪਦਾਰਥ ਹੈ ਜਿਸ ਨੂੰ ਬਹੁਤ ਸਾਰੇ ਲੋਕ ਛੋਟੀ ਉਮਰ ਵਿਚ ਹੀ ਖਾਣਾ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਕਿਸ਼ੋਰ ਅਵਸਥਾ ਵਿਚ ਉਮਰ ਨਾਲੋਂ ਵੱਡਾ ਦਿਖਣ ਦੀ ਚਾਹਤ ਜਾਂ ਪ੍ਰਯੋਗ ਦੇ ਤੌਰ ਤੇ ਸਾਥੀਆਂ ਵਿਚ ਤੰਬਾਕੂ ਦੀ ਆਦਤ ਜਾਂ ਤਣਾਅ ਪੂਰਨ ਸਥਿਤੀ ਵਿਚ ਆਪਣੇ ਸਾਥੀਆਂ ਵਿੱਚ ਸਮਾਜਿਕ ਮਹੱਤਵ ਦੀ ਇੱਛਾ, ਤੰਬਾਕੂ ਦਾ ਸੇਵਨ ਸ਼ੁਰੂ ਕਰਨ ਨਾਲ ਜੁੜੇ ਕੁੱਝ ਕਾਰਨ ਹਨ। ਉਨ੍ਹਾਂ ਕਿਹਾ ਕਿ ਤੰਬਾਕੂ ਦਾ ਸੇਵਨ ਧੂੰਏ ਵਾਲਾ ਜਾਂ ਧੂੰਆਂ ਰਹਿਤ ਰੂਪ ਵਿਚ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਤੰਬਾਕੂ ਦੇ ਸੇਵਨ ਨਾਲ ਮੂੰਹ, ਗਲਾ, ਖੁਰਾਕ ਨਲੀ, ਫੇਫੜਿਆਂ ਅਤੇ ਪੇਟ ਆਦਿ ਦਾ ਕੈਂਸਰ ਹੁੰਦਾ ਹੈ ਕਿਉਂਕਿ ਇਸ ਵਿਚ ਨਿਕੋਟਿਨ ਸਮੇਤ 4000 ਜ਼ਹਿਰੀਲੇ ਤੱਤ ਪਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਦਿਲ ਦਾ ਦੌਰਾ, ਲਹੂ ਨਾੜੀਆਂ ਦਾ ਰੋਗ, ਹਾਈ ਬੀਪੀ, ਗੁਰਦੇ ਦੀ ਬਿਮਾਰੀ, ਸ਼ੂਗਰ ਆਦਿ ਇਸ ਕਾਰਨ ਹੋ ਸਕਦੇ ਹਨ।
ਜਿਲ੍ਹਾ ਸਿਹਤ ਅਫਸਰ ਡਾ.ਐਸ. ਜੇ. ਸਿੰਘ ਨੇ ਦੱਸਿਆ ਕਿ ਤੰਬਾਕੂ ਦੇ ਸੇਵਨ ਨਾਲ ਮਰਦਾਂ ਵਿਚ ਨਿਪੁੰਸਕਤਾ ਅਤੇ ਪ੍ਰਜਨਨ ਸ਼ਕਤੀ ਵਿਚ ਕਮੀ ਆ ਜਾਂਦੀ ਹੈ। ਉਨ੍ਹਾਂ ਕਿਹਾ ਕਿ ਗਰਭ ਅਵਸਥਾ ਦੌਰਾਨ ਤੰਬਾਕੂ ਦਾ ਸੇਵਨ ਕਰਨ ਨਾਲ ਘੱਟ ਭਾਰ ਵਾਲੇ ਬੱਚੇ ਦਾ ਜਨਮ ਹੁੰਦਾ ਹੈ। ਡਾ. ਵਿਕਾਸ ਧੀਰ ਜਿਲ੍ਹਾ ਟੀ.ਬੀ.ਅਫਸਰ ਨੇ ਤੰਬਾਕੂ ਸੇਵਨ ਦੇ ਹੈਰਾਨੀਜਨਕ ਤੱਥਾਂ ਬਾਰੇ ਦੱਸਿਆ ਕਿ ਭਾਰਤ ਵਿਚ ਕਰੀਬ 35 ਫੀਸਦੀ ਲੋਕ ਤੰਬਾਕੂ ਦੀ ਵਰਤੋਂ ਕਰਦੇ ਹਨ ਅਤੇ 21 ਫੀਸਦੀ ਲੋਕ ਬੀੜੀ ਸਿਗਰਟ ਪੀਣ ਦੇ ਨਾਲ ਨਾਲ ਖਾਣ ਵਾਲਾ ਤੰਬਾਕੂ ਵੀ ਵਰਤਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਉਤਪਾਦਕ ਅਤੇ ਵਰਤੋਂ ਕਰਨ ਵਾਲਾ ਦੇਸ਼ ਹੈ ਅਤੇ ਕਰੀਬ 80 ਫੀਸਦੀ ਮੂੰਹ ਦੇ ਕੈਂਸਰ ਦਾ ਕਾਰਨ ਤੰਬਾਕੂ ਦੀ ਵਰਤੋਂ ਹੈ।
ਉਨ੍ਹਾਂ ਦੱਸਿਆ ਕਿ ਭਾਰਤ ਵਿਚ ਸਾਲ 2003 ਵਿਚ ਸਿਗਰਟ ਅਤੇ ਦੂਜੇ ਤੰਬਾਕੂ ਉਤਪਾਦ ਐਕਟ ਕੋਟਪਾ ਪਾਸ ਕੀਤਾ ਗਿਆ, ਜਿਸ ਦੇ ਅਧੀਨ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਨੂੰ ਤੰਬਾਕੂ ਦੀਆਂ ਚੀਜ਼ਾਂ ਨਹੀਂ ਵੇਚੀਆਂ ਜਾ ਸਕਦੀਆਂ। ਉਲੰਘਣਾ ਕਰਨ ਵਾਲੇ ਨੂੰ 200 ਰੁਪਏ ਤੱਕ ਦਾ ਚਲਾਨ ਕੱਟਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਸਿੱਖਿਆ ਸੰਸਥਾ ਸਕੂਲ ਜਾਂ ਕਾਲਜ ਤੋਂ 100 ਮੀਟਰ ਦੇ ਅੰਦਰ ਸਿਗਰਟ ਅਤੇ ਹੋਰ ਤੰਬਾਕੂ ਵਾਲੀਆਂ ਚੀਜ਼ਾਂ ਨਹੀਂ ਵੇਚੀਆਂ ਜਾ ਸਕਦੀਆਂ। ਉਨ੍ਹਾਂ ਕਿਹਾ ਕਿ ਹੁੱਕਾ ਬਾਰ ਲਈ 50000 ਜੁਰਮਾਨਾ ਅਤੇ 3 ਸਾਲ ਦੀ ਸਜ਼ਾ, ਇ-ਸਿਗਰੇਟ ਲਈ 50000 ਜੁਰਮਾਨਾ ਅਤੇ 6 ਸਾਲ ਦੀ ਜੇਲ ਹੋ ਸਕਦੀ ਹੈ । ਇਸ ਮੌਕੇ ਡਾ. ਭਗਵਾਨ ਸਿੰਘ ਡੀ ਆਈ ਓ, ਡਾ. ਪਰਮਿੰਦਰ ਕੌਰ ਡੀ.ਐਮ.ਸੀ. ,ਡਾ.ਬਲਜੀਤ ਸਿੰਘ ਐਸ.ਐਮ. ਓ, ਜ਼ਿਲ੍ਹਾ ਮਾਸ ਮੀਡੀਆ ਅਫਸਰ ਵਿਜੇੈ ਕੁਮਾਰ ,ਡਿਪਟੀ ਮਾਸ ਮੀਡੀਆ ਅਫਸਰ ਲਖਵਿੰਦਰ ਸਿੰਘ ਤੋ ਇਲਾਵਾ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਮੋਜੂਦ ਸਨ ।