ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪਾਬੰਦੀਆਂ ਤੇ ਛੋਟਾਂ ਦੇ ਨਵੇਂ ਹੁਕਮ ਜਾਰੀ, ਜਰੂਰੀ ਤੇ ਗ਼ੈਰ ਜਰੂਰੀ ਵਸਤਾਂ ਦੀਆਂ ਦੁਕਾਨਾਂ/ਅਦਾਰਿਆਂ ਨੂੰ ਖੋਲ੍ਹਣ ਦੀ ਮਿਲੀ ਛੋਟ
–ਹਫ਼ਤਾਵਾਰੀ ਤੇ ਰਾਤ ਦਾ ਕਰਫਿਊ ਰਹੇਗਾ ਜਾਰੀ, ਰੋਜ਼ਾਨਾ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਆਵਾਜਾਈ ‘ਤੇ ਵੀ ਪਾਬੰਦੀ
ਬਲਵਿੰਦਰਪਾਲ , ਪਟਿਆਲਾ, 31 ਮਈ: 2021
ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਕੋਵਿਡ-19 ਮਹਾਂਮਾਰੀ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਵਲੋਂ ਜਾਰੀ ਹੁਕਮਾਂ ਤਹਿਤ ਆਪਣੇ ਪੁਰਾਣੇ ਹੁਕਮਾਂ ‘ਚ ਤਬਦੀਲੀ ਕਰਕੇ ਜ਼ਿਲ੍ਹੇ ਅੰਦਰ ਲਾਗੂ ਕਰਫਿਊ ‘ਚ ਛੋਟ ਦਿੰਦਿਆਂ ਹੁਣ ਸਾਰੇ ਜਰੂਰੀ ਤੇ ਗ਼ੈਰ ਜਰੂਰੀ ਦੁਕਾਨਾਂ ਤੇ ਅਦਾਰਿਆਂ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੋਲ੍ਹੇ ਜਾਣ ਦੀ ਇਜ਼ਾਜਤ ਦਿੱਤੀ ਹੈ।
ਜਦੋਂਕਿ ਜ਼ਿਲ੍ਹੇ ‘ਚ ਪਹਿਲਾਂ ਤੋਂ ਲਾਗੂ ਅਤੇ ਹੋਰ ਹੁਕਮਾਂ ਸਮੇਤ ਰੋਜ਼ਾਨਾ ਰਾਤ ਦਾ ਕਰਫਿਊ ਸ਼ਾਮ 6 ਵਜੇ ਤੋਂ ਅਗਲੇ ਦਿਨ ਸਵੇਰੇ 5 ਵਜੇ ਅਤੇ ਹਫ਼ਤਾਵਾਰੀ ਕਰਫਿਊ ਸ਼ੁਕਰਵਾਰ ਸ਼ਾਮ 6 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਮਿਤੀ 10 ਜੂਨ 2021 ਤੱਕ ਲਾਗੂ ਰਹੇਗਾ ਅਤੇ ਇਸ ‘ਚ ਕੋਈ ਢਿੱਲ ਨਹੀਂ ਰਹੇਗੀ। ਇਸ ਦੌਰਾਨ ਕੇਵਲ ਮੈਡੀਕਲ ਮੰਤਵ ਤੋਂ ਇਲਾਵਾ ਬਾਕੀ ਆਵਾਜਾਈ ਬੰਦ ਰਹੇਗੀ।
ਸੋਮਵਾਰ ਤੋਂ ਲਾਗੂ ਹੋਏ ਇਨ੍ਹਾਂ ਹੁਕਮਾਂ ਮੁਤਾਬਕ ਰੋਜ਼ਾਨਾ ਕਰਫਿਊ ਦੌਰਾਨ ਸਾਰੀਆਂ ਦੁਕਾਨਾਂ, ਸਾਰੇ ਨਿੱਜੀ ਦਫ਼ਤਰ ਅਤੇ ਸਾਰੇ ਨਿੱਜੀ ਅਦਾਰੇ ਹੁਣ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੋਲ੍ਹੇ ਜਾ ਸਕਣਗੇ। ਸਾਰੇ ਰੈਸਟੋਰੈਂਟਾਂ, ਕੈਫੇ, ਕੌਫੀ ਸ਼ਾਪ, ਫਾਸਟ ਫੂਡ ਆਊਟ ਲੈਟ, ਢਾਬਿਆਂ, ਮਠਿਆਈ ਦੁਕਾਨਾਂ, ਬੇਕਰੀ ਆਦਿ ਅੰਦਰ ਬੈਠਕੇ ਖਾਣ ਲਈ ਬੰਦ ਰਹਿਣਗੀਆਂ ਪਰ ਇੱਥੋਂ ਖਾਣ-ਪੀਣ ਦਾ ਸਾਮਾਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਲਿਜਾਇਆ ਜਾ ਸਕੇਗਾ। ਜਦੋਕਿ ਇਹ ਅਦਾਰੇ ਰਾਤ 9 ਵਜੇ ਤੱਕ ਹੋਮ ਡਿਲਵਰੀ ਕਰ ਸਕਦੇ ਹਨ ਪਰੰਤੂ ਇਨ੍ਹਾਂ ਨੂੰ ਖੋਲ੍ਹਣ ਦੀ ਮਨਾਹੀ ਹੋਵੇਗੀ।
ਸ੍ਰੀ ਕੁਮਾਰ ਅਮਿਤ ਨੇ ਅੱਗੇ ਕਿਹਾ ਕਿ ਈ-ਕਾਮਰਸ ਕੰਪਨੀਆਂ, ਕੋਰੀਅਰ ਕੰਪਨੀਆਂ ਅਤੇ ਡਾਕ ਵਿਭਾਗ ਨੂੰ ਰਾਤ 9 ਵਜੇ ਤੱਕ (ਹਫ਼ਤੇ ਦੇ ਸੱਤੇ ਦਿਨ) ਘਰੋੋਂ-ਘਰੀ ਪਾਰਸਲ ਆਦਿ ਦੀ ਵੰਡ ਕਰਨ ਦੀ ਆਗਿਆ ਹੋਵੇਗੀ, ਡਲਿਵਰੀ ਕਰਦੇ ਕਰਿੰਦੇ ਕਰਫਿਊ ਪਾਸ ਲੈਕੇ ਚੱਲਣਗੇ।
ਇਸੇ ਤਰ੍ਹਾਂ ਜ਼ਿਲ੍ਹਾ ਮੈਜਿਸਟਰੇਟ ਨੇ ਇੱਕ ਹੋਰ ਹੁਕਮ ਜਾਰੀ ਕਰਦਿਆਂ ਨਿਜੀ ਵਾਹਨਾਂ ‘ਚ ਬੈਠਣ ਸਬੰਧੀਂ ਪਾਬੰਦੀਆਂ ਦੇ 7 ਮਈ 2021 ਨੂੰ ਜਾਰੀ ਹੁਕਮਾਂ ‘ਚ ਸੋਧ ਕਰਕੇ ਸਵਾਰੀਆਂ ਬਿਠਾਉਣ ਬਾਬਤ ਪਹਿਲਾਂ ਜਾਰੀ ਹਦਾਇਤਾਂ ‘ਚ ਛੋਟ ਦਿੱਤੀ ਹੈ।
ਜ਼ਿਲ੍ਹਾ ਮੈਜਿਸਟਰੇਟ ਸ੍ਰੀ ਕੁਮਾਰ ਅਮਿਤ ਵੱਲੋਂ ਜਾਰੀ ਹੁਕਮਾਂ ਮੁਤਾਬਕ ਇਨ੍ਹਾਂ ਹੁਕਮਾਂ ਦੀ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਸਜਾਯੋਗ ਅਪਰਾਧ ਹੋਵੇਗੀ ਅਤੇ ਦੋਸ਼ੀਆਂ ਵਿਰੁੱਧ ਡਿਜਾਸਟਰ ਮੈਨੇਜਮੈਂਟ ਐਕਟ 2005 ਦੀਆਂ ਧਾਰਾਵਾਂ 51 ਤੋਂ 61 ਅਤੇ ਆਈ.ਪੀ.ਸੀ. ਦੀ ਧਾਰਾ 188 ਤਹਿਤ ਕਾਰਵਾਈ ਕੀਤੀ ਜਾਵੇਗੀ।