ਮੁਜ਼ਾਹਰੇ ‘ਚ ਸ਼ਾਮਲ ਹੋ ਕੇ ਹੜਤਾਲੀ ਸਫਾਈ ਕਰਮੀਆਂ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿਵਾਇਆ।
ਪਰਦੀਪ ਕਸਬਾ , ਬਰਨਾਲਾ: ਮਈ 31, 2021
ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 243 ਵੇਂ ਦਿਨ ਵੀ ਪੂਰੇ ਜੋਸ਼ੋ -ਖਰੋਸ਼ ਨਾਲ ਜਾਰੀ ਰਿਹਾ। ਅੱਜ ਬੁਲਾਰਿਆਂ ਨੇ ਧਰਨਾਕਾਰੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਦਿੱਲੀ ਮੋਰਚਿਆਂ ਵੱਲ ਕੂਚ ਕਰਨ ਦੀ ਅਪੀਲ ਕੀਤੀ। ਅਜੇ ਕਿਸਾਨ ਕੁੱਝ ਦਿਨਾਂ ਲਈ ਖੇਤੀ ਕੰਮਾਂ ਦਾ ਜ਼ੋਰ ਨਹੀਂ ਹੈ। ਸਾਨੂੰ ਇਨ੍ਹਾਂ ਦਿਨਾਂ ਦੌਰਾਨ ਦਿੱਲੀ ਮੋਰਚਿਆਂ ‘ਤੇ ਇਕੱਠ ਵਧਾਉਣੇ ਚਾਹੀਦੇ ਹਨ।
ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਗੁਰਮੇਲ ਸ਼ਰਮਾ, ਗੁਰਨਾਮ ਸਿੰਘ ਠੀਕਰੀਵਾਲਾ, ਜਸਪਾਲ ਕੌਰ ਕਰਮਗੜ੍ਹ, ਅਮਰਜੀਤ ਕੌਰ, ਬਾਬੂ ਸਿੰਘ ਖੁੱਡੀ ਕਲਾਂ, ਮੇਲਾ ਸਿੰਘ ਕੱਟੂ, ਮਨਜੀਤ ਰਾਜ, ਗੁਰਦੇਵ ਸਿੰਘ ਮਾਂਗੇਵਾਲ, ਨੇਕਦਰਸ਼ਨ ਸਿੰਘ, ਧਰਮਪਾਲ ਕੌਰ ਤੇਐਡਵੋਕੇਟ ਜਸਵੀਰ ਸਿੰਘ ਖੇੜੀ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਿਰਫ ਖੁਦ ਦੇ ‘ਮਨ ਦੀ ਬਾਤ’ ਕਰਦਾ ਹੈ, ਜਨ ਦੀ ਆਵਾਜ਼ ਨਹੀਂ ਸੁਣਦਾ। ਕੱਲ੍ਹ ਆਪਣੇ ਮਹੀਨਾਵਾਰ ਪ੍ਰੋਗਰਾਮ ‘ਮਨ ਕੀ ਬਾਤ’ ਵਿੱਚ ਮੋਦੀ ਨੇ ਕਿਸਾਨਾਂ ਦੀਆਂ ਮੰਗਾਂ ਬਾਰੇ ਕੁੱਝ ਵੀ ਨਹੀਂ ਬੋਲਿਆ। ਕਹਿਣ ਨੂੰ 23 ਫਸਲਾਂ ਦੀ ਐਮਐਸਪੀ ਜਾਰੀ ਕੀਤੀ ਜਾਂਦੀ ਹੈ ਪਰ ਖਰੀਦ ਮੁੱਖ ਤੌਰ ‘ਤੇ ਸਿਰਫ ਦੋ ਫਸਲਾਂ ਦੀ ਹੀ ਕੀਤੀ ਜਾਂਦੀ ਹੈ । ਇਹ ਖਰੀਦ ਵੀ ਸਿਰਫ ਕੁੱਝ ਕੁ ਰਾਜਾਂ ਵਿੱਚ ਹੀ ਕੀਤੀ ਜਾਂਦੀ ਹੈ। ਇਸ ਸਰਕਾਰੀ ਖਰੀਦ ਦੀ ਵੀ ਕੋਈ ਕਾਨੂੰਨੀ ਗਾਰੰਟੀ ਨਹੀਂ ਹੈ। ਕਿਸਾਨਾਂ ਦੀ ਇਹ ਬਹੁਤ ਵਾਜਬ ਮੰਗ ਹੈ ਕਿ ਐਮਐਸਪੀ ਦੀ ਗਾਰੰਟੀ ਵਾਲਾ ਕਾਨੂੰਨ ਬਣਾਇਆ ਜਾਵੇ ਤਾਂ ਜੁ ਦੇਸ਼ ਭਰ ਵਿੱਚ ਇਨ੍ਹਾਂ ਸਾਰੀਆਂ 23 ਫਸਲਾਂ ਦੀ ਸਰਕਾਰੀ ਖਰੀਦ ਹੋ ਸਕੇ।
ਬਰਨਾਲਾ ਮਿਉਂਸਪਲ ਕਮੇਟੀ ਦੇ ਸਫਾਈ ਕਰਮਚਾਰੀ ਲਗਾਤਾਰ ਪਿਛਲੇ ਇੱਕ ਮਹੀਨੇ ਤੋਂ ਵੀ ਵਧੇਰੇ ਅਰਸੇ ਤੋਂ ਠੇਕੇਦਾਰੀ ਸਿਸਟਮ ਬੰਦ ਕਰਨ , ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਅਤੇ ਤਨਖਾਹ ਵਧਾਉਣ ਲਈ ਹੜਤਾਲ ‘ਤੇ ਹਨ। ਇਨ੍ਹਾਂ ਕਰਮੀਆਂ ਨੇ 26 ਮਈ ਦੇ ਕਾਲਾ ਦਿਵਸ ਪ੍ਰੋਗਰਾਮ ਸਮੇਂ ਵਧ ਚੜ੍ਹ ਕੇ ਕਿਸਾਨਾਂ ਦਾ ਸਾਥ ਦਿੱਤਾ ਸੀ। ਅੱਜ ਸੰਯੁਕਤ ਕਿਸਾਨ ਮੋਰਚੇ ਦੇ ਧਰਨਾਕਾਰੀਆਂ ਨੇ ਇਨ੍ਹਾਂ ਕਰਮੀਆਂ ਦੇ ਅਰਥੀ ਫੂਕ ਮੁਜ਼ਾਹਰੇ ਵਿੱਚ ਸ਼ਮੂਲੀਅਤ ਕੀਤੀ। ਕਿਸਾਨ ਆਗੂਆਂ ਨੇ ਉਨ੍ਹਾਂ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਪੂਰਨ ਭਰੋਸਾ ਦਿਵਾਇਆ। ਕਿਸਾਨਾਂ ਮਜਦੂਰਾਂ ਦੀ ਏਕਤਾ ਸਾਡੇ ਅੰਦੋਲਨ ਦੀ ਜਿੱਤ ਲਈ ਬਹੁਤ ਜਰੂਰੀ ਹੈ।
ਅੱਜ ਕਾਮਰੇਡ ਸੁਰਜੀਤ ਸਿੰਘ ਰਾਮਗੜ ਨੇ ਇਨਕਲਾਬੀ ਗੀਤ ਸੁਣਾਏ।