26 ਮਈ ਦੇ ਕਾਲਾ ਦਿਵਸ ਦੀ ਸਫਲਤਾ ਤੋਂ ਬਾਅਦ ਦਿੱਲੀ ਮੋਰਚਾ ਮਜਬੂਤ ਕਰਨ ਲਈ ਪਿੰਡਾਂ ਵਿੱਚ ਲਾਮਬੰਦੀ-ਹਰਦਾਸਪੁਰਾ
ਗੁਰਸੇਵਕ ਸਹੋਤਾ , ਮਹਿਲਕਲਾਂ 29 ਮਈ2021
26 ਮਈ ਦੇ ਕਾਲਾ ਦਿਵਸ ਦੀ ਸਫਲਤਾ ਤੋਂ ਬਾਅਦ ਦਿੱਲੀ ਮੋਰਚਾ ਮਜਬੂਤ ਕਰਨ ਲਈ ਪਿੰਡਾਂ ਵਿੱਚ ਲਾਮਬੰਦੀ ਸ਼ੁਰੂ ਹੋ ਗਈ ਹੈ। ਅੱਜ ਬੀਕੇਯੂ ਏਕਤਾ ਡਕੌਂਦਾ ਬਲਾਕ ਮਹਿਲਕਲਾਂ ਵੱਲੋਂ ਪਿੰਡ ਮੂੰਮ ਵਿਖੇ ਬਲਾਕ ਮਹਿਲਕਲਾਂ ਦੇ ਮੀਤ ਪ੍ਰਧਾਨ ਜਗਤਾਰ ਸਿੰਘ ਮੂੰਮ , ਜਗਸੀਰ ਸਿੰਘ ਇਕਾਈ ਪ੍ਰਧਾਨ, ਗੁਰਮੇਲ ਸਿੰਘ ਫੌਜੀ ਜਨਰਲ ਸਕੱਤਰ ਪਿੰਡ ਇਕਾਈ ਮੂੰਮ ਦੀ ਅਗਵਾਈ ਹੇਠ ਵੱਡੀ ਗਿਣਤੀ ਕਿਸਾਨ ਆਗੂਆਂ ਨੇ ਛੇ ਮਹੀਨੇ ਤੋੋਂ ਦਿੱਲੀ ਬਾਰਡਰਾਂ ਦੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਹਰ ਪੱਖੋਂ ਪਾਏ ਜਾ ਰਹੇ ਯੋਗਦਾਨ ਅਤੇ ਹਰ ਸੰਘਰਸ਼ ਸੱਦੇ ਵਿੱਚ ਨਿਭਾਈ ਜਾ ਰਹੀ ਭੁਮਿਕਾ ਬਦਲੇ ਧੰਨਵਾਦ ਕੀਤਾ। ਆਗੂਆਂ ਨੇ ਇਕੱਤਰ ਹੋਕੇ ਘਰ-ਘਰ ਜਾਕੇ ਦਿੱਲੀ ਮੋਰਚੇ ਵਿੱਚ ਘਰ-ਘਰ ਦੇ ਇੱਕ ਕਿਸਾਨ ਮਰਦ ਔਰਤ ਦੇ ਪਹੁੰਚਣਾ ਯਕੀਨੀ ਬਨਾਉਣ ਦਾ ਸੁਨੇਹਾ ਦਿੱਤਾ।
ਕਿਉਂਕਿ ਮੋਦੀ ਸਰਕਾਰ ਦੇ ਅੜੀਅਲ,ਹੰਕਾਰੀ ਰਵੱਈਏ ਖਿਲ਼ਾਫ ਲੰਬਾ ਚੱਲਣ ਵਾਲੇ ਕਿਸਾਨ ਅੰਦੋਲਨ ਨੇ ਬਹੁਤ ਸਾਰੇ ਮੋੜਾਂ, ਉਤਰਾਵਾਂ, ਚੜਾਵਾਂ ਵਿੱਚੋਂ ਲੰਘਣਾ ਹੈ।ਮੋਦੀ ਸਰਕਾਰ ਸਾਮਰਾਜੀ ਸੰਸਥਾਵਾਂ ਕੌਮਾਂਤਰੀ ਮੁਦਰਾ ਫੰਡ, ਸੰਸਾਰ ਬੈਂਕ, ਵਿਸ਼ਵ ਵਪਾਰ ਸੰਸਥਾ ਦੇ ਦਿਸ਼ਾ ਨਿਰਦੇਸ਼ਨਾ ਹੇਠ ਉੱਚ ਅਮੀਰ ਘਰਾਣਿਆਂ ਦੀ ਸੇਵਾ ਵਿੱਚ ਲੱਗੀ ਹੋਈ ਹੈ।ਇਨ੍ਹਾਂ ਨੀਤੀਆਂ ਕਾਰਨ ਖੇਤੀ ਖੇਤਰ (ਪੇਂਡੂ ਸੱਭਿਅਤਾ) ਦਾ ਉਜਾੜਾ ਤੋਿਹ ਹੈ। ਇਹ ਉਜਾੜਾ ਸਮੁੱਚੇ ਕਿਸਾਨਾਂ-ਮਜਦੂਰਾਂ ਸਮੇਤ ਹੋਰਨਾਂ ਤਬਕਿਆਂ ਨੂੰ ਪ੍ਰਭਾਵਿਤ ਕਰੇਗਾ। ਜਿਸ ਵਾਸਤੇ ਸਿਦਕ, ਸੰਜਮ, ਦ੍ਰਿੜ ਇਰਾਦੇ, ਅਮਨ ,ਵਿਸ਼ਾਲ ਹਿਰਦੇ, ਬੁਲੰਦ ਹੌਸਲੇ ਦੀ ਲੋੜ ਹੈ। ਆਗੂਆਂ ਕਿਹਾ ਕਿ ਲੰਬਾ ਚੱਲਣ ਵਾਲੇ ਸੰਘਰਸ਼ ਵਿੱਚ ਹਕੂਮਤੀ ਸਾਜਿਸ਼ਾਂ ਨੂੰ ਵੀ ਚਕਨਾਚੂਰ ਕਰਨਾ ਜਰੂਰੀ ਹੁੰਦਾ ਹੈ।ਹੁਣ ਤੱਕ ਮੋਦੀ ਸਰਕਾਰ ਅਨੇਕਾਂ ਸਾਜਿਸ਼ਾਂ ਰਚ ਚੁੱਕੀ ਹੈ ਕਿ ਕਿਸੇ ਢੰਗ ਨਾਲ ਵਿਸ਼ਾਲ ਕਿਸਾਨ ਅੰਦੋਲਨ ਨੂੰ ਪਾੜਿਆ ਖਿਡਾਇਆ ਜਾਂ ਲੀਹੋਂ ਲਾਹਿਆ ਜਾ ਸਕੇ।ਪਰ ਜਥੇਬੰਦਕ ਕਿਸਾਨ ਤਾਕਤ ਨਾਲ ਸਾਜਿਸ਼ ਨੂੰ ਫੇਲ੍ਹ ਕੀਤਾ ਜਾ ਚੁੱਕਾ ਹੈ। ਇਸ ਸਮੇਂ ਕਾਲਾ ਸਿੰਘ ਮੀਤ ਪ੍ਰਧਾਨ, ਅਜੀਤ ਸਿੰਘ ਖਜਾਨਚੀ, ਭਿੰਦਰ ਸਿੰਘ, ਰਜਿੰਦਰਪਾਲ ਸਿੰਘ, ਸੱਤਪਾਲ ਸਿੰਘ, ਹਰਬੰਸ ਸਿੰਘ , ਚੜ੍ਹਤ ਸਿੰਘ, ਬਲੌਰ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਮੁਲਕ ਪੱਧਰੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਕਿਸਾਨ ਅੋਰਤਾਂ ਅਤੇ ਨੌਜਵਾਨ ਕਿਸਾਨਾਂ ਦੀ ਸਰਗਰਮ ਸ਼ਮੂਲੀਅਤ ਉਤਸ਼ਾਹਜਨਕ ਵਰਤਾਰਾ ਹੈ।
ਆਗੂਆਂ ਨੂੰ ਪਿੰਡ ਵਿੱਚੋਂ ਕਿਸਾਨ ਪ੍ਰੀਵਾਰਾਂ ਨੇ ਦਿੱਲੀ ਮੋਰਚੇ ਪਹਿਲਾਂ ਨਾਲੋਂ ਵੱਧ ਕਾਫਲੇ ਭੇਜਣੇ ਜਾਰੀ ਰੱਖਣ ਦਾ ਵਿਸ਼ਵਾਸ਼ ਦਿਵਾਇਆ। ਬਲਾਕ ਪ੍ਰਧਾਨ ਜਗਰਾਜ ਹਰਦਾਸਪੁਰਾ ਨੇ ਕਿਹਾ ਕਿ ਇਹ ਮੁਹਿੰਮ ਲਗਤਾਰ ਬਲਾਕ ਦੇ ਸਭਨਾਂ ਪਿੰਡਾਂ ਵਿੱਚ ਚੱਲ ਰਹੀ ਹੈ। ਆਉਣ ਵਾਲੇ ਦਿਨਾਂ ਵਿੱਚ ਝੋਨੇ ਦੀ ਬਿਜਾਈ ਸ਼ੁਰੂ ਹੋਣ ਦੇ ਨੇੜੇ ਹੋਣ ਦੇ ਬਾਵਜੂਦ ਦਿੱਲੀ ਮੋਰਚੇ ਵਿੱਚ ਜੁਝਾਰੂ ਕਿਸਾਨ ਕਾਫਲੇ ਹੋਰ ਵਧੇਰੇ ਜੋਸ਼ ਨਾਲ ਸ਼ਾਮਿਲ ਹੁੰਦੇ ਰਹਿਣਗੇ। ਮੋਰਚਾ ਫਤਿਹ ਕਰਕੇ ਹੀ ਕਾਫਲੇ ਘਰਾਂ ਵੱਲ ਪਰਤਣਗੇ।