ਸਰਕਾਰੀ ਹਾਈ ਸਕੂਲ ਕਮਾਲਪੁਰ ’ਚ ਆਨ-ਲਾਈਨ ਲੇਖ ਲਿਖਣ ਮੁਕਾਬਲੇ ਦਾ ਆਯੋਜਨ
*ਮਿਡਲ ਵਰਗ ’ਚ ਅਨੁ ਰਾਣੀ ਤੇ ਸੈਕੰਡਰੀ ਵਰਗ ’ਚ ਨਵਦਿਸ਼ਾ ਪਹਿਲੇ ਸਥਾਨ ’ਤੇ ਰਹੇ
ਹਰਪ੍ਰੀਤ ਕੌਰ ਬਬਲੀ , ਦਿੜ੍ਹਬਾ ਮੰਡੀ/ਸੰਗਰੂਰ, 25 ਮਈ:
ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਪੰਜਾਬ ਸਰਕਾਰ ਵੱਲੋਂ ਪਾਤਸ਼ਾਹੀ ਨੌਵੀਂ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੇ ਉਨ੍ਹਾਂ ਦੇ ਜੀਵਨ ਨਾਲ ਸਬੰਧਤ ਵੱਖ-ਵੱਖ ਵਿੱਦਿਅਕ ਮੁਕਾਬਲਿਆਂ ਦੀ ਲੜੀ ਸ਼ੁਰੂ ਕੀਤੀ ਗਈ ਹੈ। ਇਸੇ ਲੜੀ ਤਹਿਤ ਹੀ ਸਰਕਾਰੀ ਹਾਈ ਸਕੂਲ ਕਮਾਲਪੁਰ ਵਿਖੇ ਵਿਦਿਆਰਥੀਆਂ ਦਾ ਆਨ-ਲਾਈਨ ਲੇਖ ਲਿਖਣ ਮੁਕਾਬਲਾ ਕਰਵਾਇਆ ਗਿਆ।
ਸਕੂਲ ਦੇ ਮੀਡੀਆ ਇੰਚਾਰਜ਼ ਹਰਜੀਤ ਸਿੰਘ ਜੋਗਾ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਲਈ ਨਿਯੁਕਤ ਕੀਤੇ ਗਏ ਸਕੂਲ ਨੋਡਲ ਇੰਚਾਰਜ਼ ਜਸਪ੍ਰੀਤ ਕੌਰ ਅਤੇ ਇਸ ਮੁਕਾਬਲੇ ਦੇ ਗਾਈਡ ਅਧਿਆਪਕ ਮੰਗਲ ਸਿੰਘ ਦੀ ਅਗਵਾਈ ਵਿੱਚ ਸਕੂਲ ਪੱਧਰ ’ਤੇ ਕਰਵਾਏ ਗਏ ਮਿਡਲ ਵਰਗ ਦੇ ਆਨ-ਲਾਈਨ ਲੇਖ ਮੁਕਾਬਲੇ ਵਿੱਚੋਂ ਸੱਤਵੀਂ ਜਮਾਤ ਦੀ ਅਨੁ ਰਾਣੀ ਨੇ ਪਹਿਲਾ, ਅੱਠਵੀਂ ਜਮਾਤ ਦੀ ਰਾਜਨਦੀਪ ਕੌਰ ਨੇ ਦੂਜਾ ਅਤੇ ਸੱਤਵੀਂ ਜਮਾਤ ਦੇ ਲਵਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਜਦਕਿ ਸੀਨੀਅਰ ਵਰਗ ਦੇ ਲੇਖ ਮੁਕਾਬਲੇ ਵਿੱਚੋਂ ਨੌਵੀਂ ਜਮਾਤ ਦੀ ਵਿਦਿਆਰਥਣ ਨਵਦਿਸ਼ਾ ਨੇ ਪਹਿਲਾ, ਨੌਵੀਂ ਜਮਾਤ ਦੀ ਮਹਿਕਪ੍ਰੀਤ ਕੌਰ ਨੇ ਦੂਜਾ ਅਤੇ 11ਵੀਂ ਜਮਾਤ ਦੀ ਮਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ ਹੈ।
ਸਕੂਲ ਮੁਖੀ ਡਾ. ਪਰਮਿੰਦਰ ਸਿੰਘ ਦੇਹੜ ਨੇ ਲੇਖ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਅਤੇ ਗਾਈਡ ਅਧਿਆਪਕ ਮੰਗਲ ਸਿੰਘ ਨੂੰ ਮੁਬਾਰਕਬਾਦ ਦਿੱਤੀ। ਉਹਨਾਂ ਨੇ ਕਿਹਾ ਕਿ ਇਹਨਾਂ ਮੁਕਾਬਲਿਆਂ ਦਾ ਉਦੇਸ਼ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਫਲਸਫੇ ਅਤੇ ਉਹਨਾਂ ਦੀਆਂ ਸਿੱਖਿਆਵਾਂ ਤੋਂ ਜਾਣੂ ਕਰਵਾਉਣਾ ਹੈ। ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਇਹਨਾਂ ਮੁਕਾਬਲਿਆਂ ਵਿੱਚ ਵਧ ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ।