ਵਿਧਾਇਕ ਵੱਲੋਂ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਚਨਾਰਥਲ ਕਲਾਂ ਵਿਖੇ ਬਣਾਏ ਜਾ ਰਹੇ ਪਾਰਕ ਅਤੇ ਵਿਕਾਸ ਕੰਮਾਂ ਦਾ ਜਾਇਜ਼ਾ
ਬੀ ਟੀ ਐਨ , ਫ਼ਤਹਿਗੜ੍ਹ ਸਾਹਿਬ, 25 ਮਈ 2021
ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਲਈ ਦਿਨ ਰਾਤ ਇੱਕ ਕਰ ਕੇ ਕੰਮ ਕਰ ਰਹੀ ਹੈ ਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਸਰਕਾਰ ਵੱਲੋਂ ਕੀਤੇ ਯਤਨਾਂ ਸਦਕਾ ਹੀ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਨਤੀਜੇ ਸ਼ਾਨਦਾਰ ਆਏ ਹਨ ਤੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵੀ ਵਧੀ ਹੈ।
ਇਹ ਗੱਲ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਪਿੰਡ ਚਨਾਰਥਲ ਕਲਾਂ ਦੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਚਨਾਰਥਲ ਕਲਾਂ ਵਿਖੇ ਬਣਾਏ ਜਾ ਰਹੇ ਪਾਰਕ ਅਤੇ ਵਿਕਾਸ ਕੰਮਾਂ ਦਾ ਜਾਇਜ਼ਾ ਲੈਣ ਮੌਕੇ ਆਖੀ।
ਵਿਧਾਇਕ ਨਾਗਰਾ ਨੇ ਦੱਸਿਆ ਕਿ ਇਸ ਪਾਰਕ ਵਿੱਚ ਵਿਦਿਆਰਥੀਆਂ ਦੇ ਖੇਡਣ ਅਤੇ ਸਿੱਖਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਹੋਰ ਵਿਕਾਸ ਕਾਰਜਾਂ ਸਦਕਾ ਇਹ ਸਕੂਲ ਮਿਸਾਲ ਬਣੇਗਾ ਤੇ ਲੋਕਾਂ ਦੀ ਚਿਰਕੋਣੀ ਮੰਗ ਪੂਰੀ ਹੋਵੇਗੀ।
ਸ. ਨਾਗਰਾ ਨੇ ਕਿਹਾ ਕਿ ਇਹ ਸਕੂਲ ਸਿਰਫ਼ ਪਿੰਡ ਚਨਾਰਥਲ ਕਲਾਂ ਲਈ ਹੀ ਨਹੀਂ ਸਗੋਂ ਇਸ ਖੇਤਰ ਦੀ ਅਹਿਮ ਸਿੱਖਿਆ ਸੰਸਥਾਵਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਇਸ ਸਕੂਲ ਸਮੇਤ ਹਲਕੇ ਦੇ ਕਿਸੇ ਵੀ ਸਕੂਲ ਵਿੱਚ ਕੋਈ ਵੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।
ਹਲਕਾ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕੀਤਾ ਹੈ, ਜਿਸ ਨਾਲ ਸਿੱਖਿਆ ਦਾ ਮਿਆਰ ਮਿਸਾਲੀ ਤੌਰ ਉਤੇ ਉੱਪਰ ਗਿਆ ਹੈ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ, ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਮਾਤ ਦੇ ਰਹੇ ਹਨ।
ਸ. ਨਾਗਰਾ ਨੇ ਕਿਹਾ ਕਿ ਸਭ ਤੋਂ ਵਧੀਆ ਸਟਾਫ ਸਰਕਾਰੀ ਸਕੂਲਾਂ ਵਿੱਚ ਹੀ ਹੈ ਪਰ ਕੁਝ ਲੋਕ ਵੱਧ ਫੀਸਾਂ ਦੇ ਕੇ ਵਿਦਿਆਰਥੀਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਭੇਜਦੇ ਹਨ, ਜਿੱਥੇ ਕਿ ਸਰਕਾਰੀ ਸਕੂਲਾਂ ਦੇ ਮੁਕਾਬਲੇ ਘੱਟ ਯੋਗਤਾ ਵਾਲਾ ਸਟਾਫ ਹੁੰਦਾ ਹੈ। ਪੰਜਾਬ ਸਰਕਾਰ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਸਿੱਖਿਆ ਦੇ ਮਿਆਰ ਵਿੱਚ ਵੱਡੇ ਪੱਧਰ ਉਤੇ ਸੁਧਾਰ ਹੋਇਆ ਤੇ ਹੁਣ ਲੋਕ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੀ ਥਾਂ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਨੂੰ ਤਰਜੀਹ ਦੇਣ ਲੱਗ ਪਏ ਹਨ।
ਇਸੇ ਤਹਿਤ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਚਨਾਰਥਲ ਕਲਾਂ ਦੇ ਪ੍ਰਿੰਸੀਪਲ ਸ਼੍ਰੀਮਤੀ ਹਰਦੀਪ ਕੌਰ ਨੇ ਆਪਣੇ ਪੁੱਤਰ ਨੂੰ ਪਟਿਆਲਾ ਦੇ ਇੱਕ ਪ੍ਰਾਈਵੇਟ ਸਕੂਲ ਵਿਚੋਂ ਹਟਾ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਚਨਾਰਥਲ ਕਲਾਂ ਵਿਖੇ ਦਾਖ਼ਲ ਕਰਵਾਇਆ ਹੈ।
ਇਸ ਮੌਕੇ ਮਾਰਕਿਟ ਕਮੇਟੀ ਦੇ ਵਾਈਸ ਚੇਅਰਮੈਨ ਇੰਦਰਪਾਲ ਸਿੰਘ, ਸਰਪੰਚ ਜਗਦੀਪ ਸਿੰਘ ਨੰਬਰਦਾਰ, ਵਿਧਾਇਕ ਨਾਗਰਾ ਦੇ ਮੀਡੀਆ ਇੰਚਾਰਜ ਪਰਮਵੀਰ ਸਿੰਘ ਟਿਵਾਣਾ, ਮੈਂਬਰ ਬਲਾਕ ਸੰਮਤੀ ਲਖਵਿੰਦਰ ਸਿੰਘ, ਸਕੂਲ ਦੇ ਹੈਂਡ ਟੀਚਰ ਅਮਰਿੰਦਰ ਸਿੰਘ, ਮਾਸਟਰ ਰੁਪਿੰਦਰ ਸਿੰਘ, ਪੰਚ ਕਰਮਜੀਤ ਸਿੰਘ ਤੇ ਰਣਜੀਤ ਸਿੰਘ, ਪ੍ਰਵੀਨ ਕੁਮਾਰ, ਕੁਲਵੰਤ ਸਿੰਘ ਬਿੱਰੂ, ਹਾਕਮ ਸਿੰਘ ਆਦਿ ਹਾਜ਼ਰ ਸਨ।