ਕਲੋਨਾਈਜ਼ਰਾਂ ਖਿਲਾਫ ਲੋਕਾਂ ਨੇ ਕੀਤੀ ਜੋਰਦਾਰ ਨਾਅਰੇਬਾਜੀ, ਕਿਹਾ! ਕਿਸੇ ਵੀ ਸੂਰਤ ਤੇ ਨਹੀਂ ਹੋਣ ਦਿਆਂਗੇ ਗੈਰਕਾਨੂੰਨੀ ਵਾਧਾ
ਲੋਕਾਂ ਦੀ ਹਮਾਇਤ ਤੇ ਉਤਰੇ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਲੋਟਾ ਤੇ ਵਪਾਰ ਮੰਡਲ ਦੇ ਪ੍ਰਧਾਨ ਨਾਣਾ, ਕਿਹਾ ਕਲੋਨੀ ਦੇ ਬਾਸ਼ਿੰਦਿਆਂ ਦੀ ਸਹਿਮਤੀ ਤੋਂ ਬਿਨਾਂ ਨਹੀਂ ਹੋਣ ਦਿਆਂਗੇ ਵਾਧਾ
ਹਰਿੰਦਰ ਨਿੱਕਾ / ਰਘਵੀਰ ਹੈਪੀ , ਬਰਨਾਲਾ 23 ਮਈ 2021
ਸ਼ਹਿਰ ਦੇ ਕਲੋਨਾਈਜ਼ਰਾਂ ਅਤੇ ਕਲੋਨੀਆਂ ਦੇ ਵਸਨੀਕਾਂ ਵਿਚਕਾਰ ਝਗੜਾ ,ਅਕਸਰ ਹੀ ਸਮੇਂ ਸਮੇਂ ਤੇ ਸਾਹਮਣੇ ਆਉਂਦਾ ਰਹਿੰਦਾ ਹੈ। ਇਸੇ ਕੜੀ ਵਿੱਚ ਅੱਜ ਹਾਰਮੋਨੀ ਹੋਮਜ ,ਧਨੌਲਾ ਰੋਡ ਬਰਨਾਲਾ ਦੇ ਕਥਿਤ ਗੈਰਕਾਨੂੰਨੀ ਵਾਧੇ ਤੋਂ ਭੜ੍ਹਕੇ ਕਲੋਨੀ ਵਾਸੀਆਂ ਵੱਲੋਂ ਅਣਮਿੱਥੇ ਸਮੇਂ ਲਈ ਪੱਕਾ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਕਲੋਨੀ ਦੇ ਮੁੱਖ ਗੇਟ ਤੇ ਧਰਨਾ ਦੇ ਰਹੇ ਪ੍ਰਦਰਸ਼ਨਕਾਰੀਆਂ ਨੇ ਹਾਰਮੋਨੀ ਹੋਮਜ ਦੇ ਕਲੋਨਾਈਜ਼ਰ ਅਤੇ ਕਲੋਨੀ ਵਿੱਚ ਕਥਿਤ ਵਾਧਾ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਕਲੋਨਾਈਜ਼ਰ ਦੇ ਖਿਲਾਫ ਜੋਰਦਾਰ ਨਾਅਰੇਬਾਜੀ ਵੀ ਕੀਤੀ। ਇਸ ਮੌਕੇ ਪ੍ਰਦਰਸ਼ਨਕਾਰੀਆਂ ਦੇ ਹੱਕ ਵਿੱਚ ਉੱਤਰੇ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਮਹੇਸ਼ ਕੁਮਾਰ ਲੋਟਾ ਅਤੇ ਵਪਾਰ ਮੰਡਲ ਬਰਨਾਲਾ ਦੇ ਪ੍ਰਧਾਨ ਅਨਿਲ ਕੁਮਾਰ ਨਾਣਾ, ਸਾਬਕਾ ਕੌਸਲਰ ਕੁਲਦੀਪ ਧਰਮਾ ਨੇ ਕਿਹਾ ਕਿ ਅਸੀਂ ਕਲੋਨੀ ਦੇ ਗੈਰਕਾਨੂੰਨੀ ਵਾਧੇ ਦੇ ਵਿਰੁੱਧ ਸੰਘਰਸ਼ ਕਰ ਰਹੇ ਲੋਕਾਂ ਦੇ ਨਾਲ ਚਟਾਨ ਵਾਂਗ ਖੜ੍ਹੇ ਹਾਂ। ਉੱਧਰ ਕਲੋਨਾਈਜ਼ਰ ਪਿਆਰਾ ਰਾਏਸਰੀਆ ਨੇ ਕਿਹਾ ਕਿ ਅਸੀਂ ਹਾਰਮੋਨੀ ਹੋਮਜ਼ ਕਲੋਨੀ ਜਰੂਰ ਹੈਂਡਉਵਰ ਕਰ ਲਈ ਹੈ। ਪਰੰਤੂ ਕਲੋਨੀ ਦੇ ਨਜ਼ਦੀਕ ਲਈ ਹੋਰ ਜਮੀਨ ਦਾ ਰਾਸਤਾ ਵੱਖਰਾ ਇਸ ਕਲੋਨੀ ਤੋਂ ਬਾਹਰ ਟੀਵੀਐਸ ਵਾਲੀ ਥਾਂ ਵੱਲ ਰੱਖਣ ਦੀ ਤਜ਼ਵੀਜ ਹੈ। ਉਨਾਂ ਕਿਹਾ ਕਿ ਜੇਕਰ ਕਲੋਨੀ ਵਾਸੀ ਚਾਹੁੰਣਗੇ ਤਾਂ ਹੀ ਕਲੋਨੀ ਦਾ ਰਸਤਾ ਵਰਤਿਆ ਜਾਵੇਗਾ। ਉਨਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਅਸੀਂ ਕਲੋਨੀ ਵਾਸੀਆਂ ਦੀ ਸਹਿਮਤੀ ਬਿਨਾਂ ਕਲੋਨੀ ਵਿੱਚ ਕੋਈ ਵੀ ਗੈਰਕਾਨੂੰਨੀ ਵਾਧਾ ਨਹੀਂ ਕਰਾਂਗੇ। ਇਸ ਮੌਕੇ ਧਰਮਪਾਲ ਸ਼ਿਵ ਕੁਮਾਰ ,ਨੀਰਜ ਕੁਮਾਰ ਆਦਿ ਦੱਸਿਆ ਕਿ ਸਾਲ 2011 ਵਿੱਚ ਕਰੀਬ ਸਾਢੇ 7 ਏਕੜ ਜਮੀਨ ਵਿੱਚ 104 ਪਲਾਟਾਂ ਦੀ ਕਲੋਨੀ ਕੱਟੀ ਗਈ ਸੀ। ਉਦੋਂ ਕਲੋਨਾਈਜ਼ਰ ਨੇ ਲੋਕਾਂ ਨੂੰ ਭਰੋਸਾ ਦਿੱਤਾ ਸੀ ਕਿ ਕਲੋਨੀ ਚਾਰਦੀਵਾਰੀ ਦੇ ਅੰਦਰ ਹੈ, ਸਿਰਫ ਇੱਕ ਗੇਟ ਹੈ। ਕਲੋਨੀ ਦੀ ਸਾਜ ਸੰਭਾਲ ਦੀ ਜਿੰਮੇਵਾਰੀ ਨਿਭਾਉਣ ਦਾ ਵੀ ਖਰੀਦਦਾਰਾਂ ਨੂੰ ਵਿਸ਼ਵਾਸ਼ ਦਿਵਾਇਆ ਗਿਆ ਸੀ। ਪਰੰਤੂ ਕਲੋਨੀ ਕੱਟ ਕੇ ਤੇ ਮੋਟਾ ਮੁਨਾਫਾ ਕਮਾ ਕੇ ਖਿਸਕ ਗਿਆ। ਇਸ ਮੌਕੇ ਪੁਸ਼ਕਰ ਰਾਜ ਹੈਪੀ, ਮੁਨੀਸ਼ ਬਾਂਸਲ, ਮੁਨੀਸ਼ ਗੋਇਲ, ਰਾਜੂ ਅਰੋੜਾ, ਜਗਦੇਵ ਸਿੰਘ, ਕੁਲਵਿੰਦਰ ਕੁਮਾਰ ਕਾਲਾ, ਰਮੇਸ਼ ਕੁਮਾਰ, ਗੁਰਪ੍ਰੀਤ ਸਿੰਘ, ਉਮ ਪ੍ਰਕਾਸ਼, ਕੁਲਦੀਪ ਕੁਮਾਰ, ਬੁੱਧ ਰਾਮ, ਰਾਮੂ, ਬਲਵਿੰਦਰ ਕੁਮਾਰ, ਸ਼ਪਿੰਦਰ ਸਿੰਘ, ਜਤਿੰਦਰ ਬਾਂਸਲ, ਭੂਸ਼ਣ ਲਾਲ, ਵਿਨੋਦ ਕੁਮਾਰ, ਨਿਤਨ, ਸਤਭੂਸ਼ਣ, ਪ੍ਰਵੀਨ ਕਾਯਲ, ਉਮ ਪ੍ਰਕਾਸ਼ ਗੋਇਲ ਆਦਿ ਕਲੋਨੀ ਵਾਸੀ ਵੀ ਮੌਜੂਦ ਰਹੇ।ਹੁਣ ਕਲੋਨੀ ਦੀਆਂ ਸੜਕਾਂ ਟੁੱਟੀਆਂ ਹੋਈਆਂ ਨੇ, ਸਟਰੀਟ ਲਾਈਟਾਂ ਅੱਧੀਆਂ ਵੀ ਨਹੀਂ ਚੱਲ ਰਹੀਆਂ, ਕਲੋਨੀ ਦੇ ਪਾਰਕ ਵਿੱਚੋਂ ਵੀ ਕਾਫੀ ਜਗ੍ਹਾ ਗੈਰਕਾਨੂੰਨੀ ਢੰਗ ਨਾਲ ਪਾਰਕ ਵਿਚੋਂ ਕੱਟ ਕੇ ਇੱਕ ਪਲਾਟ ਦਾ ਸਾਈਜ਼ ਪੂਰਾ ਕਰ ਦਿੱਤਾ ਹੈ। ਹੁਣ ਕਲੋਨਾਈਜ਼ਰ ਦੀ ਵਾਅਦਾ ਖਿਲਾਫੀ ਦੀ ਉਦੋਂ ਇੰਤਹਾ ਹੋ ਗਈ, ਜਦੋਂ ਕਲੋਨਾਈਜ਼ਰ ਨੇ ਕਲੋਨੀ ਨੂੰ ਹੋਰ ਕਲੋਨਾਈਜ਼ਰ ਦੇ ਹੈਂਡਉਵਰ ਕਰਕੇ, ਉਸ ਨੂੰ ਕਲੋਨੀ ਵਿੱਚ ਕਰੀਬ 11 ਏਕੜ ਹੋਰ ਜਮੀਨ ਦਾ ਗੈਰਕਾਨੂੰਨੀ ਵਾਧਾ ਕਰਨ ਲਈ ਹਰੀ ਝੰਡੀ ਦੇ ਦਿੱਤੀ। ਉਨਾਂ ਕਿਹਾ ਕਿ ਇਸ ਤਰਾਂ ਅਪਰੂਵਡ ਕਲੋਨੀ ਤੋਂ ਵੀ ਕਿਤੇ ਜਿਆਦਾ ਹੋਰ ਜਮੀਨ ਕਲੋਨੀ ਵਿੱਚ ਮਿਲਾ ਦੇਣ ਨਾਲ ਕਲੋਨੀ ਲਈ ਤਿਆਰ ਸੀਵਰੇਜ, ਪਾਣੀ ਅਤੇ ਪਾਰਕ ਆਦਿ ਛੋਟੇ ਪੈ ਜਾਣਗੇ। ਪ੍ਰਦਰਸ਼ਨਕਾਰੀਆਂ ਨੇ ਐਲਾਨ ਕੀਤਾ ਕਿ ਅਸੀਂ ਕਿਸੇ ਵਹ ਤਰੀਕੇ ਨਾਲ ਗੈਰਕਾਨੂੰਨੀ ਵਾਧਾ ਨਹੀਂ ਹੋਣ ਦਿਆਂਗੇ।
ਕਲੋਨਾਈਜਰ ਨੇ ਸਾਡੇ ਸੁਪਨੇ ਕੀਤੇ ਚਕਨਾਚੂਰ-ਮੈਡਮ ਰੰਜਨਾ ਰਾਣੀ
ਗੁੱਸੇ ਵਿੱਚ ਭਰੀ ਪੀਤੀ ਪ੍ਰਦਰਸ਼ਨਕਾਰੀ ਮੈਡਮ ਰੰਜਨਾ ਰਾਣੀ ਨੇ ਕਿਹਾ ਕਿ ਕਲੋਨਾਈਜ਼ਰ ਨੇ ਕਲੋਨੀ ਵਾਸੀਆਂ ਨਾਲ ਧੋਖਾ ਕੀਤਾ ਹੈ। ਕਲੋਨੀ ਦੀਆਂ ਟੁੱਟੀਆਂ ਸੜਕਾਂ, ਬੰਦ ਸਟਰੀਟ ਲਾਈਟਾਂ ਤੇ ਸਿਰਫ ਨਾਮ ਦੇ ਪਾਰਕ ਨੇ ਲੋਕਾਂ ਦੀਆਂ ਸਮੱਸਿਆਵਾਂ ਵਧਾ ਦਿੱਤੀਆਂ ਹਨ। ਟੁੱਟੀਆਂ ਸੜਕਾਂ ਹਾਦਸਿਆਂ ਦਾ ਕਾਰਣ ਬਣ ਰਹੀਆਂ ਹਨ। ਰਹਿੰਦੀ ਖੂੰਹਦੀ ਕਮੀ, ਕਲੋਨਾਈਜ਼ਰ ਨੇ ਕਲੋਨੀ ਵਿੱਚ ਗੈਰਕਾਨੂੰਨੀ ਵਾਧੇ ਨੂੰ ਆਪਣਾ ਲਾਲਚ ਪੂਰਾ ਕਰਨ ਲਈ ਪ੍ਰਵਾਨਗੀ ਦੇ ਦਿੱਤੀ ਹੈ। ਉਨਾਂ ਕਿਹਾ ਕਿ ਇਸ ਤਰਾਂ ਵਾਧਾ ਕਰਨ ਨਾਲ ਜਿੱਥੇ ਕਲੋਨੀ ਦੀ ਸਮਰੱਥਾ ਅਨੁਸਾਰ ਉਪਲੱਭਧ ਸੀਵਰੇਜ, ਪਾਣੀ ਆਦਿ ਦੀਆਂ ਸੁਵਿਧਾਵਾਂ ਦਾ ਟੋਟਾ ਪੈ ਜਾਵੇਗਾ। ਉੱਥੇ ਲੋੜੋਂ ਵੱਧ ਅਬਾਦੀ ਵੀ ਵੱਧ ਜਾਵੇਗੀ। ਜਦੋਂ ਕਿ ਸਾਰੇ ਹੀ ਕਲੋਨੀ ਵਾਸੀਆਂ ਨੇ ਛੋਟੀ ਕਲੋਨੀ ਦੀ ਸੁਵਿਧਾ ਦਾ ਭਰੋਸਾ ਮਿਲਣ ਕਰਕੇ ਆਪਣੇ ਰਿਹਾਇਸ਼ ਭੀੜਭਾੜ ਤੋਂ ਦੂਰ ਰੱਖੀ ਸੀ। ਉਨਾਂ ਕਿਹਾ ਕਿ ਕਲੋਨਾਈਜ਼ਰ ਨੇ ਸਿਰਫ ਆਪਣੇ ਲਾਲਚ ਲਈ ਹੀ ਕਲੋਨੀ ਵਾਸੀਆਂ ਦੇ ਸੁਪਨੇ ਚਕਾਨਚੂਰ ਕਰ ਦਿੱਤੇ ਹਨ।
ਰਾਤੋ-ਰਾਤ ਕਲੋਨਾਈਜਰ ਨੇ ਕਾਗਜ਼ਾਂ ਵਿੱਚ ਕਲੋਨੀ ਦਿਖਾ ਕੇ ਕਮਾਏ ਕਰੋੜਾਂ ਰੁਪਏ- ਮਹੇਸ਼ ਲੋਟਾ
ਮਹੇਸ਼ ਲੋਟਾ ਨੇ ਕਿਹਾ ਕਿ ਹਾਰਮੋਨੀ ਹੋਮਜ਼ ਦਾ ਗੈਰਕਾਨੂੰਨੀ ਵਾਧਾ ਕਿਸੇ ਵੀ ਕੀਮਤ ਤੇ ਨਹੀਂ ਹੋਣ ਦਿੱਤਾ ਜਾਵੇਗਾ। ਇਹ ਵਾਧਾ ਲੋਕਾਂ ਨਾਲ ਖਿਲਵਾੜ ਹੈ। ਲੋਟਾ ਨੇ ਕਿਹਾ ਕਿ ਕਾਲੋਨੀ ਵਿੱਚ ਗੈਰਕਾਨੂੰਨੀ ਵਾਧਾ ਕਰਵਾਉਣ ਲਈ, ਸਾਧਾਂ ਦੇ ਭੇਸ ਵਿੱਚ ਕੁਝ ਭੇੜੀਏ ਵੀ ਲੋਕਾਂ ਨੂੰ ਨੁਕਸਾਨ ਤੇ ਆਪਣਾ ਲਾਲਚ ਪੂਰਾ ਕਰਨ ਲਈ ਘੁੰਮ ਰਹੇ ਹਨ। ਜਿੰਨਾਂ ਨੇ ਕਲੋਨਾਈਜ਼ਰ ਨਾਲ ਮਿਲ ਕੇ ਬਿਨਾਂ ਕਲੋਨੀ ਅਪਰੂਡ ਕਰਵਾਏ ਹੀ ਹਾਰਮੋਨੀ ਹੋਮਜ਼ ਦਾ ਵਾਧਾ ਨਕਸ਼ੇ ਤੇ ਦਿਖਾ ਕੇ ਹੀ ਰਾਤੋ ਰਾਤ ਕਰੋੜਾਂ ਰੁਪਏ ਕਮਾ ਵੀ ਲਏ ਹਨ। ਜਿਸ ਦਾ ਸੌਦਾ ਇੱਕ ਅਖੌਤੀ ਸਮਾਜ ਸੇਵੀ ਰਾਜਸੀ ਆਗੂ ਨੇ ਕਰਵਾਉਣ ਦੀਆਂ ਗੱਲਾਂ ਵੀ ਬਾਹਰ ਆ ਰਹੀਆਂ ਹਨ। ਉਨਾਂ ਕਿਹਾ ਕਿ ਉਹ ਆਪਣੇ ਹੋਰ ਸਾਥੀਆਂ ਦੀ ਮੱਦਦ ਨਾਲ, ਕਲੋਨੀ ਵਾਸੀਆਂ ਦਾ ਸਮਰਥਨ ਕਰਕੇ ਗੈਰਕਾਨੂੰਨੀ ਵਾਧਾ ਨਹੀਂ ਹੋਣ ਦੇਣਗੇ। ਭਾਂਵੇ ਹਿਸ ਨੂੰ ਰੋਕਣ ਲਈ ਸੜਕਾਂ ਤੇ ਕਿਉਂ ਨਾ ਉਤਰਨਾ ਪਵੇ। ਲੋਟਾ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਕਾਰਜਪ੍ਰਣਾਲੀ ਤੇ ਵਿਅੰਗ ਕਰਦਿਆਂ ਕਿਹਾ ਕਿ ਗੈਰਕਾਨੂੰਨੀ ਵਾਧੇ ਨੂੰ ਰੋਕਣ ਲਈ ਕੌਂਸਲ ਵਾਲੇ ਅੱਖਾਂ ਮੀਚੀ ਬੈਠੇ ਹਨ।