ਲੁਧਿਆਣਾ ‘ਚ ਆਏ ਫੰਗਸ ਦੇ 30 ਕੇਸ ਸਾਹਮਣੇ,
ਸਟੀਰੌਇਡ ਦੀ ਅਨ੍ਹੇਵਾਹ ਵਰਤੋਂ ਹੈ ਮੁੱਖ ਕਾਰਨ, ਖੁਦ ਦਵਾਈ ਲੈਣ ਤੋਂ ਕਰੋ ਪ੍ਰਹੇਂਜ, ਲਵੋ ਡਾਕਟਰ ਦੀ ਸਲਾਹ
–ਖਾਣ-ਪੀਣ ਵਾਲੀਆਂ ਦੁਕਾਨਾਂ ਨੂੰ ਦਿੱਤੀ ਚੇਤਾਵਨੀ, ਨਵੇਂ ਸਮੇਂ ‘ਚ ਕੋਤਾਹੀ ਨਾ ਵਰਤੀ ਜਾਵੇ
ਕਰਨਾ ਪਵੇਗਾ ਸਖ਼ਤੀ ਦਾ ਸਾਹਮਣਾ
ਦਵਿੰਦਰ ਡੀ ਕੇ , ਲੁਧਿਆਣਾ, 22 ਮਈ 2021
– ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਮੂਕੋਰਮਾਈਕੋਸਿਸ ਜਿਸ ਨੂੰ ਬਲੈਕ ਫੰਗਸ ਵਜੋਂ ਵੀ ਜਾਣਿਆ ਜਾਂਦਾ ਹੈ, ਤੋਂ ਡਰਨ ਜਾਂ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਇਹ ਬਿਮਾਰੀ ਇਲਾਜ਼ ਯੋਗ ਹੈ।
ਇੱਕ ਵੀਡੀਓ ਸੰਦੇਸ਼ ਵਿੱਚ ਲੋਕਾਂ ਨੂੰ ਅਫਵਾਹਾਂ ਅਤੇ ਆਪਣੀ ਮਨ ਮਰਜ਼ੀ ਨਾਲ ਦਵਾਈ ਲੈਣ ਤੋਂ ਬਚਣ ਦੀ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਸੂਬਾ ਸਰਕਾਰ ਪਹਿਲਾਂ ਹੀ ਇਸ ਬਲੈਕ ਫੰਗਸ ਨੂੰ ਮਹਾਂਮਾਰੀ ਵਜੋਂ ਘੋਸ਼ਿਤ ਕਰ ਚੁੱਕੀ ਹੈ ਅਤੇ ਇਹ ਬਿਮਾਰੀ ਕੋਈ ਨਵੀਂ ਨਹੀਂ ਹੈ।
ਉਨ੍ਹਾਂ ਕਿਹਾ ਕਿ ਇਹ ਉੱਲੀਮਾਰ ਦੇ ਸਮਾਨ ਹੈ ਜੋ ਨਮੀ ਦੇ ਕਾਰਨ ਲੰਬੇ ਸਮੇਂ ਤੋਂ ਪਈ ਰੋਟੀ ਉੱਤੇ ਵਿਕਸਤ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਹੁਣ ਤੱਕ 30 ਕੇਸ ਸਾਹਮਣੇ ਆ ਚੁੱਕੇ ਹਨ ਅਤੇ ਸਾਰੇ ਮਰੀਜ਼ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ। ਉਨ੍ਹਾਂ ਕਿਹਾ ਕਿ ਬਲੈਕ ਫੰਗਸ ਲੰਬੇ ਸਮੇਂ ਤੋਂ ਸਟੀਰੌਇਡ ਲੈ ਰਹੇ ਜਾਂ ਘਰ ਵਿਚ ਬਿਨ੍ਹਾਂ ਡਾਕਟਰ ਦੀ ਸਲਾਹ ਲਏ ਆਪਣੀ ਮਨ ਮਰਜੀ ਨਾਲ ਅੰਨ੍ਹੇਵਾਹ ਅਜਿਹੀਆਂ ਦਵਾਈਆਂ ਦੀ ਵਰਤੋਂ ਕਰਨ ਵਾਲੇ ਕੋਵਿਡ ਮਰੀਜ਼ਾਂ/ਤੰਦਰੁਸਤ ਹੋਏ ਲੋਕਾਂ ਵਿਚ ਦੇਖਿਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡਾਕਟਰਾਂ ਦੀ ਸਲਾਹ ‘ਤੇ ਹੀ ਦਵਾਈ ਲੈਣ, ਨਹੀਂ ਤਾਂ ਤਰਕਹੀਣ ਢੰਗ ਨਾਲ ਦਵਾਈ ਦੀ ਵਰਤੋਂ ਨਾਲ ਬਲੈਕ ਫੰਗਸ ਦਾ ਸ਼ਿਕਾਰ ਹੋ ਸਕਦੇ ਹਨ।
ਪਿਛਲੇ ਕੁਝ ਦਿਨਾਂ ਤੋਂ ਲੁਧਿਆਣਾ ਵਿੱਚ ਕੋਵਿਡ ਕੇਸਾਂ ਵਿੱਚ ਕਮੀ ਆ ਰਹੀ ਹੈ, ਸ੍ਰੀ ਸ਼ਰਮਾ ਨੇ ਕਰਫਿਊ ਵਿੱਚ ਗ਼ੈਰ-}ਰੂਰੀ ਦੁਕਾਨਾਂ ਜਾਂ ਨਿੱਜੀ ਦਫਤਰਾਂ ਲਈ ਕਾਰਜਸ਼ੀਲ ਸਮਾਂ ਇੱਕ ਘੰਟੇ ਵਧਾ ਦਿੱਤਾ ਹੈ ਜੋਕਿ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 5 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਵੇਗਾ, ਜੋ ਪਹਿਲਾਂ ਸਵੇਰੇ 5 ਵਜੇ ਤੋਂ 12 ਵਜੇ ਤੱਕ ਸੀ.
ਰੈਸਟੋਰੈਂਟਾਂ, ਢਾਬੇ ਅਤੇ ਹੋਰ ਖਾਣ-ਪੀਣ ਵਾਲੀਆਂ ਥਾਵਾਂ ਨੂੰ ਵੀ ਸਵੇਰੇ 5 ਵਜੇ ਤੋਂ ਦੁਪਹਿਰ 1 ਵਜੇ ਤੱਕ (ਸਿਰਫ ਪੈਕ ਕਰਵਾ ਕੇ ਲਿਜਾਣ ਲਈ) ਚਲਾਉਣ ਦੀ ਆਗਿਆ ਹੈ ਅਤੇ ਰਾਤ 8 ਵਜੇ ਤੱਕ ਉਨ੍ਹਾਂ ਨੂੰ ਹੋਮ ਡਿਲੀਵਰੀ ਦੀ ਆਗਿਆ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਢਿੱਲ ਦਿੱਤੀ ਗਈ ਹੈ ਕਿਉਂਕਿ ਉਨ੍ਹਾਂ ਪਹਿਲਾਂ ਕਰਫਿਊ ਦੌਰਾਨ ਪ੍ਰਸ਼ਾਸ਼ਨ ਨੂੰ ਦਿਲੋਂ ਸਹਿਯੋਗ ਕੀਤਾ ਹੈ, ਸਿੱਟੇ ਵਜੋਂ ਪਿਛਲੇ ਕੁਝ ਦਿਨਾਂ ਤੋਂ ਕੋਵਿਡ ਪੋਜ਼ਟਿਵ ਕੇਸਾਂ ਵਿੱਚ ਗਿਰਾਵਟ ਆਈ ਹੈ।
ਡਿਪਟੀ ਕਮਿਸ਼ਨਰ ਨੇ ਕੋਵਿਡ-19 ਵਿਰੁੱਧ ਜਾਰੀ ਜੰਗ ਵਿੱਚ 31 ਮਈ, 2021 ਤੱਕ ਇਸੇ ਤਰ੍ਹਾਂ ਹੀ ਸਮਰਥਨ ਦੀ ਆਸ ਪ੍ਰਗਟਾਈ ਹੈ।