ਰਘਬੀਰ ਹੈਪੀ/ਪ੍ਰਦੀਪ ਕਸਬਾ , ਬਰਨਾਲਾ 22 ਮਈ 2021
ਪੱਤਰਕਾਰਿਤਾ ਦੇ ਖੇਤਰ ਵਿੱਚ ਲੰਬਾ ਅਰਸਾ ਲੋਕਾਈ ਦੀ ਸੇਵਾ ਨਿਭਾ ਚੁੱਕੇ ਬਹੁਤ ਹੀ ਸੀਨੀਅਰ ਪੱਤਰਕਾਰ ਭੁਪਿੰਦਰ ਜਿੰਦਲ ਹੁਣ ਸਾਡੇ ਵਿੱਚ ਨਹੀਂ ਰਹੇ। ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਅਤੇ ਬੁਲੰਦ ਹੌਸਲੇ ਦੇ ਮਾਲਿਕ ਸ੍ਰੀ ਭੁਪਿੰਦਰ ਜਿੰਦਲ ਲੰਘੀ ਰਾਤ ਕਰੀਬ 9 ਵਜੇ ਮੋਗਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਕਰੋਨਾ ਤੋਂ ਜਿੰਦਗੀ ਦੀ ਜੰਗ ਹਾਰ ਗਏ। ਪੱਤਰਕਾਰ ਸ੍ਰੀ ਜਿੰਦਲ ,ਪ੍ਰੈਸ ਕਲੱਬ ਬਰਨਾਲਾ ਦੇ ਪ੍ਰਧਾਨ, ਤੇ ਸਰਪ੍ਰਸਤ ਅਤੇ ਬਰਨਾਲਾ ਪ੍ਰੈਸ ਕਲੱਬ ਅਤੇ ਬਰਨਾਲਾ ਜਰਨਲਿਸਟ ਐਸੋਸੀਏਸ਼ਨ ਦੇ ਸ੍ਰਪਰਸਤ ਰਹਿ ਚੁੱਕੇ ਹਨ। ਚਲੰਤ ਮਾਮਲਿਆਂ ਤੇ ਬੇਬਾਕ ਆਪਣੀ ਰਾਇ ਰੱਖਣ ਵਾਲੇ ਸੀਨੀਅਰ ਪੱਤਰਕਾਰ ਸ੍ਰੀ ਮੰਗਤ ਜਿੰਦਲ ਦੇ ਪਿਤਾ ਸ੍ਰੀ ਭੁਪਿੰਦਰ ਜਿੰਦਲ ਦੀ ਉਮਰ ਕਰੀਬ 72 ਸਾਲ ਸੀ। ਪਿਛਲੇ ਕੁਝ ਦਿਨਾਂ ਤੋਂ ਉਹ ਕੋਰੋਨਾ ਦੀ ਚਪੇਟ ਵਿੱਚ ਆ ਗਏ ਸਨ। ਹਾਲੇ 3 ਦਿਨ ਪਹਿਲਾਂ ਹੀ ਉਨ੍ਹਾਂ ਨੂੰ ਮੋਗਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਦਾਖਿਲ ਕਰਵਾਇਆ ਗਿਆ ਸੀ। ਸ੍ਰੀ ਮੰਗਤ ਜਿੰਦਲ ਨੇ ਦੱਸਿਆ ਕਿ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਬਰਨਾਲਾ ਲਿਆਂਦਾ ਗਿਆ ਹੈ। ਕਰੀਬ 10 ਵਜੇ ਸ੍ਰੀ ਰਾਮ ਬਾਗ ਬਰਨਾਲਾ ਵਿਖੇ ਕੋਵਿਡ ਨਿਯਮਾਂ ਮੁਤਾਬਿਕ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਵਰਨਣਯੋਗ ਹੈ ਕਿ ਭੁਪਿੰਦਰ ਜਿੰਦਲ ਖੁਦ ਉੱਘੇ ਵਪਾਰੀ ਆਗੂ ਸਨ ਅਤੇ ਭਾਜਪਾ ਦੇ ਸੀਨੀਅਰ ਆਗੂ ਪ੍ਰੇਮ ਪ੍ਰੀਤਮ ਜਿੰਦਲ ਦੇ ਵੱਡੇ ਭਰਾ ਸਨ। ਪੱਤਰਕਾਰ ਭੁਪਿੰਦਰ ਜਿੰਦਲ ਦੀ ਮੌਤ ਤੇ ਬਰਨਾਲਾ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਬਰਾੜ ਨੇ ਐਸੋਸੀਏਸ਼ਨ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸ੍ਰੀ ਜਿੰਦਲ ਦੀ ਮੌਤ ਨਾਲ ਪੱਤਰਕਾਰਿਤਾ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਹਲਕਾ ਵਿਧਾਇਕ ਮੀਤ ਹੇਅਰ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ, ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਮਹੇਸ਼ ਲੋਟਾ, ਤਰਕਸ਼ੀਲ ਆਗੂ ਅਮਿਤ ਮਿੱਤਰ, ਬਰਨਾਲਾ ਟੂਡੇ ਅਤੇ ਟੂਡੇ ਨਿਊਜ਼ ਦੇ ਮੁੱਖ ਸੰਪਾਦਕ ਹਰਿੰਦਰ ਨਿੱਕਾ, ਗੋਲਡ ਸਟਾਰ ਦੇ ਮਾਲਿਕ ਤੇ ਮੁੱਖ ਸੰਪਾਦਕ ਸ੍ਰੀ ਵਿਨੋਦ ਗਰਗ ਅਤੇ ਹੋਰ ਰਾਜਨੀਤਕ, ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਆਗੂਆਂ ਨੇ ਵੀ ਸ੍ਰੀ ਜਿੰਦਲ ਦੀ ਮੌਤ ਤੇ ਦੁੱਖ ਪ੍ਰਗਟ ਕੀਤਾ ਹੈ।