ਜ਼ਿਲਾ ਵਾਸੀਆਂ ਨੂੰ ਕਰੋਨਾ ਤੋਂ ਬਚਾਅ ਲਈ ਇਹਤਿਆਤਾਂ ਦੀ ਪਾਲਣਾ ਦਾ ਸੱਦਾ
ਪਰਦੀਪ ਕਸਬਾ , ਬਰਨਾਲਾ, 17 ਮਈ 2021
ਪੰਜਾਬ ਸਰਕਾਰ, ਗ੍ਰਹਿ ਮਾਮਲੇ ਤੇ ਨਿਆਂ ਵਿਭਾਗ (ਗ੍ਰਹਿ-2 ਸ਼ਾਖਾ) ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਤਹਿਤ ਜ਼ਿਲਾ ਮੈਜਿਸਟ੍ਰੇਟ ਬਰਨਾਲਾ ਦੇ ਹੁਕਮ ਨੰਬਰ: 233/ਐਮ.ਏ ਮਿਤੀ 07-05-2021, ਹੁਕਮ ਨੰ: 241/ਐਮ.ਏ. ਮਿਤੀ 11/05/2021 ਤੇ ਹੁਕਮ ਨੰ: 243/ਐਮ.ਏ. ਮਿਤੀ 12/05/2021 ਦੀ ਲਗਾਤਾਰਤਾ ਵਿੱਚ ਹੁਕਮ ਜਾਰੀ ਕੀਤੇ ਗਏ ਹਨ। ਜ਼ਿਲਾ ਮੈਜਿਸਟ੍ਰੇਟ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਜਾਰੀ ਇਹ ਹੁਕਮ 31 ਮਈ ਤੱਕ ਲਾਗੂ ਰਹਿਣਗੇ।
ਇਨਾਂ ਹੁਕਮਾਂ ਤਹਿਤ ਮਿਤੀ 7 ਮਈ ਦੇ ਹੁਕਮਾਂ ਦੀ ਲਗਾਤਾਰਤਾ ਵਿਚ ਉਸੇ ਤਰਾਂ ਗਰੁੱਪ ਏ ਦੀਆਂ ਦੁਕਾਨਾਂ ਸੋਮਵਾਰ ਅਤੇ ਸ਼ੁੱਕਰਵਾਰ ਅਤੇ ਮਹੀਨੇ ਦੀ 1 ਤਰੀਕ ਤੋਂ 15 ਤੱਕ ਜੋ ਬੁੱਧਵਾਰ ਪੈਂਦਾ ਹੈ, ਉਸ ਦਿਨ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤੱਕ ਖੁੱਲਣਗੀਆਂ। ਗਰੁੱਪ ਬੀ ਦੀਆਂ ਦੁਕਾਨਾਂ ਮੰਗਲਵਾਰ ਅਤੇ ਵੀਰਵਾਰ ਅਤੇ ਮਹੀਨੇ ਦੀ 16 ਤੋਂ 31 ਤਰੀਕ ਤੱਕ ਜੋ ਬੁੱਧਵਾਰ ਪੈਂਦਾ ਹੈ, ਉਸ ਦਿਨ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤੱਕ ਖੁੱਲਣਗੀਆਂ। ਗਰੁੱਪ ਸੀ ਦੀਆਂ ਦੁਕਾਨਾਂ ਜਿਵੇਂ ਕਰਿਆਨਾ/ਸਰਕਾਰੀ ਡੀਪੂ, ਈ-ਕਾਮਰਸ/ਕੋਰੀਅਰ, ਮਠਿਆਈ ਦੀਆਂ ਦੁਕਾਨਾਂ (ਕੇਵਲ ਹੋਮ ਡਲਿਵਰੀ ਲਈ) ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 07 ਤੋਂ ਦੁਪਹਿਰ 03 ਵਜੇ ਤੱਕ ਖੁੱਲਣਗੀਆਂ।
ਗਰੁੱਪ ਸੀ ਦੀਆਂ ਰਿਟੇਲ ਅਤੇ ਹੋਲਸੇਲ ਸ਼ਰਾਬ ਦੇ ਠੇਕੇ (ਬਿਨਾਂ ਅਹਾਤਿਆਂ ਦੇ ਖੁੱਲਣ ਦੀ ਆਗਿਆ), ਫਾਸਟ ਫੂਡ ਦੀਆਂ ਦੁਕਾਨਾਂ/ਫਾਸਟ ਫੂਡ ਰੇਹੜੀਆਂ (ਕੇਵਲ ਹੋਮ ਡਲਿਵਰੀ ਲਈ) ਸੋਮਵਾਰ ਤੋਂ ਸ਼ੁੱਕਰਵਾਰ 07 ਤੋਂ ਸ਼ਾਮ 05 ਵਜੇ ਤੱਕ ਖੁੱਲਣਗੀਆਂ।
ਗਰੁੱਪ ਡੀ ਅਧੀਨ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ, ਡਿਸਪੈਂਸਰੀਆਂ, ਕੈਮਿਸਟ ਦੁਕਾਨਾਂ, ਸਕੈਨ ਸੈਂਟਰ, ਮੈਡੀਕਲ ਉਪਕਰਣਾਂ ਦੀਆਂ ਦੁਕਾਨਾਂ, ਲੈਬੋਰੇਟਰੀ, ਕਲੀਨਿਕ, ਨਰਸਿੰਗ ਹੋਮ, ਐਂਬੂਲੈਂਸ ਆਦਿ 24 ਘੰਟੇ ਸੇਵਾਵਾਂ ਦੇ ਸਕਣਗੀਆਂ। ਪੈਟਰੋਲ ਪੰਪ, ਸੀ.ਐਨ.ਜੀ. ਪੰਪ ਅਤੇ ਪੰਪਾਂ ਨਾਲ ਲੱਗਦੀਆਂ ਪੈਂਚਰਾਂ ਦੀਆਂ ਦੁਕਾਨਾਂ ਵੀ ਸੋਮਵਾਰ ਤੋਂ ਐਤਵਾਰ 24 ਘੰਟੇ ਖੁੱਲਣ ਦੀ ਆਗਿਆ ਹੋਵੇਗੀ।
ਇਸ ਤੋਂ ਇਲਾਵਾ ਡੇਅਰੀ (ਬਰੈਡ, ਦੁੱਧ ਅਤੇ ਅੰਡੇ), ਡੇਅਰੀ ਉਤਪਾਦ ਜਿਵੇਂ ਦਹੀਂ, ਪਨੀਰ, ਮੱਖਣ ਆਦਿ, ਦੋਧੀਆਂ ਨੂੰ ਦੁੱਧ ਦੀ ਢੋਆ-ਢੋਆਈ, ਦੁੱਧ ਦੀਆਂ ਡੇਅਰੀਆਂ, ਫਲ ਅਤੇ ਸਬਜ਼ੀਆਂ ਦੀਆਂ ਦੁਕਾਨਾਂ ਅਤੇ ਰੇਹੜੀਆਂ, ਮੀਟ, ਮੱਛੀ ਅਤੇ ਪੋਲਟਰੀ ਉਤਪਾਦ ਦੀਆਂ ਦੁਕਾਨਾਂ, ਐਲ.ਪੀ.ਜੀ. ਗੈਸ ਸਿਲੰਡਰਾਂ ਦੀਆਂ ਏਜੰਸੀਆਂ ਸੋਮਵਾਰ ਤੋਂ ਐਤਵਾਰ ਸਵੇਰੇ 7 ਤੋਂ ਸ਼ਾਮ 05 ਵਜੇ ਤੱਕ ਖੁੱਲਣ ਦੀ ਆਗਿਆ ਹੋਵੇਗੀ।
ਰੈਸਟੋਰੈਂਟ, ਬੇਕਰੀ ਤੇ ਕੰਨਫੈਕਸ਼ਨਰੀ (ਕੇਵਲ ਹੋਮ ਡਲਿਵਰੀ ਲਈ) ਸੋਮਵਾਰ ਤੋਂ ਐਤਵਾਰ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਹੋਮ ਡਿਲਿਵਰੀ ਲਈ ਖੁੱਲਣ ਦੀ ਆਗਿਆ ਹੋਵੇਗੀ।
ਹੁਕਮਾਂ ਅਨੁਸਾਰ ਸਮੂਹ ਦੁਕਾਨਾਂ ਦੇ ਮਾਲਕ ਅਤੇ ਆਮ ਪਬਲਿਕ 6 ਫੁੱਟ ਦੀ ਸਮਾਜਿਕ ਦੂਰੀ ਨੂੰ ਬਣਾਈ ਰੱਖਣਾ, ਬਾਜ਼ਾਰਾਂ ਅਤੇ ਪਬਲਿਕ ਟਰਾਂਸਪੋਰਟ ਵਿੱਚ ਭੀੜ ਨੂੰ ਸੀਮਿਤ ਰੱਖਣਾ, ਮਾਸਕ ਪਹਿਨਣਾ, ਵਾਰ-ਵਾਰ ਹੱਥ ਧੋਣਾ ਤੇ ਜਨਤਕ ਥਾਵਾਂ ’ਤੇ ਥੁੱਕਣ ਦੀ ਮਨਾਹੀ ਆਦਿ ਸਬੰਧੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਵੇ।
ਹਰ ਰੋਜ਼ ਸ਼ਾਮ 06 ਵਜੇ ਤੋਂ ਸਵੇਰੇ 05 ਵਜੇ ਤੱਕ ਕਰਫਿਊ ਲਾਗੂ ਰਹੇਗਾ ਅਤੇ ਹਰ ਸ਼ੁੱਕਰਵਾਰ ਸ਼ਾਮ 06 ਵਜੇ ਤੋਂ ਸੋਮਵਾਰ ਸਵੇਰੇ 05 ਵਜੇ ਤੱਕ ਹਫਤਾਵਰੀ ਕਰਫਿਊ ਲਾਗੂ ਹੋਵੇਗਾ।
ਜ਼ਿਲਾ ਮੈਜਿਸਟ੍ਰੇਟ ਨੇ ਕਿਹਾ ਕਿ ਹਦਾਇਤਾਂ ਦੀ ਉਲੰਘਣਾ ਦੀ ਸੂਰਤ ਵਿੱਚ ਆਈਪੀਸੀ ਦੀ ਧਾਰਾ 188 ਅਤੇ 2005 ਦੀ ਧਾਰਾ 51-60 ਅਧੀਨ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Advertisement