ਸਾਂਝਾ ਕਿਸਾਨ ਮੋਰਚਾ: ਕਿਸਾਨਾਂ ਦੀ ਏਕਤਾ ਤੇ ਸੂਝ ਨੇ ਸਰਕਾਰ ਦੇ ਸਾਰੇ ਅੰਦਾਜੇ ਪੁੱਠੇ ਪਾਏ: ਕਿਸਾਨ ਆਗੂ
ਪਰਦੀਪ ਕਸਬਾ , ਬਰਨਾਲਾ: 16 ਮਈ, 2021
ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਬਰਨਾਲਾ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 228ਵੇਂ ਦਿਨ ਵੀ ਪੂਰੇ ਉਤਸ਼ਾਹ ਤੇ ਜੋਸ਼ ਨਾਲ ਜਾਰੀ ਰਿਹਾ। ਅੱਜ ਧਰਨੇ ਵਿੱਚ ਦਿੱਲੀ ਧਰਨਿਆਂ ਦੇ ਛੇ ਮਹੀਨੇ ਪੂਰੇ ਹੋਣ ‘ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਮਈ ਨੂੰ ਦੇਸ਼ ਭਰ ਵਿੱਚ ਕਾਲਾ ਦਿਵਸ ਮਨਾਉਣ ਦੇ ਸੱਦੇ ਬਾਰੇ ਚਰਚਾ ਹੋਈ। ਆਗੂਆਂ ਨੇ ਇਸ ਸਬੰਧੀ ਤਿਆਰੀਆਂ ਵਿੱਢਣ ਦੀ ਲੋੜ੍ਹ ‘ਤੇ ਜ਼ੋਰ ਦਿੱਤਾ। ਮੋਰਚੇ ਦੇ ਪਹਿਲਾਂ ਵਾਲੇ ਸੱਦਿਆਂ ਦੀ ਤਰ੍ਹਾਂ ਇਸ ਸੱਦੇ ਨੂੰ ਵੀ ਭਰਪੂਰ ਹੁੰਗਾਰਾ ਮਿਲੇਗਾ।
ਪੰਜਾਬ ਦੇ ਮਸ਼ਹੂਰ ਇਨਕਲਾਬੀ ਕਵੀ ਮਹਿੰਦਰ ਸਾਥੀ, ਜਿਸ ਦਾ ਗੀਤ ‘ਮਿਸ਼ਾਲਾਂ ਬਾਲ ਕੇ ਰੱਖਣਾ, ਜਦੋਂ ਤੱਕ ਰਾਤ ਬਾਕੀ ਹੈ, ਦਹਾਕਿਆਂ ਤੋਂ ਪੰਜਾਬ ਦੀ ਫਿਜਾ ਵਿੱਚ ਜੋਸ਼ ਭਰਦਾ ਰਿਹਾ ਹੈ’ ਸਾਨੂੰ ਸਦੀਵੀ ਵਿਛੋੜਾ ਦੇ ਗਏ । ਨਰੈਣ ਦੱਤ, ਚਰਨਜੀਤ ਕੌਰ, ਅਮਰਜੀਤ ਕੌਰ ਤੇ ਨਰਿੰਦਰਪਾਲ ਸਿੰਗਲਾ ਨੇ ਉਨ੍ਹਾਂ ਦਾ ਇਹ ਸਦੀਵੀ ਗੀਤ ਕੋਰਸ ਵਿੱਚ ਗਾ ਕੇ ਸਾਥੀ ਨੂੰ ਭਾਵਭਿੰਨੀ ਸ਼ਰਧਾਂਜਲੀ ਦਿੰਦੇ ਹੋਏ ਮਾਹੌਲ ਨੂੰ ਬਹੁਤ ਭਾਵੁਕ ਬਣਾ ਦਿੱਤਾ। ਸਾਥੀ ਅਸੀਂ ਅਹਿਦ ਕਰਦੇ ਹਾਂ ਕਿ ਰਾਤ ਦੇ ਬਾਕੀ ਰਹਿਣ ਤੱਕ ਅਸੀਂ ਜਰੂਰ ਮਿਸਾਲਾਂ ਬਾਲ ਕੇ ਰੱਖਾਂਗੇ।
ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਨਰੈਣ ਦੱਤ, ਗੁਰਨਾਮ ਸਿੰਘ ਠੀਕਰੀਵਾਲਾ, ਮਨਜੀਤ ਰਾਜ, ਬਾਬੂ ਸਿੰਘ ਖੁੱਡੀ ਕਲਾਂ,ਸਰਪੰਚ ਗੁਰਚਰਨ ਸਿੰਘ ਸੁਰਜੀਤਪੁਰਾ, ਗੁਰਮੇਲ ਸ਼ਰਮਾ,ਚਰਨਜੀਤ ਕੌਰ, ਪਰਮਜੀਤ ਕੌਰ ਠੀਕਰੀਵਾਲਾ, ਅਮਰਜੀਤ ਕੌਰ ਤੇ ਬਲਜੀਤ ਸਿੰਘ ਚੌਹਾਨਕੇ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੇ ਤਜਰਬੇ ਤੇ ਸੂਝਬੂਝ ਅਤੇ ਕਿਸਾਨਾਂ ਦੇ ਏਕੇ ਤੇ ਸਿਰੜ ਨੇ ਸਰਕਾਰ ਦੀਆਂ ਸਾਰੀਆਂ ਗਿਣਤੀਆਂ ਮਿਣਤੀਆਂ ਪੁੱਠੀਆਂ ਪਾ ਦਿੱਤੀਆਂ ਹਨ। ਕਿਸਾਨ ਅੰਦੋਲਨ ਦੇ ਸ਼ੁਰੂ ਹੋਣ ਸਮੇਂ ਸਰਕਾਰ ਦਾ ਅੰਦਾਜ਼ਾ ਸੀ ਕਿ ਇੰਨੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਦਾ ਸੰਯੁਕਤ ਮੋਰਚਾ ਬਹੁਤੀ ਦੇਰ ਤੱਕ ਇਕੱਠਾ ਨਹੀਂ ਰਹਿ ਸਕੇਗਾ। ਇਹ ਜਥੇਬੰਦੀਆਂ ਥੋੜੇ ਦਿਨਾਂ ਵਿੱਚ ਆਪਸ ਵਿੱਚ ਲੜ੍ਹ ਝਗੜ ਪੈਣਗੀਆਂ ਅਤੇ ਸੰਯੁਕਤ ਮੋਰਚਾ ਖਿੰਡ-ਪੁੰਡ ਜਾਵੇਗਾ। ਕਿਸਾਨ ਅੱਵਲ ਤਾਂ ਦਿੱਲੀ ਤੱਕ ਪਹੁੰਚ ਹੀ ਨਹੀਂ ਸਕਣਗੇ; ਉਨ੍ਹਾਂ ਨੂੰ ਹਰਿਆਣਾ ‘ਚ ਰਸਤੇ ਵਿੱਚ ਹੀ ਰੋਕ ਲਿਆ ਜਾਵੇਗਾ। ਜੇਕਰ ਥੋੜ੍ਹੀ-ਮੋਟੀ ਗਿਣਤੀ ਵਿੱਚ ਕਿਸਾਨ ਦਿੱਲੀ ਪਹੁੰਚ ਵੀ ਗਏ ਤਾਂ ਉਹ ਬਹੁਤੀ ਦੇਰ ਤੱਕ ਉਥੇ ਟਿਕ ਨਹੀਂ ਸਕਣਗੇ। ਪਰ ਹੁਣ ਜਦੋਂ 26 ਮਈ ਨੂੰ ਸੰਯੁਕਤ ਕਿਸਾਨ ਮੋਰਚਾ ਅੰਦੋਲਨ ਦੇ ਛੇ ਮਹੀਨੇ ਪੂਰੇ ਹੋਣ ‘ਤੇ ਕਾਲਾ ਦਿਵਸ ਮਨਾ ਰਿਹਾ ਹੈ ਤਾਂ ਸਰਕਾਰ ਦੇ ਸਾਰੇ ਅੰਦਾਜੇ ਪੁੱਠੇ ਪੈ ਗਈ ਹਨ। ਇਹ ਅੰਦੋਲਨ ਸਰਕਾਰ ਦੀ ਗਲੇ ਦੀ ਹੱਡੀ ਬਣ ਚੁੱਕਿਆ ਹੈ।
ਅੱਜ ਧਰਨੇ ਵਿੱਚ ਭੋਲਾ ਸਿੰਘ ਠੁੱਲੀਵਾਲ, ਪ੍ਰੀਤ ਕੌਰ ਧੂਰੀ ਤੇ ਨਰਿੰਦਰ ਪਾਲ ਸਿੰਗਲਾ ਨੇ ਗੀਤ ਤੇ ਕਵਿਤਾਵਾਂ ਸੁਣਾਈਆਂ।