ਜ਼ਿਲ੍ਹਾ ਸੰਗਰੂਰ ਪ੍ਰਸ਼ਾਸਨ ਕੋਰੋਨਾ ਪੀਡ਼ਤ ਮਰੀਜ਼ਾਂ ਦੀ ਦੇਖਭਾਲ ਪ੍ਰਤੀ ਆਪਣੀ ਸੁਹਿਰਦ ਜ਼ਿੰਮੇਵਾਰੀ ਨਿਭਾਵੇ – ਸਵਰਨਜੀਤ ਸਿੰਘ
ਹਰਪ੍ਰੀਤ ਕੌਰ, ਸੰਗਰੂਰ , 16 ਮਈ 2021
ਇਨਕਲਾਬੀ ਜਮਹੂਰੀ ਮੋਰਚਾ ਪੰਜਾਬ ਨੇ ਸੰਗਰੂਰ ਜਿਲੇ ਵਿੱਚ ਕਰੋਨਾ ਵਾਇਰਸ ਦੇ ਹੋ ਰਹੇ ਪਸਾਰ ਅਤੇ ਮੌਤਾਂ ਲਈ ਜਿਲੇ ਦੇ ਸਿਹਤ ਪ੍ਰਬੰਧ ਉਪਰ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਮੋਰਚ ਦੇ ਸੂਬਾ ਪ੍ਰਧਾਨ ਸਵਰਨਜੀਤ ਸਿੰਘ ਨੇ ਦੱਸਿਆ ਮੋਰਚੇ ਦੀ ਟੀਮ ਵਲੋਂ ਜਾਂਚ ਕਰਨ ਤੇ ਜਿਲ੍ਹੇ ਵਿੱਚ ਕਰੋਨਾ ਦੇ ਸ਼ੱਕੀ ਮਰੀਜ਼ਾਂ ਦੇ ਟੈਸਟ ਕਰਨ ਅਤੇ ਇਲਾਜ ਕਰਨ ਵਿੱਚ ਗੰਭੀਰ ਊਣਤਾਈਆਂ ਵੇਖਣ ਨੂੰ ਮਿਲੀਆਂ ਹਨ। ਮਰੀਜ਼ਾਂ ਦੇ ਸੈੰਪਲ ਲੈਣ ਲਈ ਤਜਰਬੇਕਾਰ ਸਪੈਸ਼ਲਿਸਟਾਂ ਅਤੇ ਸਟਾਫ ਨੂੰ ਤਾਇਨਾਤ ਕਰਨ ਦੀ ਥਾਂ ਗੈਰ ਸਿਖਿਅਤ ਸਟਾਫ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ। ਜਿਸ ਕਾਰਨ ਬਹੁਤ ਸਾਰੇ ਪੌਜਿਟਿਵ ਕੇਸਾਂ ਦਾ ਨਤੀਜਾ ਨੈਗੇਟਿਵ ਆ ਰਿਹਾ ਹੈ।
ਇਸ ਤੋਂ ਇਲਾਵਾ ਪੌਜਿਟਿਵ ਮਰੀਜ਼ਾਂ ਨੂੰ ਘਰਾਂ ਵਿੱਚ ਰੱਖਣ ਸਮੇਂ ਮਰੀਜ਼ਾਂ ਨੂੰ ਵੱਖਰੇ ਰਹਿਣ ਅਤੇ ਬੁਖਾਰ ਆਕਸੀਜਨ ਨੂੰ ਚੈੱਕ ਕਰਨ ਸੰਬੰਧੀ ਸਿਹਤ ਸਿੱਖਿਆ ਦੇਣ, ਉਨ੍ਹਾਂ ਤੋਂ ਰੋਜਾਨਾ ਇਸ ਸੰਬੰਧੀ ਜਾਣਕਾਰੀ ਹਾਸਲ ਕਰਨ ਦੀ ਵਿਵਸਥਾ ਵਿੱਚ ਬਹੁਤ ਜਿਆਦਾ ਘਾਟਾਂ ਵੇਖਣ ਨੂੰ ਮਿਲੀਆਂ ਹਨ। ਆਗੂ ਨੇ ਦੱਸਿਆ ਕਿ ਮਿਤੀ 19 ਅਪ੍ਰੈਲ ਤੋਂ ਬੁਖਾਰ ਨਾਲ ਪੀੜਤ ਹੋਣ ਕਾਰਨ ਜਦੋਂ ਉਹ ਸਿਵਲ ਹਸਪਤਾਲ ਵਿਚ ਟੈਸਟ ਕਰਵਾਉਣ ਲਈ ਗਿਆ ਤਾਂ ਉਨ੍ਹਾਂ ਨੂੰ ਬੁਖਾਰ ਦੀ ਹਾਲਤ ਵਿਚ ਤਕਰੀਬਨ ਅੱਧਾ ਘੰਟਾ ਧੁੱਪ ਵਿਚ ਖੜ੍ਹਾ ਰਹਿਣਾ ਪਿਆ ਕਿਉਂਕਿ ਉੱਥੇ ਛਾਂ ਜਾਂ ਬੈਠਣ ਦਾ ਕੋਈ ਪ੍ਰਬੰਧ ਨਹੀਂ ਸੀ। ਜਦੋਂ ਕਿ ਉਸ ਤੋਂ ਅੱਗੇ ਵਿਦੇਸ਼ ਜਾਣ ਵਾਲੇ ਤੰਦਰੁਸਤ ਲੋਕ ਟੈਸਟ ਕਰਵਾਉਣ ਲਈ ਖੜ੍ਹੇ ਸਨ। ਪਰ ਤੰਦਰੁਸਤ ਅਤੇ ਮਰੀਜ਼ਾਂ ਦੇ ਵੱਖਰੇ ਟੈਸਟ ਕਰਨ ਦੀ ਕੋਈ ਵਿਵਸਥਾ ਨਹੀਂ ਸੀ।
ਉਹਨਾਂ ਕਿਹਾ ਕਿ ਉਥੇ ਈ. ਐਨ. ਟੀ. ਸਪੈਸ਼ਲਿਸਟ ਡਾਕਟਰ ਮੌਜੂਦ ਹੋਣ ਦੇ ਬਾਵਜੂਦ ਉਨ੍ਹਾਂ ਦਾ ਟੈਸਟ ਇਕ ਹੋਰ ਸਟਾਫ ਵਲੋਂ ਕੀਤਾ ਗਿਆ। ਉਹਨਾਂ ਕਿਹਾ ਕਿ ਕਿ ਮੋਬਾਈਲ ਨੰਬਰ ਰਜਿਸਟਰ ਵਿਚ ਠੀਕ ਲਿਖਾਉਣ ਦੇ ਬਾਵਜੂਦ ਉਨ੍ਹਾਂ ਦਾ ਨੰਬਰ ਗਲਤ ਲਿਖ ਕੇ ਭੇਜ ਦਿੱਤਾ ਗਿਆ ਜਿਸ ਕਾਰਨ ਰਿਪੋਰਟ ਪਤਾ ਕਰਨ ਵਿਚ ਵੀ ਕਾਫੀ ਤਰੱਦਦ ਕਰਨਾ ਪਿਆ। ਰਿਪੋਰਟ ਨੈਗੇਟਿਵ ਆਉਣ ਦੇ ਬਾਵਜੂਦ ਕਾਫੀ ਜਿਆਦਾ ਤੇਜ ਬੁਖਾਰ ਦੇ ਚਲਦਿਆਂ ਉਨ੍ਹਾਂ ਨੂੰ ਲੁਧਿਆਣਾ ਵਿਖੇ ਇਲਾਜ ਲਈ ਹਸਪਤਾਲ ਵਿਚ ਦਾਖਲ ਹੋਣਾ ਪਿਆ ਜਿਥੇ ਉਨ੍ਹਾਂ ਦੀ ਰੈਪਿਡ ਐਂਟੀਜਨ ਰਿਪੋਰਟ ਪੌਜਿਟਿਵ ਆਈ। ਉਹਨਾਂ ਕਿਹਾ ਕਿ ਰਿਪੋਰਟ ਦੇ ਪੌਜਿਟਿਵ ਆਉਣ ਦੇ ਬਾਵਜੂਦ ਵੀ ਜਿਲੇ ਦੇ ਕਿਸੇ ਵੀ ਸਿਹਤ ਸਟਾਫ ਜਾਂਂ ਹੋਰ ਅਧਿਕਾਰੀ ਵਲੋਂ ਉਨ੍ਹਾਂ ਜਾਂ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਫੋਨ ਤੱਕ ਨਹੀਂ ਕੀਤਾ ਗਿਆ।
ਇਸੇ ਤਰ੍ਹਾਂ ਰਿਪੋਰਟ ਪੌਜਿਟਿਵ ਆਉਣ ਉਪਰੰਤ ਘਰ ਵਿਚ ਏਕਾਂਤਵਾਸ ਵਿਚ ਬਿਮਾਰ ਡੈਮੋਕ੍ਰੇਟਿਕ ਟੀਚਰਜ ਫਰੰਟ ਸੰਗਰੂਰ ਦੇ ਆਗੂ ਦਾਤਾ ਸਿੰਘ ਵਲੋਂ ਆਪਣੀ ਗੰਭੀਰ ਹਾਲਤ ਦੀ ਸੂਚਨਾ ਦੇਣ ਦੇ ਬਾਵਜੂਦ ਉਸ ਨੂੰ ਯੋਗ ਥਾਂ ਉਪਰ ਦਾਖਲ ਕਰਵਾਉਣ ਵਿਚ ਕੋਈ ਸਹਾਇਤਾ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਕਿ ਸੰਗਰੂਰ ਦੇ ਲੈਵਲ 2 ਫੈਸਿਲਟੀ ਵਿਚ ਦਾਖਲ ਮਰੀਜ਼ਾਂ ਤੋਂ ਪੁਛ ਪੜਤਾਲ ਕਰਨ ਤੇ ਪਤਾ ਲੱਗਾ ਹੈ ਕਿ ਦਾਖਲ ਮਰੀਜ਼ਾਂ ਦੀ ਜਾਂਚ ਕਰਨ ਕੋਈ ਵੀ ਸਪੈਸ਼ਲਿਸਟ ਡਾਕਟਰ ਮਰੀਜ਼ਾਂ ਪਾਸ ਨਹੀਂ ਜਾ ਰਿਹਾ ਨਾ ਹੀ ਕੋਈ ਹੋਰ ਡਾਕਟਰ ਸਵੇਰੇ ਸ਼ਾਮ ਮਰੀਜ਼ਾਂ ਨੂੰ ਦੇਖਦਾ ਹੈ। ਸਿਰਫ਼ ਗੰਭੀਰ ਹਾਲਤ ਵਿਚ ਹੀ ਕਦੇ ਕਦਾਈਂ ਕੋਈ ਡਾਕਟਰ ਮਰੀਜ਼ਾਂ ਪਾਸ ਜਾਂਦਾ ਹੈ।ਕਰੋਨਾ ਦੇ ਨਾਲ ਨਾਲ ਮਰੀਜਾਂ ਨੂੰ ਪਹਿਲਾਂ ਤੋਂ ਮੌਜੂਦ ਬਿਮਾਰੀਆਂ ਦੇ ਇਲਾਜ ਕਰਨ ਲਈ ਉਨ੍ਹਾਂ ਤੋਂ ਜਾਣਕਾਰੀ ਹਾਸਲ ਕਰਨ ਦੀ ਕੋਈ ਵਿਵਸਥਾ ਨਹੀਂ ਹੈ। ਜਿਸ ਕਾਰਨ ਲੈਵਲ 2 ਫੈਸਿਲਟੀ ਨਰਸਿੰਗ ਸਟਾਫ ਦਰਜਾ ਚਾਰ ਮੁਲਾਜ਼ਮਾਂ ਅਤੇ ਵਲੰਟੀਅਰਾਂ ਦੇ ਸਹਾਰੇ ਚੱਲ ਰਹੀ ਹੈ।
ਉਹਨਾਂ ਕਿਹਾ ਕਿ ਇਸ ਦੀ ਪੁਸ਼ਟੀ ਇਥੇ ਲੱਗੇ ਸੀ ਸੀ ਟੀ ਵੀ ਦੇ ਰਿਕਾਰਡ ਤੋ ਕੀਤੀ ਜਾ ਸਕਦੀ ਹੈ। ਉਹਨਾਂ ਦੋਸ਼ ਲਗਾਇਆ ਕਿ ਅਜਿਹੇ ਪ੍ਰਬੰਧ ਕਾਰਨ ਹੀ ਕਰੋਨਾ ਮਰੀਜ਼ਾਂ ਦੀ ਗਿਣਤੀ ਅਤੇ ਮੌਤਾਂ ਵਿਚ ਵਾਧਾ ਹੋ ਰਿਹਾ ਹੈ। ਉਹਨਾਂ ਮੰਗ ਕੀਤੀ ਕਿ ਟੈਸਟ ਕਰਨ ਲਈ ਸਪੈਸ਼ਲਿਸਟ ਡਾਕਟਰ ਅਤੇ ਟਰੇਂਡ ਸਟਾਫ ਦੀ ਤਾਇਨਾਤੀ ਕੀਤੀ ਜਾਵੇ। ਘਰਾਂ ਵਿਚ ਏਕਾਂਤਵਾਸ ਮਰੀਜ਼ਾਂ ਦੀ ਸਵੇਰ ਸ਼ਾਮ ਮੋਨੀਟਰਿੰਗ ਲਈ ਸਿਖਲਾਈ ਪ੍ਰਾਪਤ ਸਟਾਫ ਨੂੰ ਤਾਇਨਾਤ ਕੀਤਾ ਜਾਵੇ ਅਤੇ ਕੋਵਿਡ 2 ਫੈਸਿਲਟੀ ਵਿਚ ਸਪੈਸ਼ਲਿਸਟ ਡਾਕਟਰਾਂ ਦਾ ਜਾਣਾ ਯਕੀਨੀ ਬਣਾਇਆ ਜਾਵੇ ਅਤੇ ਹਰ 10 ਮਰੀਜ਼ਾਂ ਪਿਛੇ ਇਕ ਟਰੇਂਡ ਨਰਸਿੰਗ ਅਤੇ ਪੈਰਾ ਮੈਡੀਕਲ ਸਟਾਫ ਦੀ ਤਾਇਨਾਤੀ ਕੀਤੀ ਜਾਵੇ।