ਸਾਂਝਾ ਕਿਸਾਨ ਮੋਰਚਾ: 26 ਮਈ ਨੂੰ ਪਿੰਡਾਂ ‘ਚ ਸਰਕਾਰ ਤੇ ਖੇਤੀ ਕਾਨੂੰਨਾਂ ਦੇ ਪੁਤਲੇ ਫੂਕੇ ਜਾਣਗੇ।
ਘਰਾਂ ‘ਤੇ ਕਾਲੇ ਝੰਡੇ ਲਾਏ ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ।
ਰਘਬੀਰ ਹੈਪੀ , ਬਰਨਾਲਾ:15 ਮਈ, 2021
ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ‘ਚ ਰੇਲਵੇ ਸਟੇਸ਼ਨ ਪਾਰਕਿੰਗ ਬਰਨਾਲਾ ਵਿਖੇ ਲੱਗੇ ਪੱਕੇ-ਧਰਨੇ ਦੇ 227ਵੇਂ ਦਿਨ ਅੱਜ ਸ਼ਹੀਦ ਭਗਤ ਸਿੰਘ ਦੇ ਸਾਥੀ ਸ਼ਹੀਦ ਸੁਖਦੇਵ ਨੂੰ ਉਸ ਦੇ ਜਨਮ ਦਿਹਾੜੇ ਮੌਕੇ, ਕਿਸਾਨ-ਆਗੂ ਮਹਿੰਦਰ ਟਿਕੈਤ ਨੂੰ ਉਸ ਦੀ 10ਵੀਂ ਬਰਸੀ ਮੌਕੇ ਅਤੇ ਕੱਲ੍ਹ ਅਕਾਲ ਚਲਾਣਾ ਕਰ ਗਏ ਅਭੈ ਸਿੰਘ ਸੰਧੂ (ਭਤੀਜਾ ਸ਼ਹੀਦ ਭਗਤ ਸਿੰਘ) ਦੇ ਵਿਛੋੜੇ ‘ਤੇ ਉਨ੍ਹਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜ਼ਲੀਆਂ ਭੇਂਟ ਕੀਤੀਆਂ ਗਈਆਂ। ਸ਼ਹੀਦ ਸੁਖਦੇਵ ਨੂੰ ਭਗਤ ਸਿੰਘ ਤੇ ਰਾਜਗੁਰੂ ਨੇ ਨਾਲ ਹੀ 23 ਮਾਰਚ 1931 ਨੂੰ ਫਾਸ਼ੀ ਦੇ ਕੇ ਸ਼ਹੀਦ ਕੀਤਾ ਗਿਆ ਸੀ। ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਪਿਤਾ ਮਹਿੰਦਰ ਟਿਕੈਤ ਨੇ ਸਾਰੀ ਉਮਰ ਕਿਸਾਨਾਂ ਲਈ ਘੋਲ ਕੀਤਾ। ਅਭੈ ਸਿੰਘ ਸੰਧੂ ਸ਼ਹੀਦ ਭਗਤ ਸਿੰਘ ਦੇ ਭਰਾ ਕੁਲਬੀਰ ਸਿੰਘ ਦੇ ਸਪੁੱਤਰ ਹਨ ਜੋ ਕੱਲ੍ਹ ਅਕਾਲ ਚਲਾਣਾ ਕਰ ਗਏ। ਇਹ ਮਹਾਨ ਸ਼ਖਸ਼ੀਅਤਾਂ ਸਾਡੀ ਸ਼ਰਧਾਂਜਲੀ ਦੀਆਂ ਹੱਕਦਾਰ ਹਨ।
ਸੰਯੁਕਤ ਕਿਸਾਨ ਮੋਰਚਾ ਵੱਲੋਂ ਕੀਤੇ ਗਏ ਫ਼ੈਸਲੇ ਦੀ ਕੜੀ ਵਜੋਂ 26 ਮਈ ਨੂੰ ਪਿੰਡ ਪੱਧਰ ’ਤੇ ਮੋਦੀ ਸਰਕਾਰ ਤੇ ਖੇਤੀ ਕਾਨੂੰਨਾਂ ਦੇ ਪੁਤਲੇ ਫੂਕ ਕੇ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਘਰਾਂ ਉਪਰ ਕਾਲੇ ਝੰਡੇ ਲਾ ਕੇ ਜੋਰ ਨਾਲ ਤਿੰਨਾਂ ਖੇਤੀ ਕਾਨੂੰਨਾਂ ਦੀ ਖ਼ਿਲਾਫ਼ਤ ਕੀਤੀ ਜਾਵੇਗੀ। ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ,ਕਰਨੈਲ ਸਿੰਘ ਗਾਂਧੀ, ਨਰੈਣ ਦੱਤ, ਮਨਜੀਤ ਰਾਜ,ਗੁਰਮੇਲ ਸ਼ਰਮਾ,ਪਵਿੱਤਰ ਸਿੰਘ ਲਾਲੀ, ਬਾਬੂ ਸਿੰਘ ਖੁੱਡੀ ਕਲਾਂ,ਚਰਨਜੀਤ ਕੌਰ,ਲਾਲ ਸਿੰਘ ਧਨੌਲਾ, ਹਰਚਰਨ ਸਿੰਘ ਚੰਨਾ,ਬਲਜੀਤ ਸਿੰਘ ਚੌਹਾਨਕੇ ਤੇ ਪੰਜਾਬ ਸਿੰਘ ਠੀਕਰੀਵਾਲਾ ਨੇ ਸੰਬੋਧਨ ਕੀਤਾ।ਬੁਲਾਰੇ ਕਿਸਾਨ-ਆਗੂਆਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਲੰਬੇ ਸਮੇਂ ਤੋਂ ਕੀਤੀ ਤਿਆਰੀ ਕਾਰਨ ਹਰ ਕਦਮ ਨਾਲ ਅੰਦੋਲਨ ਹੇਠਲੀ ਪੱਧਰ ’ਤੇ ਮਜ਼ਬੂਤ ਹੁੰਦਾ ਜਾ ਰਿਹਾ ਹੈ। ਕਿਸਾਨ ਸਮਝ ਚੁੱਕੇ ਹਨ ਕਿ ਜਿਵੇਂ ਕਰੋਨਾ ਦੇ ਟੀਕੇ ਨੂੰ ਲੈ ਕੇ ਦੋ ਕੰਪਨੀਆਂ ਦੀ ਅਜਾਰੇਦਾਰੀ ਕੇਂਦਰ ਸਰਕਾਰ ਦੀ ਸ਼ਹਿ ’ਤੇ ਸਪਸ਼ਟ ਦਿਖਾਈ ਦੇ ਰਹੀ ਹੈ ਉਸੇ ਤਰ੍ਹਾਂ ਤਿੰਨੋਂ ਖੇਤੀ ਕਾਨੂੰਨ ਲਾਗੂ ਹੋਣ ਮਗਰੋਂ ਵੱਡੇ ਸਨਅਤਕਾਰ ਖੇਤੀ ਜਿਣਸਾਂ ਦੀ ਜ਼ਖੀਰੇਬਾਜ਼ੀ ਕਰਕੇ ਦੇਸ਼ ਦੇ ਅੰਨ ਭੰਡਾਰ ਉਪਰ ਕਬਜ਼ਾ ਕਰ ਲੈਣਗੇ। ਸਾਡੀ ਏਕਤਾ ਤੇ ਵਿਸ਼ਾਲ ਲਾਮਬੰਦੀ ਹੀ ਇਨ੍ਹਾਂ ਲੋਕ ਵਿਰੋਧੀ ਨੀਤੀਆਂ ਨੂੰ ਪਿਛਲ-ਮੋੜਾ ਦੇ ਸਕਦੀ ਹੈ। ਅਸੀਂ ਆਪਣੇ ਟੀਚੇ ਦੀ ਪ੍ਰਾਪਤੀ ਤੱਕ ਇਹ ਅੰਦੋਲਨ ਜਾਰੀ ਰੱਖਾਂਗੇ ਕਿਉਂ ਕਿ ਇਹ ਅੰਦੋਲਨ ਸਾਡੀ ਹੋਂਦ ਦੇ ਸਵਾਲ ਨਾਲ ਜੁੜਿਆ ਹੋਇਆ ਅੰਦੋਲਨ ਹੈ।
ਅੱਜ ਰਾਜਵਿੰਦਰ ਸਿੰਘ ਮੱਲੀ ਤੇ ਧਨੌਲੇ ਵਾਲੇ ਪਾਠਕ ਭਰਾਵਾਂ ਦੇ ਕਵੀਸ਼ਰੀ ਜਥਿਆਂ ਨੂੰ ਕਿਸਾਨੀ ਅੰਦੋਲਨ ਨਾਲ ਸਬੰਧਤ ਬੀਰਰਸੀ ਵਾਰਾਂ ਸੁਣਾਈਆਂ।