-ਤਫਤੀਸ਼ ਨੇ ਖੋਲ੍ਹਿਆ ਭੇਦ, 4 ਤੋਂ ਵੱਧ ਕੇ ਦੋਸ਼ੀਆਂ ਦੀ ਗਿਣਤੀ 19 ਤੱਕ ਅੱਪੜੀ
ਟੂਡੇ ਨਿਊਜ਼ ਨੇ ਸਭ ਤੋਂ ਪਹਿਲਾਂ ਖੋਲ੍ਹਿਆ ਸੀ ਬਾਬੇ ਦੀ ਠੱਗੀ ਦਾ ਭੇਦ
ਹਰਿੰਦਰ ਨਿੱਕਾ/ਪ੍ਰਦੀਪ ਕਸਬਾ, ਮਲੇਰਕੋਟਲਾ 15 ਮਈ 2021
ਤਹਿਸੀਲ ਮਲੇਰਕੋਟਲਾ ਦੇ ਪਿੰਡ ਸੰਦੌੜ ਦੇ ਗੁਰੂ ਘਰ ਵਿੱਚ ਬਹਿ ਕੇ ਭੋਲੇ ਭਾਲੇ ਲੋਕਾਂ ਨੂੰ ਇੱਕ ਮਹੀਨੇ ਅੰਦਰ ਹੀ 10 ਗੁਣਾ ਰੁਪੱਈਏ ਦੇਣ ਦਾ ਸਬਜਬਾਗ ਦਿਖਾ ਕੇ ਕਰੋੜਾਂ ਰੁਪਏ ਦੀ ਠੱਗੀ ਕਰਨ ਵਾਲੇ ਬਾਬਾ ਗੁਰਮੇਲ ਸਿੰਘ ਦੇ ਗਿਰੋਹ ਦੀਆਂ ਪਰਤਾਂ ਸੰਦੌੜ ਪੁਲਿਸ ਨੇ ਉਧੇੜਨੀਆਂ ਸ਼ੁਰੂ ਕਰ ਦਿੱਤੀਆਂ ਹਨ। ਪੁਲਿਸ ਨੇ ਹੁਣ ਤੱਕ ਬਾਬੇ ਦੇ ਠੱਗ ਗਿਰੋਹ ਨਾਲ ਜੁੜੇ 19 ਮੈਂਬਰਾਂ ਨੂੰ ਗਿਰਫ਼ਤਾਰ ਕਰਕੇ, ਉਨ੍ਹਾਂ ਦੇ ਕਬਜ਼ੇ ਵਿਚੋਂ 4 ਲੱਖ ਰੁਪਏ ਕੈਸ਼ ਅਤੇ ਕਰੀਬ 60 ਲੱਖ ਰੁਪਏ ਕੀਮਤ ਦੀਆਂ ਲਗਜਰੀ।ਗੱਡੀਆਂ ਵੀ ਬਰਾਮਦ ਕਰ ਲਈਆਂ ਹਨ। ਜਦੋਂ ਕਿ ਪੁਲਿਸ ਗਿਰੋਹ ਨਾਲ ਜੁੜੇ ਹੋਰ ਦੋਸ਼ੀਆਂ ਦੀ ਤਲਾਸ਼ ਵਿੱਚ ਜੁਟੀ ਹੋਈ ਹੈ। ਜਿਕਰਯੋਗ ਹੈ ਕਿ ਠੱਗ ਗਿਰੋਹ ਦੇ ਮੁਖੀ ਬਾਬਾ ਗੁਰਮੇਲ ਸਿੰਘ ਤੇ ਉਸ ਦੇ ਹੋਰ ਕੁੱਝ ਸਾਥੀਆਂ ਨੂੰ ਅਦਾਲਤ ਨੇ 12 ਮਈ 2021 ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਸੀ। ਜਿਨ੍ਹਾਂ ਦੀ ਅਗਲੀ ਪੇਸ਼ੀ 26 ਮਈ ਮੁਕਰਰ ਹੈ।
– ਕੀ ਹੈ ਪੂਰਾ ਮਾਮਲਾ
ਦਵਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਨਿਵਾਸੀ ਕੁਠਾਲਾ ਨੇ ਆਪਣੇ ਬਿਆਨਾਂ ਰਾਹੀਂ ਦੱਸਿਆ ਕਿ ਸਾਡੇ ਪਿੰਡ ਵਿੱਚ ਗੁਰਦੁਆਰਾ ਰਵਿਦਾਸ ਭਗਤ ਬੇਗਮਪੁਰਾ ਵਿਖੇ ਬਾਬਾ ਗੁਰਮੇਲ ਸਿੰਘ ਪੁੱਤਰ ਜੰਗ ਸਿੰਘ ਨਿਵਾਸੀ ਜਲੂਰ ਜੋ ਕਾਫ਼ੀ ਸਮੇਂ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਸੁਧਾ ਸਿੰਘ ਵਿਖੇ ਗ੍ਰੰਥੀ ਵਜੋਂ ਡਿਊਟੀ ਕਰਦਾ ਸੀ ਪ੍ਰੰਤੂ ਹੁਣ ਅਰਸਾ ਕਰੀਬ ਛੇ ਮਹੀਨੇ ਤੋਂ ਗੁਰਮੇਲ ਸਿੰਘ ਨੂੰ ਗੁਰਦੁਆਰਾ ਰਵਿਦਾਸ ਭਗਤ ਬੇਗਮਪੁਰਾ ਦੀ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਵਿੱਚ ਬਤੌਰ ਗ੍ਰੰਥੀ ਰੱਖ ਕੇ ਕਮੇਟੀ ਦੇ ਪ੍ਰਧਾਨ ਨਾਹਰ ਸਿੰਘ ਪੁੱਤਰ ਦਲੀਪ ਸਿੰਘ’, ਮੈਂਬਰ ਆਜ਼ਾਦ ਅਜੈਬ ਸਿੰਘ ਪੁੱਤਰ ਭਾਗ ਸਿੰਘ , ਖਜ਼ਾਨਚੀ ਹਾਕਮ ਸਿੰਘ ਪੁੱਤਰ ਅਮਰੀਕ ਸਿੰਘ ਵੱਲੋਂ ਲੋਕਾਂ ਨਾਲ ਠੱਗੀ ਮਾਰਨ ਦੀ ਮਨਸ਼ਾ ਰੱਖ ਕੇ ਅਖੰਡ ਪਾਠ ਸਾਹਿਬ ਦੀ ਕੋਤਰੀ ਸਮਾਗਮ ਦੀ ਆੜ ਵਿੱਚ ਲੋਕਾਂ ਕੋਲੋ 3 ਹਜਾਰ ਰੁਪਏ ਪ੍ਰਤੀ ਵਿਅਕਤੀ ਹਾਸਲ ਕਰਕੇ 27 ਦਿਨਾਂ ਬਾਦ ਦਿਨਾਂ ਵਿੱਚ ਸਤਾਈ ਹਜ਼ਾਰ ਰੁਪਏ ਵਾਪਸ ਕਰਨ, 30 ਹਜ਼ਾਰ ਰੁਪਏ ਪ੍ਰਤੀ ਵਿਅਕਤੀ ਹਾਸਿਲ ਕਰਕੇ ਸਤਾਈ ਦਿਨਾਂ ਵਿੱਚ 2 ਲੱਖ 70 ਹਜ਼ਾਰ ਰੁਪਏ ਵਾਪਸ ਕਰਨ ਅਤੇ 3 ਲੱਖ ਰੁਪਏ ਪ੍ਰਤੀ ਵਿਅਕਤੀ ਹਾਸਿਲ ਕਰਕੇ ਸਤਾਈ ਦਿਨਾਂ ਵਿੱਚ 27 ਲੱਖ ਰੁਪਏ ਵਾਪਸ ਕਰਨ ਦਾ ਝਾਂਸਾ ਦੇ ਕੇ ਪਿੰਡ ਕੁਠਾਲਾ ਅਤੇ ਹੋਰ ਬਾਹਰ ਦੇ ਲੋਕਾਂ ਕੋਲੋਂ ਪੈਸੇ ਇਕੱਠੇ ਕਰਕੇ ਕੁਝ ਦਿਨਾਂ ਤਕ ਲੋਕਾਂ ਨੂੰ ਪੈਸੇ ਵੱਖ ਵੱਖ ਸਕੀਮਾਂ ਤਹਿਤ ਵਾਪਸ ਕਰਦਾ ਰਿਹਾ ਪਰੰਤੂ ਬਾਅਦ ਵਿਚ ਉਸ ਨੂੰ ਪੈਸੇ ਵਾਪਸ ਕਰਨ ਤੋਂ ਲਾਰਾ ਲੱਪਾ ਲਾਉਣ ਲੱਗ ਪਿਆ ।
ਬਾਬਾ ਗੁਰਮੇਲ ਸਿੰਘ ਵੱਲੋਂ ਪੈਸੇ ਹਾਸਲ ਕਰਨ ਸਮੇਂ ਝਾਂਸੇ ਵਿਚ ਲੈ ਕੇ ਲੋਕਾਂ ਕੋਲੋਂ ਇੱਕ ਘੋਸ਼ਣਾ ਪੱਤਰ ਵੀ ਲਿਖਤ ਕਰਵਾਇਆ ਜਾਂਦਾ ਸੀ । ਇਹ ਰਕਮ ਅਖੰਡ ਪਾਠ ਦੇ ਨਾਮ ਤੇ ਅਤੇ ਵਾਪਸ ਨਾ ਲੈ ਸਕਣ ਬਾਰੇ ਲਿਖਵਾਇਆ ਜਾਂਦਾ ਸੀ ਪ੍ਰੰਤੂ ਬਾਬਾ ਗੁਰਮੇਲ ਸਿੰਘ ਅਤੇ ਕਮੇਟੀ ਪ੍ਰਬੰਧਕ ਵੱਲੋਂ ਪਹਿਲਾਂ ਤੋਂ ਹੀ ਠੱਗੀ ਮਾਰ ਦੀ ਮਨਸ਼ਾ ਨੂੰ ਰੱਖਦੇ ਹੋਏ ਲੋਕਾਂ ਨੂੰ ਵਿਸ਼ਵਾਸ ਵਿੱਚ ਲੈ ਕੇ ਇਹ ਗੱਲ ਦੱਸੀ ਜਾਂਦੀ ਸੀ । ਜੇਕਰ ਇਨਕਮ ਟੈਕਸ ਵਿਭਾਗ ਵਲੋਂ ਜਾਂ ਕਿਸੇ ਹੋਰ ਅਫ਼ਸਰ ਵੱਲੋਂ ਪੈਸਿਆਂ ਦਾ ਹਿਸਾਬ ਕਿਤਾਬ ਮੰਗਿਆ ਗਿਆ ਤਾਂ ਆਪਾਂ ਘੋਸ਼ਣਾ ਪੱਤਰ ਦਿਖਾ ਦੇਵਾਂਗਾ, ਪ੍ਰੰਤੂ ਹਾਸਲ ਕੀਤੇ ਪੈਸੇ ਵੱਖ ਵੱਖ ਸਕੀਮਾਂ ਤਹਿਤ ਵਾਪਸ ਕਰਨ ਦਾ ਵਿਸ਼ਵਾਸ ਦਿਵਾਇਆ ਜਾਂਦਾ ਸੀ ਅਤੇ ਪੈਸੇ ਹਾਸਲ ਕਰਨ ਵਾਲੇ ਵਿਅਕਤੀ ਨੂੰ ਇਕ ਟੋਕਨ ਨੰਬਰ ਵੀ ਜਾਰੀ ਕੀਤਾ ਜਾਂਦਾ ਸੀ ਅਤੇ ਇਹ ਰਕਮ ਗੁਰਮੇਲ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਕੱਠੀ ਕਰ ਕੇ ਇਹ ਰਕਮ ਬਾਬਾ ਗੁਰਮੇਲ ਸਿੰਘ ਅਤੇ ਕਮੇਟੀ ਪ੍ਰਧਾਨ ਨਾਹਰ ਸਿੰਘ ਮੈਂਬਰ ਅਜੈਬ ਸਿੰਘ ਅਤੇ ਖਜ਼ਾਨਚੀ ਹਾਕਮ ਸਿੰਘ ਆਪਣੇ ਕੋਲ ਰੱਖ ਲੈਂਦੇ ਸਨ । ਇਸ ਤਰ੍ਹਾਂ ਇਨ੍ਹਾਂ ਵਿਅਕਤੀਆਂ ਕੋਲ ਅਗਸਤ ਮਹੀਨੇ ਤੋਂ ਲੈ ਕੇ ਅਕਤੂਬਰ ਤੱਕ ਕਾਫੀ ਵਿਅਕਤੀਆਂ ਕੋਲੋਂ ਕਰੋੜਾਂ ਰੁਪਏ ਇਕੱਠੇ ਕਰਕੇ ਬਾਅਦ ਵਿਚ ਲੋਕਾਂ ਦੇ ਪੈਸੇ ਵਾਪਸ ਕਰਨ ਤੋਂ ਮਨ੍ਹਾ ਕਰ ਦਿੱਤਾ । ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਬਾਬਾ ਗੁਰਮੇਲ ਸਿੰਘ ਅਤੇ ਉਸਦੇ ਸਾਥੀਆਂ ਨੇ ਪਿੰਡ ਕੁਠਾਲਾ ਦੇ ਅਤੇ ਇਲਾਕਾ ਨਿਵਾਸੀਆਂ ਦੇ ਇਲਾਕੇ ਦੇ ਲੋਕਾਂ ਨੂੰ ਵੱਡੀ ਠੱਗੀ ਮਾਰੀ ਹੈ
ਪੁਲੀਸ ਨੇ ਬਾਬਾ ਗੁਰਮੇਲ ਸਿੰਘ ਅਤੇ ਉਸ ਦੇ ਸਾਥੀਆਂ ਤੇ ਕੀਤਾ ਮੁਕੱਦਮਾ ਦਰਜ
ਐੱਸ ਐੱਸ ਪੀ ਸੰਗਰੂਰ ਕੋਲ 19 -12- 2020 ਨੁੰ ਹੰਸ ਰਾਜ ਸਿੰਘ ਪੁੱਤਰ ਨਾਜਰ ਸਿੰਘ ਜਸਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਅਤੇ ਦਵਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਨਿਵਾਸੀ ਕੁਠਾਲਾ ਵੱਲੋਂ ਇਕ ਸ਼ਿਕਾਇਤ ਦਿੱਤੀ ਗਈ। ਸ਼ਿਕਾਇਤ ਦੇ ਆਧਾਰ ਤੇ ਥਾਣਾ ਪੁਲਸ ਸੰਦੌੜ ਵੱਲੋ ਪੂਰੀ ਤਰ੍ਹਾਂ ਪੜਤਾਲ ਕਰਨ ਉਪਰੰਤ ਗੁਰਮੇਲ ਸਿੰਘ ਪੁੱਤਰ ਜੰਗ ਸਿੰਘ ਨਿਵਾਸੀ ਜਲੂਰ ਹਾਲ ਆਬਾਦ ਕੁਠਾਲਾ , ਹਾਕਮ ਸਿੰਘ ਪੁੱਤਰ ਅਮਰੀਕ ਸਿੰਘ ,ਅਜੈਬ ਸਿੰਘ ਪੁੱਤਰ ਭਾਗ ਸਿੰਘ , ਨਾਹਰ ਸਿੰਘ ਪੁੱਤਰ ਦਲੀਪ ਸਿੰਘ ਨਿਵਾਸੀ ਘੁਟਾਲਾ ਅਤੇ 13 ਹੋਰ ਵਿਅਕਤੀਆਂ ਜਿਨ੍ਹਾਂ ਵਿਚ ਹਰਜਿੰਦਰ ਕੌਰ , ਸੁਖਵਿੰਦਰ ਕੌਰ , ਰਾਜਵਿੰਦਰ ਸਿੰਘ ਰੰਗੀਆਂ, ਜਗਤਾਰ ਸਿੰਘ ਰੰਗੀਆਂ, ਚੇਅਰਮੈਨ ਗੁਰਤੇਜ , ਅੰਮ੍ਰਿਤਪਾਲ ਸਿੰਘ, ਬਲਜੀਤ ਸਿੰਘ ,ਸੁਵਿਦਰਪਾਲ ,ਪ੍ਰੈਸ ਰਿਪੋਟਰ ਨਰਿੰਦਰ ਅੱਤਰੀ , ਰਾਜਿੰਦਰ , ਰਾਜੂ ਬੂਟਾ ਸਿੰਘ ਗੋਬਿੰਦਪੁਰਾ , ਜਗਮੇਲ ਸਿੰਘ ਮੈਨੇਜਰ ,ਸ਼ੇਰ ਸਿੰਘ ਰੰਗੀਆਂ ਲੁਧਿਆਣਾ ‘ਪਰਮਿੰਦਰ ਕੌਰ ਪਤਨੀ ਬੂਟਾ ਸਿੰਘ ਦੇ ਖਿਲਾਫ਼ ਧਾਰਾ 420,120B IPC, 4,5 Prize chit&mony Cir. schemev(banning) Act 1978 ਤਹਿਤ ਮੁਕੱਦਮਾ ਦਰਜ ਕੀਤਾ ਗਿਆ ।
ਟੂਡੇ ਨਿਊਜ਼ ਨੇ ਸਭ ਤੋਂ ਪਹਿਲਾਂ ਖੋਲ੍ਹਿਆ ਸੀ ਬਾਬੇ ਦੀ ਠੱਗੀ ਦਾ ਭੇਦ
ਵਰਨਣਯੋਗ ਹੈ ਕਿ ਟੂਡੇ ਨਿਊਜ਼ ਦੀ ਟੀਮ ਨੇ ਸਤੰਬਰ 2020 ਨੂੰ ਸਭ ਤੋਂ ਪਹਿਲਾਂ ਬਾਬਾ ਗੁਰਮੇਲ ਸਿੰਘ ਦੀ ਠੱਗੀ ਦਾ ਭਾਂਡਾ ਚੁਰਾਹੇ ਵਿੱਚ ਭੰਨ ਕੇ ਲੋਕਾਂ ਨੂੰ ਚੌਕਸ ਕਰਨ ਦਾ ਮੁੱਢ ਬੰਨ੍ਹਿਆ ਸੀ। ਬਾਬੇ ਦੀ ਠੱਗੀ ਦੇ ਮੱਕੜਜਾਲ ਦੀ ਸਭ ਤੋਂ ਪਹਿਲੀ ਲਿਖਤੀ ਸ਼ਕਾਇਤ ਵੀ 25 ਸਤੰਬਰ 2020 ਨੂੰ ਡੀਸੀ ਸੰਗਰੂਰ ਅਤੇ ਐਸ ਐਸ ਪੀ ਸੰਗਰੂਰ ਨੂੰ ਭੇਜ ਕੇ ਲੋਕਾਂ ਨੂੰ ਠੱਗੀ ਤੋਂ ਬਚਾਉਣ ਅਤੇ ਦੋਸ਼ੀਆਂ ਤੇ ਕਾਨੂੰਨੀ ਸ਼ਿਕੰਜਾ ਕਸਣ ਦੀ ਮੰਗ ਕੀਤੀ ਸੀ।.
Advertisement