ਹਫਤੇ ਦੇ ਸਾਰੇ ਦਿਨ 24 ਘੰਟੇ ਲਈ ਚਾਲੂ ਰਹੇਗੀ ਹੈਲਪਲਾਈਨ ਸੇਵਾ
ਕੋਵਿਡ ਸੇਵਾਵਾਂ ਦੀ ਜਾਣਕਾਰੀ ਲਈ 01679 – 230032 ਤੇ 75280-34032 ਨੰਬਰਾਂ ’ਤੇ ਕੀਤਾ ਜਾਵੇ ਸੰਪਰਕ
ਰਘਵੀਰ ਹੈਪੀ , ਬਰਨਾਲਾ, 13 ਮਈ 2021
ਕੋਵਿਡ ਮਹਾਮਾਰੀ ਦੇ ਮੱਦੇਨਜ਼ਰ ਜ਼ਿਲਾ ਪ੍ਰਸ਼ਾਸਨ ਬਰਨਾਲਾ ਵੱਲੋਂ ਡਿਪਟੀ ਕਸ਼ਿਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਦੀ ਅਗਵਾਈ ਹੇਠ ਜ਼ਿਲਾ ਵਾਸੀਆਂ ਲਈ ਕੀਤੇ ਬਚਾਅ ਉਪਰਾਲਿਆਂ ਅਤੇ ਸਿਹਤ ਸਹੂਲਤਾਂ ਪ੍ਰਤੀ ਜਾਣਕਾਰੀ ਦੇਣ ਦੇ ਉਦੇਸ਼ ਨਾਲ ਆਮ ਲੋਕਾਂ ਦੀ ਸਹੂਲਤ ਲਈ ‘ਕੋਵਿਡ ਹੈਲਪਲਾਈਨ’ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਪ ਮੰਡਲ ਮੈਜਿਟ੍ਰੇਟ ਬਰਨਾਲਾ ਸ੍ਰੀ ਵਰਜੀਤ ਵਾਲੀਆ ਨੇ ਦੱਸਿਆ ਕਿ ਕਰੋਨਾ ਵਾਇਰਸ ਦੇ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਜ਼ਿਲਾ ਵਾਸੀਆਂ ਦੀ ਸਹੂਲਤ ਲਈ 24 ਘੰਟੇ ਕੋਵਿਡ ਹੈਲਪਲਾਈਨ ਸੇਵਾ ਸ਼ੁਰੂ ਕੀਤੀ ਗਈ ਹੈ, ਜਿਸ ਵਿਚ ਤਿੰਨ-ਤਿੰਨ ਘੰਟੇ ਦੀਆਂ ਸ਼ਿਫਟਾਂ ਵਿਚ 24 ਘੰਟੇ ਕਰਮਚਾਰੀ ਜ਼ਿਲਾ ਵਾਸੀਆਂ ਦੀਆਂ ਕਾਲਾਂ ਦਾ ਜਵਾਬ ਦੇਣਗੇ ਅਤੇ ਲੋੜੀਂਦੀ ਜਾਣਕਾਰੀ ਮੁਹੱਈਆ ਕਰਾਉਣਗੇ। ਉਨਾਂ ਦੱਸਿਆ ਕਿ ਇਸ ਹੈਲਪਲਾਈਨ ਦੇ ਦੋ ਨੰਬਰ 01679-230032 ਅਤੇ 75280-34032 ਹਨ, ਜੋ 24 ਘੰਟੇ ਜ਼ਿਲਾ ਵਾਸੀਆਂ ਦੀ ਸਹੂਲਤ ਲਈ ਚਾਲੂ ਰਹਿਣਗੇ।
ਇਸ ਮੌਕੇ ਕੋਵਿਡ ਹੈਲਪਲਾਈਨ ਦੇ ਨੋਡਲ ਅਫਸਰ ਚਰਨਜੀਤ ਸਿੰਘ ਕੈਂਥ (ਮੁੱਖ ਖੇਤੀਬਾੜੀ ਅਫਸਰ) ਨੇ ਦੱਸਿਆ ਕਿ ਇਹ ਹੈਲਪਲਾਈਨ ਸੇਵਾ ਦਫਤਰ ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਦੇ ਕਮਰਾ ਨੰਬਰ 5 ਵਿਖੇ ਸਥਾਪਿਤ ਕੀਤੀ ਗਈ ਹੈ, ਜਿਸ ਰਾਹੀਂ ਸ਼ਨਿਚਰਵਾਰ ਅਤੇ ਐਤਵਾਰ ਸਮੇਤ ਹਫਤੇ ਦੇ ਸਾਰੇ ਦਿਨ ਸੇਵਾਵਾਂ ਜਾਰੀ ਰਹਿਣਗੀਆਂ ਤਾਂ ਜੋ ਆਮ ਲੋਕਾਂ ਵੱਲੋਂ ਕੋਵਿਡ ਦੇ ਮੱਦੇਨਜ਼ਰ ਜਾਣਕਾਰੀ ਲਈ ਜਾ ਸਕੇ। ਉਨਾਂ ਦੱਸਿਆ ਕਿ ਇਸ ਸੇਵਾ ਦੀ ਲਗਾਤਾਰ ਨਿਗਰਾਨੀ ਲਈ ਡਿਊਟੀ ਅਮਲੇ ਤੋਂ ਇਲਾਵਾ ਸੁਪਰਵਾਈਜ਼ਰ ਵੀ ਲਾਏ ਗਏ ਹਨ।
ਉਨਾਂ ਦੱਸਿਆ ਕਿ ਇਸ ਹੈਲਪਲਾਈਨ ਰਾਹੀਂ ਕਰੋਨਾਂ ਸਬੰਧੀ ਸਿਹਤ ਸੇਵਾਵਾਂ ਬਾਰੇ ਜਾਣਕਾਰੀ ਜਿਵੇਂ ਕਿ ਟੀਕਾਕਰਨ ਪ੍ਰਕਿਰਿਆ, ਟੀਕਾਕਰਨ ਕੇਂਦਰ, ਸੈਂਪਿਗ ਸਬੰਧੀ, ਕਰੋਨਾ ਮਰੀਜ਼ਾਂ ਲਈ ਬੈੱਡ ਦੀ ਉਪਲੱੱਬਧਤਾ, ਆਕਸੀਜਨ ਸਪਲਾਈ, ਐਂਬੂਲੈਂਸ ਸੇਵਾਵਾਂ ਅਤੇ ਹੋਰ ਸਬੰਧੀ ਸੇਵਾਵਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।