ਕਿਸੇ ਨੂੰ ਵੀ ਸਿਲੰਡਰਾਂ ਦੀ ਜਮ੍ਹਾਂਖੋਰੀ, ਦੂਰ ਵਰਤੋਂ ਕਰਨ ਦੀ ਆਗਿਆ ਨਹੀਂ : ਡਿਪਟੀ ਕਮਿਸ਼ਨਰ
ਹਰਿੰਦਰ ਨਿੱਕਾ , ਬਰਨਾਲਾ, ਮਈ 13 , 2021
ਕੋਰੋਨਾ ਮਹਾਂਮਾਰੀ ਕਾਰਨ ਬਿਮਾਰ ਪੈ ਰਹੇ ਮਰੀਜ਼ਾਂ ਲਈ ਵੱਧ ਰਹੀ ਆਕਸੀਜਨ ਸਿਲੰਡਰਾਂ ਦੀ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਆਦੇਸ਼ਾਂ ਅਨੁਸਾਰ 125 ਆਕਸੀਜਨ ਸਿਲੰਡਰ ਜ਼ਬਤ ਕੀਤੇ ਗਏ, ਜਿਹੜੇ ਕਿ ਗੈਰ-ਮੈਡੀਕਲ ਮੰਤਵ ਲਈ ਇਸਤੇਮਾਲ ਹੋ ਰਹੇ ਸਨ। ਡਿਪਟੀ ਕਮਿਸ਼ਨਰ ਅਨੁਸਾਰ ਕਿਸੇ ਨੂੰ ਵੀ ਸਿਲੰਡਰਾਂ ਦੀ ਜਮ੍ਹਾਂਖੋਰੀ, ਦੂਰ ਵਰਤੋਂ ਕਰਨ ਦੀ ਆਗਿਆ ਨਹੀਂ ਹੈ।
ਇਹ ਸਾਰੀ ਕਾਰਵਾਈ ਕਾਰਦਿਆਂ ਉਪ ਮੰਡਲ ਮੈਜਿਸਟ੍ਰੇਟ ਸ਼੍ਰੀ ਵਰਜੀਤ ਵਾਲੀਆ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵਲੋਂ ਹੁਕਮ ਜਾਰੀ ਕੀਤੇ ਗਏ ਸਨ ਕਿ ਆਕਸੀਜਨ ਸਿਲੰਡਰਾਂ ਦੀ ਵਰਤੋਂ ਗੈਰ-ਮੈਡੀਕਲ ਕੰਮ ਲਈ ਨਹੀਂ ਕੀਤੀ ਜਾ ਸਕਦੀ। ਇਸੇ ਤਰ੍ਹਾਂ ਸਿਲੰਡਰਾਂ ਦੀ ਜਮ੍ਹਾਂਖੋਰੀ ਖਿਲਾਫ਼ ਵੀ ਸਖਤੀ ਕੀਤੀ ਗਈ ਹੈ। ਇਸ ਦਾ ਮੁੱਖ ਮੰਤਵ ਚੰਗੀ ਮਾਤਰਾ ਚ ਸਿਲੰਡਰ ਲੋੜਵੰਦਾਂ ਨੂੰ ਆਕਸੀਜਨ ਦੇਣ ਲਈ ਵਰਤਣਾ ਹੈ ਤਾਂ ਜੋ ਕਿਸੇ ਵੀ ਮਰੀਜ਼ ਦੇ ਇਲਾਜ ਚ ਕੋਈ ਦਿੱਕਤ ਨਾ ਆਵੇ।
ਸ਼੍ਰੀ ਵਾਲੀਆ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਕੋਲ ਆਪਣਾ ਕੋਈ ਵੀ ਆਕਸੀਜਨ ਬਣਾਉਣ ਵਾਲੀ ਸਨਅਤ ਨਹੀਂ ਹੈ। ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਆਪਣੇ ਟਰੱਕ ਮੰਡੀ ਗੋਬਿੰਦਗੜ੍ਹ ਭੇਜੇ ਜਾਂਦੇ ਹਨ, ਜਿੱਥੋਂ ਖਾਲੀ ਸਿਲੰਡਰ ਭਰਵਾਏ ਜਾਂਦੇ ਹਨ। ਇਕ ਵਾਰੀ ਟਰੱਕ ਨੂੰ ਮੰਡੀ ਗੋਬਿੰਦਗੜ੍ਹ ਜਾ ਕੇ ਸਿਲੰਡਰ ਭਰਵਾ ਕੇ ਵਾਪਸ ਆਉਣ ਚ 20 ਘੰਟੇ ਲੱਗਦੇ ਹਨ। ਸਿਲੰਡਰਾਂ ਦੀ ਰੋਜ਼ਾਨਾ ਖਪਤ ਚਾਰ ਗੁਣਾ ਜ਼ਿਆਦਾ ਵੱਧ ਗਈ ਹੈ।
ਉਨ੍ਹਾਂ ਦੱਸਿਆ ਕਿ ਅਮੁੱਲ ਜਾਨਾਂ ਨੂੰ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਖਤੀ ਕਰਦਿਆਂ ਆਕਸੀਜਨ ਦੇ ਸਿਲੰਡਰ ਵੱਖ-ਵੱਖ ਥਾਵਾਂ ਤੋਂ ਇਕੱਠੇ ਕੀਤੇ ਜਾ ਰਹੇ ਹਨ। ਇਨ੍ਹਾਂ ਚ ਗੱਡੀਆਂ ਰੈਪਰ ਦੀਆਂ ਦੁਕਾਨਾਂ, ਵੱਖ-ਵੱਖ ਛੋਟੇ ਕਾਰਖਾਨੇ ਅਤੇ ਹੋਰ ਯੂਨਿਟਾਂ ਸ਼ਾਮਲ ਹਨ ਜਿਨ੍ਹਾਂ ਤੋਂ 125 ਆਕਸੀਜਨ ਸਿਲੰਡਰ ਵਾਪਸ ਲਾਏ ਗਏ। ਉਨ੍ਹਾਂ ਦੱਸਿਆ ਕਿ ਪਿਛਲੇ 14 ਦਿਨਾਂ ਚ ਆਕਸੀਜਨ ਸਿਲੰਡਰਾਂ ਦੀ ਮੰਗ 50 ਪ੍ਰਤੀ ਦਿਨ ਤੋਂ 200 ਪ੍ਰਤੀ ਦਿਨ ਵੱਧ ਗਈ ਹੈ।
ਉਪ ਮੰਡਲ ਮੈਜਿਸਟ੍ਰੇਟ ਸ਼੍ਰੀ ਵਰਜੀਤ ਵਾਲੀਆ ਅਤੇ ਡੀ ਐੱਸ ਪੀ ਸ਼੍ਰੀ ਲਾਜਵੀਰ ਟਿਵਾਣਾ ਵਲੋਂ ਦੋ ਟੀਮਾਂ ਤਹਿਸੀਲਦਾਰ ਅਤੇ ਐੱਸ ਐਚ ਓ ਸਮੇਤ ਬਣਾਈਆਂ ਗਈਆਂ, ਜਿਨ੍ਹਾਂ ਨੇ ਇਹ ਸਾਰੇ ਸਿਲੰਡਰ ਇਕੱਠੇ ਕੀਤੇ ਜਿਹੜੇ ਕਿ ਗੈਰ-ਮੈਡੀਕਲ ਕੰਮਾਂ ਚ ਵਰਤੇ ਜਾ ਰਹੇ ਸਨ।