ਸਰਕਾਰਾਂ ਕਰੋਨਾ ਪ੍ਰਬੰਧਨ ‘ਚ ਬੁਰੀ ਤਰ੍ਹਾਂ ਨਾਕਾਮ; ਜਾਨਾਂ ਨਾਲੋਂ ਆਪਣਾ ਅਕਸ ਬਚਾਉਣ ਦੀ ਚਿੰਤਾ: ਕਿਸਾਨ ਆਗੂ

Advertisement
Spread information

ਬਰਨਾਲਾ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ , 225ਵੇਂ ਦਿਨ, ਖਰਾਬ ਮੌਸਮ ਦੇ ਬਾਵਜੂਦ ਵੀ ਪੂਰੇ ਰੋਹ ਤੇ ਜੋਸ਼ ਨਾਲ ਜਾਰੀ

ਪਰਦੀਪ ਕਸਬਾ  , ਬਰਨਾਲਾ: 13 ਮਈ, 2021

             ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਬਰਨਾਲਾ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 225ਵੇਂ ਦਿਨ, ਖਰਾਬ ਮੌਸਮ ਦੇ ਬਾਵਜੂਦ ਵੀ ਪੂਰੇ ਰੋਹ ਤੇ ਜੋਸ਼ ਨਾਲ ਜਾਰੀ ਰਿਹਾ। ਅੱਜ ਕਰੋਨਾ ਪ੍ਰਬੰਧਨ ਬਾਰੇ ਸਰਕਾਰਾਂ ਦੀ ਨਾਕਾਮੀ ਦਾ ਮੁੱਦਾ ਭਾਰੂ ਰਿਹਾ।
ਧਰਨੇ ਨੂੰ  ਬਲਵੰਤ ਸਿੰਘ ਉਪਲੀ, ਬਾਬੂ ਸਿੰਘ ਖੁੱਡੀ ਕਲਾਂ, ਦਰਸ਼ਨ ਸਿੰਘ ਉਗੋਕੇ,  ਗੁਰਦੇਵ ਮਾਂਗੇਵਾਲ,ਮਨਜੀਤ ਰਾਜ, ਹਰਚਰਨ ਚੰਨਾ, ਗੁਰਚਰਨ ਭੋਤਨਾ, ਬਲਜੀਤ ਚੌਹਾਨਕੇ, ਅਮਰਜੀਤ ਕੌਰ ਤੇ ਬਿੱਕਰ ਸਿੰਘ ਔਲਖ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਕਰੋਨਾ ਪ੍ਰਬੰਧਨ ਨੇ ਸਰਕਾਰਾਂ ਦੇ ਲੋਕ-ਵਿਰੋਧੀ ਚਿਹਰੇ ਨੂੰ  ਪੂਰੀ ਤਰ੍ਹਾਂ ਨੰਗਾ ਕਰ ਦਿੱਤਾ ਹੈ। ਕੇਂਦਰ ਸਰਕਾਰ ਨੇ ਜੋ ਵੈਂਟੀਲੇਟਰ ਸਪਲਾਈ ਕੀਤੇ, ਉਨਾਂ ਚੋਂ ਬਹੁ-ਗਿਣਤੀ ਵੈਂਟੀਲੇਟਰ ਖਰਾਬ ਨਿਕਲੇ। ਪੰਜਾਬ ਸਰਕਾਰ ਨੇ ਇਹ ਜਿੰਦਗੀ ਬਚਾਊ ਮਸ਼ੀਨਾਂ ਸਾਲ ਭਰ ਡੱਬਿਆਂ ਵਿਚੋਂ ਹੀ ਨਹੀਂ ਕੱਢੀਆਂ। ਇਹ ਕਿਸ ਦੀ ਜਿੰਮੇਵਾਰੀ ਸੀ ਕਿ ਇਨ੍ਹਾਂ ਮਸ਼ੀਨਾਂ ਦੀ ਫਿੱਟਨੈੱਸ ਪਹਿਲਾਂ ਚੈਕ ਕੀਤੀ ਜਾਂਦੀ। ਇਨ੍ਹਾਂ ਮਸ਼ੀਨਾਂ ਨੂੰ ਚਲਾਉਣ ਵਾਲਾ ਸਟਾਫ ਭਰਤੀ ਕਿਉਂ ਨਹੀਂ ਕੀਤਾ ਗਿਆ? ਆਕਸੀਜਨ ਪਲਾਂਟ  ਕਿਉਂ ਨਹੀਂ ਲਾਏ ਗਏ ਅਤੇ ਇਨ੍ਹਾਂ ਨੂੰ ਲਾਉਣ ਦੀ ਜਿੰਮੇਵਾਰੀ ਕਿਸ ਦੀ ਸੀ?
ਕਿਸਾਨ ਆਗੂਆਂ ਨੇ ਕਿਹਾ ਕਿ ਸਾਡੀਆਂ ਸਰਕਾਰਾਂ ਨੂੰ ਲੋਕਾਂ ਦੀਆਂ ਜਿੰਦਗੀਆਂ ਨਾਲ ਕੋਈ ਸਰੋਕਾਰ ਨਹੀਂ। ਸਰਕਾਰਾਂ ਸਿਰਫ ਚੰਦ ਘਰਾਣਿਆਂ ਦੇ ਹਿੱਤਾਂ ਦੀ ਰਾਖੀ ਕਰਦੀਆਂ ਹਨ। ਸਾਨੂੰ ਆਪਣੀ ਰਾਖੀ ਆਪ ਕਰਨੀ ਪੈਣੀ ਹੈ।ਕਰੋਨਾ ਨੂੰ ਸਰਕਾਰਾਂ ਆਪਣੇ ਸਿਆਸੀ ਹਿੱਤਾਂ ਲਈ ਵਰਤ ਰਹੀਆਂ ਹਨ। ਹੁਣ ਜਦੋਂ ਹਾਲਾਤ ਖਰਾਬ ਹੋ ਰਹੇ ਹਨ ਤਾਂ ਸਰਕਾਰ ਨੂੰ ਲੋਕਾਂ ਦੀਆਂ ਜਿੰਦਗੀਆਂ ਬਚਾਉਣ ਨਾਲੋਂ ਆਪਣਾ ਅਕਸ ਬਚਾਉਣ ਦੀ ਵਧੇਰੇ ਚਿੰਤਾ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਦਾ ਅੜੀਅਲ ਵਤੀਰਾ ਸਾਡੇ ਇਰਾਦੇ ਨੂੰ ਹੋਰ ਮਜਬੂਤੀ ਬਖਸ਼ ਰਿਹਾ ਹੈ।ਸਰਕਾਰ ਇਖਲਾਕੀ ਤੌਰ ‘ਤੇ ਹਾਰ ਚੁੱਕੀ ਹੈ ਅਤੇ ਕਾਲੇ ਖੇਤੀ ਕਾਨੂੰਨਾਂ ਬਾਰੇ ਉਠਾਏ ਸਾਡੇ ਸਵਾਲਾਂ ਦਾ ਸਰਕਾਰ ਕੋਲ ਕੋਈ ਜਵਾਬ ਨਹੀਂ।  ਸਰਕਾਰ ਦਾ ਹੱਠ ਉਸ ਦੀ ਕਮਜੋਰੀ ਤੇ ਇਖਲਾਕੀ ਹਾਰ ਦੀ ਸੂਚਕ ਹੈ। ਦੇਰ ਜਾਂ ਸਵੇਰ ਸਰਕਾਰ ਨੂੰ ਇਹ ਕਾਲੇ ਕਾਨੂੰਨ ਰੱਦ ਕਰਨੇ ਹੀ ਪੈਣਗੇ। ਗੁਰਚਰਨ ਸਿੰਘ ਭੋਤਨਾ ਤੇ ਭੋਲਾ ਸਿੰਘ ਨੇ ਗੀਤ ਸੁਣਾਏ।

Advertisement
Advertisement
Advertisement
Advertisement
Advertisement
Advertisement
error: Content is protected !!